ਕਰਫਿਊ ਮੌਕੇ ਚਿਕਨ ਦੇ ਸ਼ੌਕੀਨ ਲੋਕ ਹੋਏ ਖੁਸ਼, ਮਿਲੀਆਂ ਮੁਫਤ ਮੁਰਗੀਆਂ

Sunday, Mar 29, 2020 - 06:35 PM (IST)

ਕਰਫਿਊ ਮੌਕੇ ਚਿਕਨ ਦੇ ਸ਼ੌਕੀਨ ਲੋਕ ਹੋਏ ਖੁਸ਼, ਮਿਲੀਆਂ ਮੁਫਤ ਮੁਰਗੀਆਂ

ਮਾਛੀਵਾੜਾ ਸਾਹਿਬ (ਟੱਕਰ, ਸਚਦੇਵਾ) - ਕੋਰੋਨਾ ਵਾਇਰਸ ਕਾਰਣ ਲੱਗੇ ਕਰਫਿਊ ਦੇ ਮੱਦੇਨਜ਼ਰ ਜਿਥੇ ਸਾਰੇ ਕਾਰੋਬਾਰ ਠੱਪ ਹੋ ਗਏ ਹਨ, ਉਥੇ ਪੋਲਟਰੀ ਫਾਰਮਾਂ ਨੂੰ ਵੀ ਲੱਖਾਂ ਰੁਪਏ ਦਾ ਘਾਟਾ ਪੈ ਰਿਹਾ ਹੈ, ਕਿਉਂਕਿ ਮੁਰਗੀਆਂ ਦਾ ਚਿਕਨ ਵਿਕਣਾ ਬੰਦ ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਾਛੀਵਾਡ਼ਾ ਇਲਾਕੇ ’ਚ ਪੋਲਟਰੀ ਫਾਰਮਾਂ ਦੇ ਹਾਲਾਤ ਇਹ ਹੋ ਗਏ ਹਨ ਕਿ ਉਨ੍ਹਾਂ ਨੂੰ ਆਪਣੇ ਸ਼ੈੱਡਾਂ ਹੇਠ ਰੱਖੀਆਂ ਹਜ਼ਾਰਾਂ ਹੀ ਮੁਰਗੀਆਂ ਨੂੰ ਰੋਜ਼ਾਨਾ ਖੁਰਾਕ ਲਈ ਫੀਡ ਚਾਹੀਦੀ ਹੈ ਪਰ ਚਿਕਨ ਦੀ ਵਿਕਰੀ ਨਾ ਹੋਣ ਕਾਰਣ ਮੁਰਗੀ ਪਾਲਕਾਂ ਨੂੰ ਇਹ ਫੀਡ ਵੀ ਮਿਲਣੀ ਬੰਦ ਹੋ ਗਈ ਹੈ।

ਕੋਰੋਨਾ ਕਰਫ਼ਿਊ ਦੇ ਸਮੇਂ ਸ੍ਰੀ ਹਰਿਮੰਦਰ ਸਾਹਿਬ ਗਲਿਆਰੇ ਦੀਆਂ ਦੇਖੋ ਖਾਸ ਤਸਵੀਰਾਂ

ਇਲਾਕੇ ਦੇ ਇਕ ਮੁਰਗੀ ਪਾਲਕ ਨੇ ਦੱਸਿਆ ਕਿ ਕਰੀਬ ਮਹੀਨਾ ਪਹਿਲਾਂ 13,000 ਚੂਚੇ ਖਰੀਦੇ ਸਨ, ਜਿਨ੍ਹਾਂ ਨੂੰ ਰੋਜ਼ਾਨਾ ਫੀਡ ਪਾਈ ਜਾ ਰਹੀ ਸੀ ਪਰ ਕੋਰੋਨਾ ਵਾਇਰਸ ਦਾ ਜਦੋਂ ਤੋਂ ਭਾਰਤ ’ਚ ਫੈਲਾਅ ਹੋਇਆ ਹੈ ਉਦੋਂ ਤੋਂ ਚਿਕਨ ਦੀ ਵਿਕਰੀ ਬਿਲਕੁਲ ਘਟ ਗਈ ਹੈ। ਜਿਸ ਕਾਰਨ ਉਨ੍ਹਾਂ ਨੂੰ ਘਾਟਾ ਪੈਣਾ ਸ਼ੁਰੂ ਹੋ ਗਿਆ। ਉਨ੍ਹਾਂ ਦੱਸਿਆ ਕਿ 22 ਮਾਰਚ ਤੋਂ ਜਦੋਂ ਕਰਫਿਊ ਲੱਗਿਆ ਤਾਂ ਪਿੱਛੋਂ ਫੀਡ ਸਪਲਾਈ ਕਰਨ ਵਾਲਿਆਂ ਨੇ ਸਪੱਸ਼ਟ ਕਹਿ ਦਿੱਤਾ ਕਿ ਹੁਣ ਉਨ੍ਹਾਂ ਨੂੰ ਫੀਡ ਉਧਾਰ ਨਹੀਂ ਮਿਲੇਗੀ। ਮੁਰਗੀ ਪਾਲਕ ਅਨੁਸਾਰ ਪਿੱਛੋਂ ਫੀਡ ਦੀ ਸਪਲਾਈ ਨਾ ਮਿਲਣ ਕਾਰਨ ਉਨ੍ਹਾਂ ਦੀਆਂ ਹਜ਼ਾਰਾਂ ਮੁਰਗੀਆਂ ਭੁੱਖੀਆਂ ਮਰਨ ਲੱਗ ਪਈਆਂ ਜਿਸ ਕਾਰਨ ਉਨ੍ਹਾਂ ਨੇ ਫੈਸਲਾ ਕੀਤਾ ਕਿ ਇਨ੍ਹਾਂ ਨੂੰ ਭੁੱਖੇ ਮਾਰਨ ਦੀ ਬਜਾਏ ਲੋਕਾਂ ਨੂੰ ਮੁਫ਼ਤ ਵੰਡ ਦਿੱਤਾ ਜਾਵੇ।

ਖਾਣਾ ਨਾ ਮਿਲਣ ਕਾਰਣ ਸੌਂ ਰਹੇ ਸਨ ਭੁੱਖੇ ਮਜ਼ਦੂਰ, ਤੇਜਪ੍ਰਤਾਪ ਨੇ ਕੈਪਟਨ ਨੂੰ ਕੀਤਾ ਟਵੀਟ 

ਮੁਰਗੀ ਪਾਲਕ ਨੇ ਦੱਸਿਆ ਕਿ ਹੁਣ ਤੱਕ ਉਨ੍ਹਾਂ ਵਲੋਂ 13 ਹਜ਼ਾਰ ’ਚੋਂ 3 ਹਜ਼ਾਰ ਮੁਰਗੀਆਂ ਮੁਫ਼ਤ ਵੰਡੀਆਂ ਜਾ ਚੁੱਕੀਆਂ ਹਨ ਤਾਂ ਜੋ ਚਿਕਨ ਦੇ ਸ਼ੌਕੀਨ ਇਸ ਨੂੰ ਖਾ ਸਕਣ। ਇਸ ਤੋਂ ਇਲਾਵਾ ਉਨ੍ਹਾਂ ਵਲੋਂ ਖੁੱਲ੍ਹਾ ਐਲਾਨ ਕੀਤਾ ਹੈ ਕਿ ਜੋ ਵੀ ਚਾਹੇ ਪੋਲਟਰੀ ਫਾਰਮ ਤੋਂ ਆ ਕੇ ਮੁਫ਼ਤ ਮੁਰਗੀਆਂ ਲਿਜਾ ਸਕਦਾ ਹੈ। ਪੋਲਟਰੀ ਫਾਰਮ ਦੇ ਮਾਲਕ ਅਨੁਸਾਰ ਉਸ ਨੂੰ ਕਰੀਬ 11 ਲੱਖ ਰੁਪਏ ਦਾ ਘਾਟਾ ਪਵੇਗਾ ਅਤੇ ਇਸੇ ਤਰ੍ਹਾਂ ਹੀ ਪੰਜਾਬ ਵਿਚ ਹੋਰ ਕਈ ਮੁਰਗੀ ਪਾਲਕ ਹਨ ਜਿਨ੍ਹਾਂ ਨੂੰ ਵੱਡਾ ਨੁਕਸਾਨ ਹੋਵੇਗਾ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਇਸ ਔਖੀ ਘਡ਼ੀ ’ਚ ਪੋਲਟਰੀ ਫਾਰਮਾਂ ਨੂੰ ਜੋ ਨੁਕਸਾਨ ਹੋਇਆ ਹੈ, ਉਸਦਾ ਮੁਆਵਜ਼ਾ ਦਿੱਤਾ ਜਾਵੇ ਕਿਉਂਕਿ ਇਹ ਧੰਦਾ ਉਨ੍ਹਾਂ ਨੇ ਬੈਂਕਾਂ ਤੋਂ ਲੋਨ ਅਤੇ ਮਾਰਕੀਟ ’ਚੋਂ ਉਧਾਰ ਫੀਡ ਲੈ ਕੇ ਕੀਤਾ ਹੈ। ਜੇਕਰ ਸਰਕਾਰ ਨੇ ਮਦਦ ਨਾ ਕੀਤੀ ਤਾਂ ਉਹ ਰੁਲ ਜਾਣਗੇ।


author

rajwinder kaur

Content Editor

Related News