ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਕਰਫ਼ਿਊ ਹਦਾਇਤਾਂ ਦੀ ਪਾਲਣਾ ਜਰੂਰੀ: ਡਾ. ਮਹਿਤਾਬ ਸਿੰਘ

Thursday, Apr 30, 2020 - 08:52 PM (IST)

ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਕਰਫ਼ਿਊ ਹਦਾਇਤਾਂ ਦੀ ਪਾਲਣਾ ਜਰੂਰੀ: ਡਾ. ਮਹਿਤਾਬ ਸਿੰਘ

ਜੈਤੋ,(ਵੀਰਪਾਲ/ਗੁਰਮੀਤਪਾਲ)- ਪੰਜਾਬ 'ਚ ਕੋਰੋਨਾ ਵਾਇਰਸ (ਕੋਵਿਡ-19) ਨੂੰ ਹੋਰ ਜ਼ਿਆਦਾ ਫੈਲਣ ਤੋਂ ਰੋਕਣ ਲਈ ਕੇਂਦਰ ਸਰਕਾਰ ਵੱਲੋਂ ਲਾਕਡਾਊਨ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੂਰੇ ਸੂਬੇ ਵਿਚ ਜੋ ਕਰਫ਼ਿਊ ਲਗਾਇਆ ਗਿਆ ਸੀ ਉਸ ਵਿੱਚ 2 ਹਫ਼ਤਿਆਂ ਦਾ ਹੋਰ ਵਾਧਾ ਕਰ ਦਿੱਤਾ ਗਿਆ ਹੈ। ਉਨ੍ਹਾਂ ਦੁਆਰਾ ਕੱਲ ਕਰਫ਼ਿਊ ਵਿੱਚ ਕੁੱਝ ਢਿੱਲ ਕਰਨ ਬਾਰੇ ਫੈਸਲਾ ਲਿਆ ਗਿਆ ਹੈ। ਪਰ ਜ਼ਿਲਾ ਫਰੀਦਕੋਟ ਦੇ ਡਿਪਟੀ ਕਮਿਸ਼ਨਰ ਕੁਮਾਰ ਸੌਰਭ ਰਾਜ ਵੱਲੋਂ ਜ਼ਿਲੇ 'ਚ ਕੋਰੋਨਾ ਦੇ ਵਧੇ ਮਰੀਜ਼ਾਂ ਕਾਰਨ ਕਰਫ਼ਿਊ ਵਿੱਚ ਢਿੱਲ ਦੇਣ ਬਾਰੇ ਕੋਈ ਹਦਾਇਤ ਨਹੀਂ ਜਾਰੀ ਕੀਤੀ ਗਈ ਹੈ। ਜਿਸਦੇ ਚਲਦਿਆਂ ਸਬ-ਡਵੀਜ਼ਨ ਜੈਤੋ ਦੇ ਏ.ਐੱਸ.ਪੀ. ਡਾ. ਮਹਿਤਾਬ ਸਿੰਘ (ਆਈ.ਪੀ.ਐੱਸ.) ਅਤੇ ਐੱਸ.ਐੱਚ.ਓ. ਇੰਸਪੈਕਟਰ ਦਲਜੀਤ ਸਿੰਘ ਦੀ ਅਗਵਾਈ ਵਿਚ ਟ੍ਰੈਫ਼ਿਕ ਪੁਲਸ ਦੇ ਇੰਚਾਰਜ਼ ਸਵਰਨਜੀਤ ਸਿੰਘ ਸੇਖੋਂ ਸਮੇਤ ਵੱਡੀ ਗਿਣਤੀ ਵਿਚ ਪੁਲਸ ਵੱਲੋਂ ਜੈਤੋ ਦੇ ਬਾਜ਼ਾਰਾਂ 'ਚ ਫ਼ਲੈਗ ਮਾਰਚ ਕੱਢਿਆ ਗਿਆ।
ਇਸ ਮੌਕੇ ਲੋਕਾਂ ਨੂੰ ਅਪੀਲ ਕਰਦੇ ਹੋਏ ਏ.ਐੱਸ.ਪੀ. ਡਾ. ਮਹਿਤਾਬ ਸਿੰਘ ਨੇ ਕਿਹਾ ਕਿ ਇਹ ਕਰਫ਼ਿਊ ਕੋਰੋਨਾ ਵਾਇਰਸ ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਲਈ ਲਗਾਇਆ ਗਿਆ ਹੈ ਤਾਂ ਜੋ ਪੰਜਾਬ ਵਾਸੀਆਂ ਨੂੰ ਇਸ ਮਹਾਂਮਾਰੀ ਤੋਂ ਬਚਾਇਆ ਜਾ ਸਕੇ। ਪੂਰੇ ਵਿਸ਼ਵ ਦੇ ਡਾਕਟਰਾਂ ਦੀ ਜੇਕਰ ਮੰਨੀਏ ਤਾਂ ਉਹਨਾਂ ਨੇ ਕਿਹਾ ਕਿ ਸਮਾਜਿਕ ਦੂਰੀ ਬਣਾ ਕੇ ਹੀ ਬਿਮਾਰੀ ਤੋਂ ਲੋਕਾਂ ਨੂੰ ਬਚਾਇਆ ਜਾ ਸਕਦਾ ਹੈ। ਉਨ੍ਹਾਂ ਇਲਾਕੇ ਨਿਵਾਸੀਆਂ ਨੂੰ ਇਹ ਵੀ ਅਪੀਲ ਕਰਦਿਆ ਕਿਹਾ ਉਹ ਪੰਜਾਬ ਸਰਕਾਰ ਵੱਲੋਂ ਲਗਾਏ ਗਏ ਕਰਫਿਊ ਦੌਰਾਨ ਪੂਰਾ ਸਹਿਯੋਗ ਕਰਨ ਅਤੇ ਆਪਣੇ ਘਰਾਂ ਤੋਂ  ਬਾਹਰ ਨਾ ਆਉਣ । ਇਸ ਮੌਕੇ ਐੱਸ.ਐੱਚ.ਓ. ਇੰਸਪੈਕਟਰ ਦਲਜੀਤ ਸਿੰਘ ਨੇ ਦੱਸਿਆ ਕਿ ਇਹ ਫ਼ਲੈਗ ਮਾਰਚ ਜਨਤਾ ਦੀ ਸੁਰੱਖਿਆ ਲਈ ਕੱਢਿਆ ਗਿਆ ਹੈ ਅਤੇ ਕਿਸੇ ਨੂੰ ਵੀ ਅਮਨ ਕਾਨੂੰਨ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਪੁਲਸ ਸਾਰੀ ਸਥਿਤੀ 'ਤੇ ਬਾਜ਼ ਵਾਲੀ ਨਜ਼ਰ ਰੱਖ ਰਹੀ ਹੈ ਅਤੇ ਇਲਾਕੇ ਵਿਚ ਲਗਾਤਾਰ ਗਸ਼ਤ ਵੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਆਪਣੇ ਆਪ ਨੂੰ ਸੁਰੱਖਿਅਤ ਰੱਖ ਕੇ ਤੁਸੀਂ ਆਪ ਤੇ ਆਪਣੇ ਆਲੇ-ਦੁਆਲੇ ਇਸ ਰੋਗ ਨੂੰ ਫੈਲਣ ਤੋਂ ਰੋਕ ਸਕਦੇ ਹੋ। ਉਨ੍ਹਾਂ ਕਿਹਾ ਕਿ ਸਮੇਂ-ਸਮੇਂ ਤੇ ਸਰਕਾਰ ਵੱਲੋਂ ਜਨਤਾ ਦੇ ਬਚਾਅ ਲਈ ਦਿੱਤੀਆਂ ਜਾ ਰਹੀਆਂ ਹਦਾਇਤਾਂ ਅਤੇ ਸੁਝਾਵਾਂ ਦਾ ਨਿਰੰਤਰ ਪਾਲਣ ਕਰਕੇ ਇਸ ਮਹਾਂਮਾਰੀ ਤੋਂ ਬਚਾਅ ਵਿਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਤੋਂ ਡਰਨ ਦੀ ਨਹੀਂ ਬਲਕਿ ਸੁਚੇਤ ਰਹਿਣ ਦੀ ਜ਼ਰੂਰਤ ਹੈ।


author

Bharat Thapa

Content Editor

Related News