ਪਟਿਆਲਾ ਦੇ ਗੱਭਰੂ ਹਰਪਵਿਤ ਸਿੰਘ ਦੇ ਸਿਰ ਸਜਿਆ ਮਿਸਟਰ ਪੰਜਾਬ-2017 ਦਾ ਤਾਜ

12/09/2017 6:58:04 AM

ਮੋਹਾਲੀ  (ਨਿਆਮੀਆਂ) - ਪੀ. ਟੀ. ਸੀ. ਪੰਜਾਬੀ ਵਲੋਂ ਬੀਤੀ ਰਾਤ ਮੋਹਾਲੀ ਵਿਖੇ ਕਰਵਾਏ ਗਏ ਰਿਐਲਿਟੀ ਸ਼ੋਅ ਮਿਸਟਰ ਪੰਜਾਬ-2017 ਦਾ ਤਾਜ ਪਟਿਆਲਾ ਦੇ ਗੱਭਰੂ ਹਰਪਵਿਤ ਸਿੰਘ ਦੇ ਸਿਰ ਸਜਿਆ। ਅੰਮ੍ਰਿਤਸਰ ਦੇ ਅਰਸ਼ਬੀਰ ਸਿੰਘ ਨੂੰ ਫਸਟ ਰਨਰਅਪ ਅਤੇ ਤਰਲੋਕ ਸਿੰਘ ਅਤੇ ਰਵਨੀਤ ਸਿੰਘ ਸੇਖੋਂ ਨੂੰ ਸਾਂਝੇ ਤੌਰ 'ਤੇ ਸੈਕਿੰਡ ਰਨਰਅਪ ਦੇ ਖਿਤਾਬ ਨਾਲ ਨਿਵਾਜਿਆ ਗਿਆ।
ਸਤਿੰਦਰ ਸੱਤੀ ਨੇ ਇਸ ਗ੍ਰੈਂਡ ਫਿਨਾਲੇ ਨੂੰ ਹੋਸਟ ਕੀਤਾ। ਜੈਜ਼ੀ ਬੀ, ਰੋਸ਼ਨ ਪ੍ਰਿੰਸ, ਕੁਲਵਿੰਦਰ ਬਿੱਲਾ, ਸੁਨੰਦਾ ਸ਼ਰਮਾ, ਕਾਦਿਰ ਥਿੰਦ, ਨਿਸ਼ਾ ਖਾਨ ਅਤੇ ਅਮਰ ਸ਼ੈਂਬੀ ਨੇ ਈਵੈਂਟ ਨੂੰ ਆਪਣੀ ਸ਼ਾਨਦਾਰ ਪ੍ਰਫਾਰਮੈਂਸ ਨਾਲ ਯਾਦਗਾਰ ਬਣਾ ਦਿੱਤਾ।
ਫਾਈਨਲ ਲਈ ਜਿਊਰੀ ਵਿਚ ਤਰੁਨ ਖੰਨਾ, ਕੁਲਜਿੰਦਰ ਸਿੱਧੂ ਤੇ ਗੁਰਪ੍ਰੀਤ ਘੁੱਗੀ ਵਰਗੀਆਂ ਨਾਮੀ ਹਸਤੀਆਂ ਸਨ। ਫਾਈਨਲ ਵਿਚ ਪਹੁੰਚਣ ਵਾਲਿਆਂ ਵਿਚ ਜਲੰਧਰ ਤੋਂ ਹਰਤੇਜਵੀਰ ਸਿੰਘ, ਮੋਹਾਲੀ ਤੋਂ ਤਰਲੋਕ ਸਿੰਘ, ਮੁੰਬਈ ਤੋਂ ਰਵਨੀਤ ਸਿੰਘ ਸੇਖੋਂ, ਅੰਮ੍ਰਿਤਸਰ ਤੋਂ ਅਰਸ਼ਬੀਰ ਸਿੰਘ, ਮੋਹਾਲੀ ਤੋਂ ਮਹਿਕਦੀਪ ਸਿੰਘ, ਪਟਿਆਲਾ ਤੋਂ ਹਰਪਵਿੱਤ ਸਿੰਘ, ਮੋਹਾਲੀ ਤੋਂ ਜਸਪ੍ਰੀਤ ਸਿੰਘ, ਬਰਨਾਲਾ ਤੋਂ ਜਸਪ੍ਰੀਤ ਸਿੰਘ ਛਾਪਾ, ਮਾਨਸਾ ਤੋਂ ਗੁਰਪ੍ਰੀਤ ਸਿੰਘ ਅਤੇ ਕੈਨੇਡਾ ਤੋਂ ਪਰਮਿੰਦਰ ਸਿੰਘ ਸ਼ਾਮਲ ਸਨ।  ਇਸ ਮੌਕੇ ਹਰਤੇਜਵੀਰ ਸਿੰਘ ਨੂੰ ਟੌਹਰੀ ਗੱਭਰੂ, ਤਰਲੋਕ ਸਿੰਘ ਨੂੰ ਘੈਂਟ ਐਕਟਰ ਤੇ ਸ਼ਾਨਦਾਰ ਜੁੱਸਾ, ਰਵਨੀਤ ਸਿੰਘ ਸੇਖੋਂ ਨੂੰ ਸਾਊ ਗੱਭਰੂ, ਅਰਸ਼ਬੀਰ ਸਿੰਘ ਨੂੰ ਘੈਂਟ ਬੁਲਾਰਾ, ਮਹਿਕਦੀਪ ਸਿੰਘ ਤੇ ਹਰਪਵਿੱਤ ਸਿੰਘ ਨੂੰ ਸਿਰਮੌਰ ਲੁੱਕ, ਜਸਪ੍ਰੀਤ ਸਿੰਘ ਨੂੰ ਭੰਗੜਾ ਕਿੰਗ, ਜਸਪ੍ਰੀਤ ਸਿੰਘ ਛਾਪਾ ਨੂੰ ਹਰਮਨਪਿਆਰਾ, ਗੁਰਪ੍ਰੀਤ ਸਿੰਘ ਨੂੰ ਹੁਨਰ ਦਾ ਬਾਦਸ਼ਾਹ ਅਤੇ ਪਰਮਿੰਦਰ ਸਿੰਘ ਨੂੰ ਸੁਨੱਖਾ ਗੱਭਰੂ ਦੇ ਖਿਤਾਬਾਂ ਨਾਲ ਨਿਵਾਜਿਆ ਗਿਆ।
ਰਾਜੀ ਐੱਮ. ਸ਼ਿੰਦੇ ਸੀ. ਈ. ਓ. ਅਤੇ ਡਾਇਰੈਕਟਰ ਪੀ. ਟੀ. ਸੀ. ਪੰਜਾਬੀ ਨੈੱਟਵਰਕ ਨੇ ਕਿਹਾ ਕਿ ਪਿਛਲੇ ਫਾਈਨਲਿਸਟਾਂ ਨੂੰ ਇੰਡਸਟਰੀ ਦੇ ਅੰਦਰ ਜੋ ਪਛਾਣ ਮਿਲੀ ਹੈ, ਉਹ ਲਾਜਵਾਬ ਹੈ ਅਤੇ ਪਲੇਟਫਾਰਮ ਜੋ ਫਾਈਨਲਿਸਟਾਂ ਨੂੰ ਮਿਲਿਆ ਉਸ ਦਾ ਮੁਕਾਬਲਾ ਨਹੀਂ ਹੈ। ਪੀ. ਟੀ. ਸੀ. ਨੈੱਟਵਰਕ ਦੇ ਐੱਮ. ਡੀ. ਰਬਿੰਦਰ ਨਾਰਾਇਣ ਨੇ ਕਿਹਾ ਕਿ ਉਹ ਇਸ ਈਵੈਂਟ ਨੂੰ ਮਿਲ ਰਹੇ ਰਿਸਪਾਂਸ ਤੋਂ ਬੇਹੱਦ ਖੁਸ਼ ਹਨ।


Related News