ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਕੱਟੇ ਚਲਾਨ
Friday, Nov 24, 2017 - 12:37 AM (IST)

ਮੋਗਾ, (ਆਜ਼ਾਦ)- ਥਾਣਾ ਸਿਟੀ ਸਾਊਥ ਮੋਗਾ ਦੇ ਇੰਚਾਰਜ ਇੰਸਪੈਕਟਰ ਲਵਦੀਪ ਸਿੰਘ ਨੇ ਪ੍ਰਤਾਪ ਰੋਡ ਮੋਗਾ 'ਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਦੇ ਚਲਾਨ ਕੱਟੇ। ਉਨ੍ਹਾਂ ਕਿਹਾ ਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਸਮੇਂ ਉਨ੍ਹਾਂ ਦੱਸਿਆ ਕਿ ਰੋਜ਼ਾਨਾ ਦੀ ਤਰ੍ਹਾਂ ਅੱਜ ਵੀ ਮੇਨ ਬਾਜ਼ਾਰ, ਰੇਲਵੇ ਰੋਡ, ਪ੍ਰਤਾਪ ਰੋਡ ਅਤੇ ਹੋਰ ਇਲਾਕਿਆਂ 'ਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰ ਕੇ ਆਪਣੇ ਵਾਹਨਾਂ ਨੂੰ ਸੜਕਾਂ 'ਤੇ ਖੜ੍ਹਾ ਕਰ ਕੇ ਆਵਾਜਾਈ 'ਚ ਰੁਕਾਵਟ ਪਾਉਣ ਵਾਲਿਆਂ ਦੇ ਚਲਾਨ ਕੱਟੇ ਗਏ ਹਨ। ਉਨ੍ਹਾਂ ਕਿਹਾ ਕਿ ਗਲਤ ਪਾਰਕਿੰਗ ਨਾਲ ਟ੍ਰੈਫਿਕ ਸਮੱਸਿਆ ਪੈਦਾ ਹੁੰਦੀ ਹੈ ਕਿਉਂਕਿ ਆਮ ਤੌਰ 'ਤੇ ਲੋਕ ਆਪਣੇ ਵਾਹਨਾਂ ਨੂੰ ਸ਼ਰੇਆਮ ਬਾਜ਼ਾਰ 'ਚ ਖੜ੍ਹਾ ਕਰ ਕੇ ਦੁਕਾਨਾਂ 'ਚ ਖਰੀਦਦਾਰੀ ਕਰਨ ਲਈ ਚਲੇ ਜਾਂਦੇ ਹਨ, ਜਦਕਿ ਸ਼ਹਿਰ ਦੇ ਕਈ ਥਾਵਾਂ 'ਤੇ ਪਾਰਕਿੰਗ ਜ਼ੋਨ ਬਣੇ ਹੋਏ ਹਨ ਪਰ ਲੋਕ ਆਪਣੀ ਸੁਵਿਧਾ ਮੁਤਾਬਕ ਕਿਤੇ ਵੀ ਵਾਹਨ ਖੜ੍ਹਾ ਕਰ ਦਿੰਦੇ ਹਨ।
ਇਸੇ ਤਰ੍ਹਾਂ ਕਈ ਦੁਕਾਨਦਾਰਾਂ ਵੱਲੋਂ ਆਪਣੀ ਦੁਕਾਨਾਂ ਦੀ ਮਸ਼ਹੂਰੀ ਲਈ ਲਾਏ ਗਏ ਬੋਰਡ ਅਤੇ ਬੈਂਚ ਆਪਣੀ ਦੁਕਾਨ ਦੀ ਸੀਮਾ ਤੋਂ ਵਧਾ ਕੇ ਰੱਖ ਦਿੰਦੇ ਹਨ, ਜਿਸ ਨਾਲ ਵੀ ਟ੍ਰੈਫਿਕ ਸਮੱਸਿਆ ਪੈਦਾ ਹੁੰਦੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਉਨ੍ਹਾਂ ਵੱਲੋਂ ਇਸ ਤਰ੍ਹਾਂ ਰੱਖੇ ਗਏ ਬੋਰਡਾਂ ਨੂੰ ਚੁੱਕ ਕੇ ਜ਼ਬਤ ਕੀਤਾ ਗਿਆ। ਇਸ ਤੋਂ ਇਲਾਵਾ ਬੁਲਟ ਮੋਟਰਸਾਈਕਲ 'ਤੇ ਪਟਾਕੇ ਮਾਰਨ ਵਾਲਿਆਂ ਵਿਰੁੱਧ ਵੀ ਸ਼ਿਕੰਜਾ ਕੱਸਿਆ ਜਾ ਰਿਹਾ ਅਤੇ ਮੈਂ ਖੁਦ ਸਵੇਰੇ, ਦੁਪਹਿਰ ਅਤੇ ਸ਼ਾਮ ਨੂੰ ਬਾਜ਼ਾਰ 'ਚ ਚੱਕਰ ਲਾਉਂਦਾ ਹਾਂ ਤਾਂ ਕਿ ਟ੍ਰੈਫਿਕ ਸੁਚਾਰੂ ਢੰਗ ਨਾਲ ਜਾਰੀ ਰਹੇ।
ਉਨ੍ਹਾਂ ਕਿਹਾ ਕਿ ਕਈ ਲੋਕ ਚਲਾਨ ਹੋਣ ਸਮੇਂ ਮੋਬਾਇਲ 'ਤੇ ਕਿਸੇ ਅਧਿਕਾਰੀ ਨਾਲ ਗੱਲ ਕਰਵਾਉਣ ਦੀ ਕੋਸ਼ਿਸ਼ ਕਰਦੇ ਹਨ ਤਾਂ ਕਿ ਉਹ ਬਚ ਸਕਣ ਪਰ ਇਹ ਨਿਯਮਾਂ ਦੇ ਵਿਰੁੱਧ ਹੈ ਅਤੇ ਕਾਨੂੰਨ ਸਭ ਲਈ ਇਕ ਹੈ, ਚਾਹੇ ਕੋਈ ਵੱਡਾ ਹੈ ਜਾਂ ਛੋਟਾ। ਥਾਣਾ ਮੁਖੀ ਨੇ ਛੋਟੇ ਬੱਚਿਆਂ ਦੇ ਪਰਿਵਾਰ ਵਾਲਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਵਾਹਨ ਚਲਾਉਣ ਨਾ ਦੇਣ ਅਤੇ ਸਾਰੇ ਵਾਹਨ ਚਾਲਕ ਆਪਣੇ ਦਸਤਾਵੇਜ਼ ਆਪਣੇ ਕੋਲ ਰੱਖਣ।