ਭਾਖੜਾ ਦੇ ਟੁੱਟੇ ਕਿਨਾਰਿਆਂ ਦੀ ਮੁਰੰਮਤ ਲਈ ਕਰੋੜਾਂ ਰੁਪਏ ਪਾਣੀ ''ਚ ਵਹਾਏ

Wednesday, Jan 03, 2018 - 07:48 AM (IST)

ਭਾਖੜਾ ਦੇ ਟੁੱਟੇ ਕਿਨਾਰਿਆਂ ਦੀ ਮੁਰੰਮਤ ਲਈ ਕਰੋੜਾਂ ਰੁਪਏ ਪਾਣੀ ''ਚ ਵਹਾਏ

ਪਾਤੜਾਂ, (ਸਿੰਗਲਾ)- ਭਾਖੜਾ ਮੇਨ ਲਾਈਨ ਮੰਡਲ ਪਟਿਆਲਾ ਵੱਲੋਂ ਬਰਵਾਲਾ ਬ੍ਰਾਂਚ ਤੇ ਭਾਖੜਾ ਨਹਿਰ ਦੇ ਟੁੱਟੇ ਹੋਏ ਕਿਨਾਰਿਆਂ ਨੂੰ ਠੇਕੇਦਾਰੀ ਪ੍ਰਣਾਲੀ ਰਾਹੀਂ ਵਾਰੀ-ਵਾਰੀ ਮਜ਼ਬੂਤ ਕਰਨ ਦੇ ਚੱਕਰ ਵਿਚ ਹੀ ਤਕਰੀਬਨ ਕਰੋੜਾਂ ਰੁਪਏ ਦਾ ਖਰਚਾ ਪਿਛਲੇ 5 ਸਾਲਾਂ 'ਚ ਕਰ ਦਿੱਤਾ ਗਿਆ ਹੈ। ਇਨ੍ਹਾਂ ਨਹਿਰਾਂ ਦੇ ਕਿਨਾਰੇ ਅਜੇ ਵੀ ਮਜ਼ਬੂਤ ਨਹੀਂ ਹੋਏ। ਹਰ ਸਾਲ ਮੁਰੰਮਤ ਲਈ ਠੇਕੇਦਾਰ ਪ੍ਰਣਾਲੀ ਅਪਣਾਈ ਜਾਂਦੀ ਹੈ। ਸਾਲ 2015-16 ਵਿਚ ਇਕੱਲੀ ਬਰਵਾਲਾ ਲਿੰਕ ਨਹਿਰ 'ਤੇ ਕੰਮ ਕਰਵਾਉਣ ਲਈ 24 ਕਰੋੜ ਰੁਪਏ ਤੋਂ ਵੱਧ ਖਰਚ ਕੀਤੇ ਗਏ। ਨਹਿਰ ਵਿਚੋਂ ਡੀਲਾ ਤੇ ਸਰਕੰਡਾ ਆਦਿ ਵਰਗੇ ਘਾਹ ਨੂੰ ਜੜ੍ਹੋਂ ਪੁੱਟਣ ਲਈ ਵੀ 49 ਲੱਖ ਰੁਪਏ ਤੋਂ ਵੱਧ ਦਾ ਖਰਚਾ ਆਇਆ।
ਆਰ. ਟੀ. ਆਈ. ਮਾਹਿਰ ਅਤੇ ਸਮਾਜ-ਸੇਵੀ ਬ੍ਰਿਸ਼ ਭਾਨ ਬੁਜਰਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਖੜਾ ਮੇਨ ਲਾਈਨ ਪਟਿਆਲਾ ਕੋਲੋਂ ਸੂਚਨਾ ਦੇ ਅਧਿਕਾਰ ਐਕਟ 2005 ਤਹਿਤ ਭਾਖੜਾ ਮੇਨ ਲਾਈਨ ਨੂੰ ਜਨਵਰੀ 2012 ਤੋਂ ਲੈ ਕੇ ਜੂਨ 2017 ਤੱਕ ਪ੍ਰਾਪਤ ਹੋਏ ਫੰਡ ਅਤੇ ਵੱਖ-ਵੱਖ ਕੰਮਾਂ 'ਤੇ ਕੀਤੇ ਖਰਚ ਦੀ ਜਾਣਕਾਰੀ ਮੰਗੀ ਗਈ ਸੀ। ਦੱਸਿਆ ਗਿਆ ਕਿ ਸਾਲ 2012-13 ਦੌਰਾਨ 363.57 ਲੱਖ ਰੁਪਏ ਦੇ ਫੰਡ ਪ੍ਰਾਪਤ ਹੋਏ। ਇਨ੍ਹਾਂ ਵਿਚੋਂ 653.17 ਲੱਖ ਰੁਪਏ ਖਰਚ ਕੀਤੇ ਗਏ। ਸਾਲ 2013-14 ਦੌਰਾਨ ਮਿਲੇ 752.32 ਲੱਖ ਰੁਪਏ 'ਚੋਂ 706.03 ਲੱਖ ਰੁਪਏ ਖਰਚ ਹੋਏ। ਸਾਲ 2014-15 ਵਿਚ ਪ੍ਰਾਪਤ ਹੋਏ 1026.71 ਲੱਖ 'ਚੋਂ 578.10 ਲੱਖ ਰੁਪਏ ਖਰਚ ਕੀਤੇ ਗਏ। ਇਸੇ ਤਰ੍ਹਾਂ ਹੀ ਸਾਲ 2015-16 'ਚ 2114.24 ਲੱਖ ਰੁਪਏ ਮਿਲੇ ਅਤੇ 2434.12 ਲੱਖ ਰੁਪਏ ਖਰਚ ਕੀਤੇ ਗਏ। ਸਾਲ 2016-17 ਵਿਚ ਸਭ ਤੋਂ ਵੱਧ 7814.45 ਲੱਖ ਰੁਪਏ ਪ੍ਰਾਪਤ ਹੋਏ। ਇਸ ਵਿਚੋਂ 7779-25 ਲੱਖ ਰੁਪਏ ਖਰਚ ਕੀਤੇ ਗਏ। ਸਾਲ 2017-18 'ਚ 118.11 ਲੱਖ ਰੁਪਏ ਮਿਲੇ ਅਤੇ 117.28 ਲੱਖ ਰੁਪਏ ਖਰਚ ਕੀਤੇ ਗਏ। ਬ੍ਰਿਸ਼ ਭਾਨ ਬੁਜਰਕ ਨੇ ਕਿਹਾ ਕਿ ਭਾਖੜਾ ਮੇਨ ਲਾਈਨ ਨੂੰ ਮਿਲੇ ਇਨ੍ਹਾਂ ਫੰਡਾਂ ਵਿਚੋਂ ਸਾਲ 2015-16 'ਚ 24 ਕਰੋੜ 34 ਲੱਖ 12 ਹਜ਼ਾਰ ਰੁਪਏ ਬਰਵਾਲਾ ਨਹਿਰ ਦੇ ਵੱਖ-ਵੱਖ ਕੰਮਾਂ 'ਤੇ ਖਰਚ ਕੀਤੇ ਗਏ। ਨਹਿਰਾਂ ਦੇ ਕਿਨਾਰੇ ਮਜ਼ਬੂਤ ਕਰਨ ਲਈ 43 ਕਰੋੜ 71 ਲੱਖ 42 ਹਜ਼ਾਰ ਰੁਪਏ 5 ਸਾਲਾਂ ਵਿਚ ਖਰਚੇ ਗਏ।


Related News