ਜਾਇਦਾਦੀ ਵੰਡ ''ਚ ਵਿਅਕਤੀ ਦਾ ਬੇਰਹਿਮੀ ਨਾਲ ਕਤਲ
Tuesday, Jul 11, 2017 - 04:22 AM (IST)
ਅੰਮ੍ਰਿਤਸਰ, (ਅਰੁਣ)- ਪਿੰਡ ਜੇਠੂਨੰਗਲ ਵਿਚ ਜਾਇਦਾਦੀ ਵੰਡ ਦੀ ਤਕਰਾਰ ਕਾਰਨ ਇਕ ਵਿਅਕਤੀ ਦਾ ਬੇਰਹਿਮੀ ਨਾਲ ਕਤਲ ਕਰਨ ਸਬੰਧੀ ਪੁਲਸ ਨੇ ਮ੍ਰਿਤਕ ਦੀ ਸਾਲੇਹਾਰ ਅਤੇ ਦੋ ਹੋਰ ਵਿਅਕਤੀਆਂ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਸ਼ਿਕਾਇਤ ਵਿਚ ਮ੍ਰਿਤਕ ਬਿੱਟੂ (50) ਦੇ ਲੜਕੇ ਮਨਦੀਪ ਸਿੰਘ ਨੇ ਥਾਣਾ ਮਜੀਠਾ ਦੀ ਪੁਲਸ ਨੂੰ ਦੱਸਿਆ ਕਿ ਉਸ ਦੀ ਨਾਨੀ ਨੇ 3/4 ਮਰਲੇ ਦੀ ਜਗ੍ਹਾ ਉਸ ਦੇ ਬਾਪ ਦੇ ਨਾਂ ਕੀਤੀ ਸੀ ਅਤੇ ਇਸ ਨੂੰ ਲੈ ਕੇ ਉਸ ਦੀ ਮਾਮੀ ਸਰਬਜੀਤ ਕੌਰ ਖਾਰ ਖਾ ਰਹੀ ਸੀ। ਸਰਬਜੀਤ ਕੌਰ ਇਹ ਜਗ੍ਹਾ ਬਲਵਿੰਦਰ ਸਿੰਘ ਅਤੇ ਕੋਲਾ ਸਿੰਘ ਨੂੰ ਵੇਚਣਾ ਚਾਹੁੰਦੀ ਸੀ। ਬੀਤੀ ਰਾਤ ਉਸ ਦੇ ਘਰ ਵਿਚ ਦਾਖਲ ਹੋ ਕੇ ਕਿਸੇ ਵਿਅਕਤੀ ਨੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਕੇ ਉਸ ਦੇ ਪਿਤਾ ਦਾ ਕਤਲ ਕਰ ਦਿੱਤਾ। ਸ਼ੱਕ ਜ਼ਾਹਿਰ ਕਰਦਿਆਂ ਉਸ ਨੇ ਪੁਲਸ ਨੂੰ ਦੱਸਿਆ ਕਿ ਕਤਲ ਦੀ ਵਾਰਦਾਤ ਨੂੰ ਅੰਜਾਮ ਇਨ੍ਹਾਂ ਤਿੰਨਾਂ ਵਿਅਕਤੀਆਂ ਵੱਲੋਂ ਹੀ ਦਿੱਤਾ ਗਿਆ ਹੈ। ਪੁਲਸ ਨੇ ਸਰਬਜੀਤ ਕੌਰ ਪਤਨੀ ਸਵ. ਸਕੱਤਰ ਸਿੰਘ ਵਾਸੀ ਕੁੱਕੜਾਂ ਵਾਲਾ ਅਤੇ ਬਲਵਿੰਦਰ ਸਿੰਘ, ਕੋਲਾ ਸਿੰਘ ਪੁੱਤਰ ਧੰਦਾ ਸਿੰਘ ਵਾਸੀ ਜੇਠੂਨੰਗਲ ਦੇ ਖਿਲਾਫ ਮਾਮਲਾ ਦਰਜ ਕਰ ਕੇ ਛਾਣਬੀਣ ਸ਼ੁਰੂ ਕਰ ਦਿੱਤੀ ਹੈ।
