ਸੱਪਾਂ ਦੀਆਂ ਸਿਰੀਆਂ ਮਿੱਧ ਕੇ ਕਰਦੇ ਕਮਾਈ, ਸੌਖੀ ਨਹੀਂ ਕਮਲ ਦੇ ਫੁੱਲਾਂ ਤੇ ਭੇਅ ਦੀ ਖੇਤੀ

Wednesday, Jun 14, 2023 - 03:52 PM (IST)

ਸੱਪਾਂ ਦੀਆਂ ਸਿਰੀਆਂ ਮਿੱਧ ਕੇ ਕਰਦੇ ਕਮਾਈ, ਸੌਖੀ ਨਹੀਂ ਕਮਲ ਦੇ ਫੁੱਲਾਂ ਤੇ ਭੇਅ ਦੀ ਖੇਤੀ

ਗੁਰਦਾਸਪੁਰ (ਹਰਮਨ) : ਇੱਕ ਪਾਸੇ ਪੰਜਾਬ ਅੰਦਰ ਪੱਧਰੇ ਅਤੇ ਬਿਜਲੀ ਪਾਣੀ ਵਾਲੀਆਂ ਸਹੂਲਤਾਂ ਨਾਲ ਭਰਪੂਰ ਖੇਤਾਂ ਵਿੱਚ ਖੇਤੀ ਕਰਨ ਵਾਲੇ ਕਿਸਾਨ ਖੇਤੀਬਾੜੀ ਦੇ ਕੰਮ ਨੂੰ ਘਾਟੇ ਵਾਲਾ ਸੌਦਾ ਦੱਸ ਕੇ ਇਸ ਕੰਮ ਤੋਂ ਤੌਬਾ ਕਰ ਰਹੇ ਹਨ ਪਰ ਦੂਜੇ ਪਾਸੇ ਜ਼ਿਲ੍ਹਾ ਗੁਰਦਾਸਪੁਰ ਦੇ ਕਰੀਬ 850 ਏਕੜ ਰਕਬੇ ਵਿੱਚ ਫੈਲੇ ਕੇਸ਼ੋਪੁਰ ਮਿਆਣੀ ਛੰਬ ਵਿੱਚ ਕਮਲ ਦੇ ਫੁੱਲਾਂ ਅਤੇ ਭੇਅ ਦੀ ਖੇਤੀ ਕਰਨ ਵਾਲੇ ਕਿਸਾਨ ਇੱਕ ਨਿਵੇਕਲੀ ਮਿਸਾਲ ਪੇਸ਼ ਕਰ ਰਹੇ ਹਨ। ਛੱਪੜ ਰੂਪੀ ਖੇਤਾਂ ਵਿੱਚ ਕਰੀਬ ਦੋ ਤੋਂ ਢਾਈ ਫੁੱਟ ਗਾਰ ਵਿੱਚ ਖੁੱਬ ਕੇ ਸੱਪਾਂ ਅਤੇ ਹੋਰ ਜ਼ਹਿਰੀਲੇ ਜਾਨਵਰਾਂ ਦੀ ਪਰਵਾਹ ਕੀਤੇ ਬਗੈਰ ਇਹ ਗ਼ਰੀਬ ਕਿਸਾਨ ਜਿੱਥੇ ਖ਼ੁਦ ਲਈ ਆਮਦਨ ਦਾ ਸਰੋਤ ਪੈਦਾ ਕਰ ਰਹੇ ਹਨ, ਉਸਦੇ ਨਾਲ ਹੀ ਖੇਤੀਬਾੜੀ ਤੋਂ ਮੂੰਹ ਮੋੜ ਰਹੇ ਕਿਸਾਨਾਂ ਲਈ ਇੱਕ ਪ੍ਰੇਰਣਾ ਸਰੋਤ ਵੀ ਬਣ ਰਹੇ ਹਨ। ਸਿਤਮ ਦੀ ਗੱਲ ਹੈ ਕਿ ਇਹ ਕਿਸਾਨ ਸਿਰਫ਼ ਕੁਦਰਤ ਦੀ ਮਿਹਰ ਦੇ ਸਹਾਰੇ ਹੀ ਕਮਲ ਦੇ ਫੁੱਲਾਂ ਅਤੇ ਭੇਅ ਦੀ ਖੇਤੀ ਦਾ ਕੰਮ ਕਰ ਰਹੇ ਹਨ। ਜਦੋਂ ਕਿ ਸਰਕਾਰ ਵੱਲੋਂ ਅਜੇ ਤੱਕ ਇਨ੍ਹਾਂ ਨੂੰ ਕੋਈ ਵੀ ਰਾਹਤ ਨਹੀਂ ਦਿੱਤੀ ਗਈ। 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਇਸ ਛੰਬ ਵਿੱਚ ਸਰਕਾਰ ਕੋਲੋਂ ਠੇਕੇ 'ਤੇ ਜ਼ਮੀਨ ਲੈ ਕੇ ਭੇਅ ਦੀ ਖੇਤੀ ਕਰਨ ਵਾਲੇ ਕਿਸਾਨਾਂ ਨੇ ਦੱਸਿਆ ਕਿ ਭੇਅ ਦੀ ਖੇਤੀ ਬਹੁਤ ਮੁਸ਼ਕਿਲ ਹਾਲਾਤ ਵਿੱਚ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਖੇਤੀਬਾੜੀ ਨੂੰ ਲੈ ਕੇ ਇੱਕ ਹੋਰ ਵੱਡਾ ਕਦਮ, ਕਿਸਾਨਾਂ 'ਚ ਖ਼ੁਸ਼ੀ ਦੀ ਲਹਿਰ

ਕੀ ਹੁੰਦੀ ਹੈ ਭੇਅ?

ਕਿਸਾਨਾਂ ਨੇ ਦੱਸਿਆ ਕਿ ਛੱਪੜ ਰੂਪੀ ਖੇਤ ਵਿੱਚ ਕਮਲ ਦਾ ਫੁੱਲ ਉਗਾਇਆ ਜਾਂਦਾ ਹੈ। ਕਮਲ ਦੇ ਫੁੱਲ ਦੇ ਬੂਟੇ ਦੀਆਂ ਜੜ੍ਹਾਂ ਨੂੰ ਭੇਅ ਕਹਿੰਦੇ ਹਨ, ਜਿਸ ਨੂੰ ਕਰੀਬ ਤਿੰਨ ਫੁੱਟ ਡੂੰਘਾਈ ਵਿੱਚੋਂ ਕੱਟ ਕੇ ਬਾਹਰ ਕੱਢਿਆ ਜਾਂਦਾ ਹੈ ਅਤੇ ਇਸ ਨੂੰ ਸਾਫ਼ ਕਰਕੇ ਸਬਜ਼ੀ ਦੇ ਰੂਪ ਵਿੱਚ ਖਾਧਾ ਜਾਂਦਾ ਹੈ। ਇਸ ਬੂਟੇ ਦੇ ਉਪਰਲੇ ਹਿੱਸੇ ਵਿੱਚ ਕਮਲ ਦਾ ਫੁੱਲ ਲੱਗਦਾ ਹੈ ਅਤੇ ਫੁੱਲ ਤੋਂ ਬਾਅਦ ਉਪਰਲੇ ਹਿੱਸੇ ਵਿੱਚ ਬਣੀ ਡੋਡੀ ਵਿਚਲੇ ਹਿੱਸੇ ਨੂੰ ਵੀ ਖਾਣ ਲਈ ਵਰਤਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਮੰਡੀਕਰਨ ਅਤੇ ਹੋਰ ਸਾਧਨਾਂ ਦੀ ਘਾਟ ਦੇ ਚੱਲਦਿਆਂ ਉਹ ਕਮਲ ਦੀ ਫੁੱਲਾਂ ਦੀ ਸੰਭਾਲ ਵੀ ਨਹੀਂ ਕਰ ਪਾਉਂਦੇ ਅਤੇ ਨਾ ਹੀ ਉਸਦੀ ਵਿਕਰੀ ਕਰਦੇ ਹਨ ਪਰ ਇਸ ਬੂਟੇ ਦੀਆਂ ਜੜ੍ਹਾਂ ਨੂੰ ਕੱਟ ਕੇ ਭੇਅ ਦੇ ਰੂਪ ਵਿੱਚ ਵੇਚਦੇ ਹਨ, ਜਿਸ ਤੋਂ ਉਨ੍ਹਾਂ ਨੂੰ ਕਮਾਈ ਹੁੰਦੀ ਹੈ।

ਇਹ ਵੀ ਪੜ੍ਹੋ : ਪੰਜਾਬ ’ਚ ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਦੀ ਗਿਣਤੀ ਦੇਸ਼ ’ਚ ਸਭ ਤੋਂ ਵੱਧ, ਇਹ ਹਨ ਮੁੱਖ ਕਾਰਨ

ਕਿਵੇਂ ਹੁੰਦਾ ਹੈ ਮੰਡੀਕਰਨ?

ਰੋਸ਼ਨ ਮਸੀਹ, ਸੋਹਨ ਲਾਲ, ਲਖਬੀਰ ਚੰਦ ਅਤੇ ਹੋਰਨਾਂ ਨੇ ਦੱਸਿਆ ਕਿ ਭੇਅ ਦੀ ਖੇਤੀ ਕਰਨੀ ਤਾਂ ਔਖੀ ਹੈ ਹੀ ਪਰ ਇਸਦਾ ਮੰਡੀਕਰਨ ਵੀ ਅਸਾਨ ਨਹੀਂ ਹੈ। ਛੱਪੜ ਵਿੱਚੋਂ ਭੇਅ ਨੂੰ ਪੁੱਟਣ ਦੇ ਬਾਅਦ ਬਹੁਤ ਮਿਹਨਤ ਨਾਲ ਸਾਫ਼ ਕੀਤਾ ਜਾਂਦਾ ਹੈ ਅਤੇ ਫਿਰ ਇਸਨੂੰ ਦਿੱਲੀ ਜਾਂ ਜੰਮੂ ਵਿਖੇ ਲਿਜਾ ਕੇ ਮੰਡੀ ਵਿੱਚ ਵੇਚਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਆਮ ਤੌਰ 'ਤੇ ਉਹ ਦੋ ਤੋਂ ਤਿੰਨ ਕੁਇੰਟਲ ਭੇਅ ਜੰਮੂ ਦੀ ਨਿਰਵਾਲ ਮੰਡੀ ਵਿੱਚ ਲਿਜਾਂਦੇ ਹਨ। ਜਿੱਥੇ ਉਨ੍ਹਾਂ ਨੂੰ ਕਈ ਵਾਰ ਤਾਂ ਚੰਗਾ ਰੇਟ ਮਿਲ ਜਾਂਦਾ ਹੈ ਅਤੇ ਕਈ ਵਾਰ ਨਿਰਾਸ਼ਾ ਦਾ ਸਾਹਮਣਾ ਕਰਨਾ ਪੈਂਦਾ ਹੈ।

ਇਹ ਵੀ ਪੜ੍ਹੋ :  IELTS ਕਰਨ ਵਾਲਿਆਂ ਲਈ ਵੱਡੀ ਖ਼ੁਸ਼ਖ਼ਬਰੀ, ਸਟੱਡੀ ਪਰਮਿਟ ਦੀਆਂ ਸ਼ਰਤਾਂ ’ਚ ਹੋਇਆ ਬਦਲਾਅ

ਬੇਹੱਦ ਖ਼ਤਰਨਾਕ ਹੈ ਭੇਅ ਦੀ ਖੇਤੀ ਦਾ ਕੰਮ

ਕਿਸਾਨਾਂ ਨੇ ਦੱਸਿਆ ਕਿ ਭੇਅ ਦੀ ਖੇਤੀ ਦਾ ਕੰਮ ਮੁਸ਼ਕਿਲ ਹੋਣ ਦੇ ਨਾਲ-ਨਾਲ ਬੇਹੱਦ ਖ਼ਤਰਨਾਕ ਵੀ ਹੈ ਕਿਉਂਕਿ ਭੇਅ ਨੂੰ ਪੁੱਟਣ ਲਈ ਉਨ੍ਹਾਂ ਨੂੰ ਛੱਪੜ ਵਿੱਚ ਵੜ ਕੇ ਕਰੀਬ ਤਿੰਨ ਫੁੱਟ ਡੂੰਘਾਈ ਤੱਕ ਜੜ੍ਹ ਪੱਟਣੀ ਪੈਂਦੀ ਹੈ। ਛੱਪੜ ਵਿੱਚ ਸੱਪ ਅਤੇ ਹੋਰ ਕਈ ਜ਼ਹਿਰੀਲੇ ਜਾਨਵਰ ਹੁੰਦੇ ਹਨ। ਜਿਸ ਕਰਕੇ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਬਣਿਆ ਰਹਿੰਦਾ ਹੈ। ਇਸਦੇ ਨਾਲ ਹੀ ਭੇਅ ਦੀ ਖੇਤੀ ਲਈ ਮੌਸਮ ਦਾ ਅਨੁਕੂਲ ਰਹਿਣਾ ਵੀ ਜ਼ਰੂਰੀ ਹੈ ਕਿਉਂਕਿ ਜੇਕਰ ਮੀਂਹ ਪੈ ਜਾਵੇ ਤਾਂ ਇਸ ਵਿੱਚ ਸੁੰਡੀ ਪੈ ਜਾਂਦੀ ਹੈ। ਜਿਸਦਾ ਮੁੜ ਕੋਈ ਇਲਾਜ ਨਹੀਂ ਹੁੰਦਾ। ਉਨ੍ਹਾਂ ਦੱਸਿਆ ਕਿ ਪਿਛਲੇ ਦਿਨੀਂ ਹੋਈ ਗੜ੍ਹੇਮਾਰੀ ਨੇ ਵੀ ਉਨ੍ਹਾਂ ਦਾ ਵੱਡਾ ਨੁਕਸਾਨ ਕੀਤਾ ਹੈ ਕਿਉਂਕਿ ਇਸ ਨਾਲ ਭੇਅ ਦੇ ਪੱਤੇ ਫਟ ਗਏ ਹਨ। ਜਿਸਦੇ ਨਤੀਜੇ ਵਜੋਂ ਬੂਟੇ ਨੂੰ ਪੂਰੀ ਖੁਰਾਕ ਨਹੀਂ ਮਿਲ ਰਹੀ।

ਸਰਕਾਰ ਤੋਂ ਮੰਗੀ ਰਾਹਤ

ਕਿਸਾਨਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੀ ਸਾਰ ਲਈ ਜਾਵੇ ਕਿਉਂਕਿ ਉਹ ਬੇਹੱਦ ਮੁਸ਼ਕਿਲ ਹਾਲਾਤ ਨਾਲ ਜੂਝ ਕੇ ਇਸ ਵਿਰਾਨ ਪਈ ਬੇਅਬਾਦ ਜ਼ਮੀਨ ਵਿੱਚ ਖੇਤੀ ਕਰ ਰਹੇ ਹਨ ਪਰ ਜਦੋਂ ਉਨ੍ਹਾਂ ਦਾ ਮੌਸਮੀ ਆਫਤ ਕਾਰਨ ਨੁਕਸਾਨ ਹੁੰਦਾ ਹੈ ਤਾਂ ਉਨ੍ਹਾਂ ਨੂੰ ਕੋਈ ਮੁਆਵਜ਼ਾ ਨਹੀਂ ਦਿੱਤਾ ਜਾਂਦਾ ਅਤੇ ਨਾ ਹੀ ਉਨ੍ਹਾਂ ਨੂੰ ਰਾਹਤ ਦੇਣ ਲਈ ਸਰਕਾਰ ਵੱਲੋਂ ਕੋਈ ਹੋਰ ਪਾਲਿਸੀ ਬਣਾਈ ਗਈ ਹੈ।

 

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Harnek Seechewal

Content Editor

Related News