ਕੋਰੋਨਾ ਦੇ ਵੱਧਦੇ ਕਦਮ, ਪੰਜਾਬ ਦੇ ਇਸ ਸ਼ਹਿਰ 'ਚ ਲੱਗਿਆ ਕਰਫ਼ਿਊ
Thursday, Aug 27, 2020 - 03:27 PM (IST)
ਅੰਮ੍ਰਿਤਸਰ (ਸੁਮਿਤ ਖੰਨਾ,ਰਮਨ) : ਵਧੀਕ ਡਿਪਟੀ ਕਮਿਸ਼ਨਰ ਡਾ. ਹਿਮਾਸ਼ੂੰ ਅਗਰਵਾਲ ਨੇ ਜ਼ਿਲ੍ਹੇ 'ਚ ਵੱਧ ਰਹੀ ਕੋਰੋਨਾ ਲਾਗ ਦੀ ਬੀਮਾਰੀ (ਮਹਾਮਾਰੀ) 'ਤੇ ਚਿੰਤਾ ਪ੍ਰਗਟ ਕਰਦੇ ਜ਼ਿਲ੍ਹਾ ਵਾਸੀਆਂ ਨੂੰ ਸਿਹਤ ਮਹਿਕਮੇ ਦੀਆਂ ਹਿਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਸਾਡੇ ਜ਼ਿਲ੍ਹੇ 'ਚ ਰੋਜ਼ਾਨਾ ਔਸਤਨ 50 ਮਰੀਜ਼ ਹੀ ਆਉਂਦੇ ਸਨ ਪਰ ਹੁਣ ਇਹ ਗਿਣਤੀ ਔਸਤ ਦੇ ਹਿਸਾਬ ਨਾਲ 65 ਮਰੀਜ਼ ਰੋਜ਼ਾਨਾ ਹੋਈ ਹੈ। 24 ਅਗਸਤ ਨੂੰ ਇਕੋ ਦਿਨ 100 ਤੋਂ ਵੱਧ ਕੋਰੋਨਾ ਪਾਜ਼ੇਟਿਵ ਕੇਸ ਹੀ ਜ਼ਿਲ੍ਹੇ 'ਚ ਆਏ ਹਨ, ਜੋ ਕਿ ਖ਼ਤਰੇ ਦੀ ਘੰਟੀ ਹੈ। ਉਨ੍ਹਾਂ ਕਿਹਾ ਕਿ ਇਸ ਲਗਾਤਾਰ ਹੋ ਰਹੇ ਵਾਧੇ ਨੂੰ ਰੋਕਣ ਲਈ ਜ਼ਰੂਰੀ ਹੈ ਕਿ ਲੋਕ ਸਰਕਾਰ ਵੱਲੋਂ ਲਗਾਏ ਗਏ ਜ਼ਾਬਤੇ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਣ ਅਤੇ ਸਿਹਤ ਮਹਿਕਮੇ ਦੀਆਂ ਹਿਦਾਇਤਾਂ ਦੀ ਪਾਲਣਾ ਕਰਨ। ਕੋਰੋਨਾ ਕਾਰਨ ਪੰਜਾਬ ਦੇ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਮੋਹਾਲੀ ਅਤੇ ਪਟਿਆਲਾ ਜ਼ਿਲ੍ਹੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਹਨ। ਪਿਛਲੇ ਦਿਨਾਂ ਕੈਪਟਨ ਅਮਰਿੰਦਰ ਸਿੰਘ ਵਲੋਂ ਹੋਰ ਸਖ਼ਤੀ ਕਰਨ ਦੇ ਸੰਕੇਤ ਦਿੱਤੇ ਸਨ। ਇਸੇ ਦੇ ਮੱਦੇਨਜ਼ਰ ਅੱਜ ਡਾ. ਹਿਮਾਸ਼ੂੰ ਨੇ ਦੱਸਿਆ ਕਿ ਇਸ ਵੇਲੇ ਸ਼ਹਿਰ 'ਚ 6 ਇਲਾਕੇ ਮਾਈਕ੍ਰੋ ਕੰਟੇਨਮੈਂਟ ਜੋਨ ਐਲਾਨੇ ਜਾ ਚੁੱਕੇ ਹਨ, ਜਿੱਥੇ ਕਿ ਲਗਾਤਾਰ 10 ਦਿਨ ਕਰਫ਼ਿਊ ਰਹੇਗਾ ਅਤੇ ਜ਼ਰੂਰੀ ਵਸਤਾਂ ਦੀ ਸਪਲਾਈ ਨੂੰ ਛੱਡ ਕੇ ਕਿਸੇ ਵੀ ਗਤੀਵਿਧੀ 'ਤੇ ਰੋਕ ਰਹੇਗੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਇਲਾਕਿਆਂ 'ਚ ਬ੍ਰਹਮ ਨਗਰ, ਗੋਪਾਲ ਨਗਰ, ਜਵਾਹਰ ਨਗਰ, ਗਲੀ ਕੱਕਿਆਂ ਵਾਲੀ, ਸ਼ਿਮਲਾ ਮਾਰਕੀਟ ਅਤੇ ਕੱਟੜਾ ਬੱਘੀਆਂ ਆਦਿ ਸ਼ਾਮਿਲ ਹਨ।
ਇਹ ਵੀ ਪੜ੍ਹੋ : ਸਕੈਨਿੰਗ ਸੈਂਟਰਾਂ ਨੂੰ ਕੋਵਿਡ19 ਦੇ ਸ਼ੱਕੀ ਮਰੀਜਾਂ ਦਾ ਡਾਟਾ ਜ਼ਿਲ੍ਹਾ ਪ੍ਰਸ਼ਾਸਨ ਨੂੰ ਦੇਣ ਦੀ ਹਿਦਾਇਤ
ਰੋਜ਼ਾਨਾ ਸ਼ਾਮ 7 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫ਼ਿਊ
ਉਨਾਂ ਦੱਸਿਆ ਕਿ ਇਸ ਵੇਲੇ ਸਰਕਾਰ ਵੱਲੋਂ ਸ਼ਨੀਵਾਰ ਅਤੇ ਐਤਵਾਰ ਨੂੰ ਮੁਕੰਮਲ ਕਰਫ਼ਿਊੂ, ਰੋਜ਼ਾਨਾ ਸ਼ਾਮ 7 ਵਜੇ ਤੋਂ ਸਵੇਰੇ 5 ਵਜੇ ਤੱਕ ਲਗਾਇਆ ਗਿਆ ਹੈ। ਇਸ 'ਚ ਡਾਕਟਰੀ ਮਦਦ, ਮੁਸਾਫਰਾਂ ਅਤੇ ਵਸਤੂਆਂ ਦੀ ਗਤੀਵਿਧੀਆ ਆਦਿ ਦੀ ਇਜਾਜ਼ਤ ਹੈ ਪਰ ਗੈਰ ਜ਼ਰੂਰੀ ਗਤੀਵਿਧੀਆਂ 'ਤੇ ਪੂਰੀ ਤਰ੍ਹਾਂ ਰੋਕ ਰਹੇਗੀ। ਇਸੇ ਤਰ੍ਹਾਂ ਰੋਜ਼ਾਨਾ 50 ਫੀਸਦੀ ਦੁਕਾਨਾਂ ਹੀ ਖੋਲ੍ਹੀਆਂ ਜਾ ਰਹੀਆਂ ਹਨ। ਚਾਰ ਪਹੀਆ ਵਾਹਨਾਂ 'ਤੇ ਤਿੰਨ ਸਵਾਰੀਆਂ ਅਤੇ ਬੱਸਾਂ 50 ਫੀਸਦੀ ਸੀਟਾਂ ਨਾਲ ਹੀ ਚੱਲ ਸਕਦੀਆਂ ਹਨ। ਇਸੇ ਤਰ੍ਹਾਂ ਸਰਕਾਰੀ ਅਤੇ ਨਿੱਜੀ ਦਫਤਰ 50 ਫੀਸਦੀ ਸਟਾਫ ਨਾਲ ਚਲਾਉਣ ਦੇ ਹੁੱਕਮ ਹਨ।
ਇਹ ਵੀ ਪੜ੍ਹੋ : ਬਜ਼ੁਰਗ ਮਾਂ ਨੂੰ ਹਾਈਵੇਅ 'ਤੇ ਸੁੱਟਣ ਵਾਲੇ ਪੁੱਤ-ਨੂੰਹ ਆਏ ਕੈਮਰੇ ਸਾਹਮਣੇ, ਰੱਖਿਆ ਆਪਣਾ ਪੱਖ
ਡਾ. ਹਿਮਾਸ਼ੂੰ ਨੇ ਲੋਕਾਂ ਨੂੰ ਕੀਤੀ ਅਪੀਲ
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਵੱਲੋਂ ਜ਼ਿਲ੍ਹੇ 'ਚ ਹਰੇਕ ਤਰ੍ਹਾਂ ਦੇ ਇਕੱਠ ਜਿਸ 'ਚ ਸਮਾਜਿਕ, ਰਾਜਸੀ ਆਦਿ ਸ਼ਾਮਿਲ ਹਨ, 'ਤੇ ਪੂਰੀ ਤਰ੍ਹਾਂ ਰੋਕ ਲਗਾਈ ਜਾ ਚੁੱਕੀ ਹੈ। ਵਿਆਹ ਸਮਾਗਮਾਂ 'ਤੇ ਸਿਰਫ਼ 30 ਲੋਕ ਅਤੇ ਅੰਤਿਮ ਸੰਸਕਾਰ ਮੌਕੇ ਸਿਰਫ਼ 20 ਲੋਕਾਂ ਦੀ ਇਜਾਜ਼ਤ ਹੈ। ਹਿਮਾਸ਼ੂੰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਜ਼ਿਲ੍ਹੇ ਨੂੰ ਕੋਰੋਨਾ ਦੇ ਪ੍ਰਕੋਪ ਤੋਂ ਬਚਾਉਣ ਲਈ ਸਿਹਤ ਮਹਿਕਮੇ ਦੀਆਂ ਹਿਦਾਇਤਾਂ ਦੀ ਪਾਲਣਾ ਯਕੀਨੀ ਬਨਾਉਣ, ਇਸੇ 'ਚ ਉਨਾਂ ਦੀ ਅਤੇ ਉਨਾਂ ਦੇ ਪਰਿਵਾਰ ਦੀ ਭਲਾਈ ਹੈ।