ਫਸਲਾਂ 'ਤੇ ਟਿੱਡੀ ਦਲ ਦੇ ਹਮਲੇ ਦਾ ਖਦਸ਼ਾ, ਕਿਸਾਨਾਂ ਦੇ ਚਿਹਰਿਆਂ 'ਤੇ ਛਾਈ ਪਲਿੱਤਣ
Friday, May 29, 2020 - 11:10 AM (IST)
ਮੋਗਾ (ਗੋਪੀ ਰਾਊਕੇ): ਇਕ ਪਾਸੇ ਜਿੱਥੇ ਬਰਸਾਤੀ ਮੌਸਮ ਸ਼ੁਰੂ ਹੋਣ ਨਾਲ ਲੋਕਾਂ ਨੂੰ ਅਤਿ ਦੀ ਗਰਮੀ ਤੋਂ ਨਿਜ਼ਾਤ ਮਿਲਣ ਵਾਲੀ ਹੈ ਉੱਥੇ ਦੂਜੇ ਪਾਸੇ ਇਸ ਮੌਸਮ ਦੌਰਾਨ ਫਸਲਾਂ 'ਤੇ ਹੋਣ ਵਾਲੇ ਟਿੱਡੀ ਦਲ ਦੇ ਹਮਲੇ ਦੇ ਖਦਸ਼ੇ ਵਜੋਂ ਮਾਲਵਾ ਖਿੱਤੇ ਦੇ ਕਿਸਾਨਾਂ ਦੇ ਚਿਹਰਿਆਂ 'ਤੇ ਪਲਿੱਤਣਾਂ ਛਾ ਗਈਆਂ ਹਨ, ਕਿਸਾਨ ਵਰਗ ਵਲੋਂ ਫਸਲਾਂ ਨੂੰ ਬਚਾਉਣ ਲਈ ਅਤੇ ਟਿੱਡੀ ਦਲ ਨੂੰ ਫਸਲਾਂ 'ਤੇ ਬੈਠਣ ਤੋਂ ਰੋਕਣ ਲਈ ਖਾਲੀ ਪੀਪਿਆਂ ਦਾ ਖੜਾਕ ਕਰਨ ਜਿਹੇ ਪ੍ਰਬੰਧ ਕਰਨੇ ਤਾਂ ਸ਼ੁਰੂ ਕਰ ਹੀ ਦਿੱਤੇ ਹਨ ਸਗੋਂ ਪੰਜਾਬ ਸਰਕਾਰ ਦੇ ਆਦੇਸ਼ਾਂ 'ਤੇ ਜ਼ਿਲ੍ਹਾ ਖੇਤੀਬਾੜੀ ਮਹਿਕਮੇ ਨੇ ਇਸ ਹਮਲੇ ਨਾਲ ਨਜਿੱਠਣ ਲਈ ਫੌਰੀ ਤੌਰ 'ਤੇ ਅਗਾਉਂ ਪ੍ਰਬੰਧ ਕਰਨੇ ਸ਼ੁਰੂ ਕਰ ਦਿੱਤੇ ਹਨ ਤਾਂ ਜੋ ਹਮਲੇ ਕਰ ਕੇ ਫਸਲਾਂ ਦਾ ਨੁਕਸਾਨ ਨਾ ਹੋਵੇ।
'ਜਗ ਬਾਣੀ' ਵਲੋਂ ਇਸ ਸਬੰਧ 'ਚ ਇਕੱਤਰ ਕੀਤੀ ਜਾਣਕਾਰੀ ਮੁਤਾਬਕ ਟਿੱਡੀ ਦਲ ਟਿੱਡੀਆਂ ਦਾ ਇਕ ਝੁੰਡ ਹੁੰਦਾ ਹੈ ਅਤੇ ਜਿਸ ਥਾਂ 'ਤੇ ਵੀ ਇਹ ਬੈਠਦਾ ਹੈ ਉਸ ਬੂਟੇ ਦੀ ਹਰਿਆਲੀ ਨੂੰ ਬਹੁਤ ਜਲਦ ਖਤਮ ਕਰ ਦਿੰਦਾ ਹੈ। ਪਤਾ ਲੱਗਾ ਹੈ ਕਿ ਪਿਛਲੇ ਵਰ੍ਹੇ ਪਾਕਿਸਤਾਨ ਵਾਲੇ ਪਾਸੇ ਤੋਂ ਮਾਲਵਾ ਖਿੱਤੇ ਦੇ ਫਾਜ਼ਿਲਕਾ ਖੇਤਰ 'ਚ ਫਸਲਾਂ 'ਤੇ ਹਮਲਾ ਹੋਇਆ ਸੀ ਭਾਵੇਂ ਉਸ ਵੇਲੇ ਹਮਲੇ ਨੂੰ ਕੰਟਰੋਲ ਤਾਂ ਕਰ ਲਿਆ ਸੀ ਪਰ ਹੁਣ ਮੁੜ ਫਿਰ ਵੱਡੇ ਹਮਲੇ ਦਾ ਖਦਸ਼ਾ ਹੈ। ਮੁੱਖ ਖੇਤੀਬਾੜੀ ਅਫ਼ਸਰ ਡਾ. ਬਲਵਿੰਦਰ ਸਿੰਘ ਦਾ ਕਹਿਣਾ ਸੀ ਕਿ ਜ਼ਿਲ੍ਹੇ ਭਰ 'ਚ ਕਿਸਾਨਾਂ ਨੂੰ ਪੀਪਿਆਂ ਅਤੇ ਥਾਲੀਆਂ ਦਾ ਪ੍ਰਬੰਧ ਕਰਕੇ ਰੱਖਣ ਸਬੰਧੀ ਖੇਤੀਬਾੜੀ ਮਹਿਕਮੇ ਵਲੋਂ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਨੂੰ ਇੰਨ੍ਹੀ ਦਿਨੀਂ ਨਿਰੰਤਰ ਆਪਣੀਆਂ ਫਸਲਾਂ ਦਾ ਨਿਰੀਖਣ ਕਰਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨਾਂ ਨੂੰ ਕਿਸੇ ਵੀ ਥਾਂ 'ਤੇ ਟਿੱਡੀ ਦਲ ਦੇ ਹਮਲੇ ਦਾ ਪਤਾ ਲੱਗਦਾ ਹੈ ਤਾਂ ਕਿਸਾਨਾਂ ਨੂੰ ਇਸ ਸਬੰਧੀ ਫੌਰੀ ਤੌਰ 'ਤੇ ਵਿਭਾਗ ਨਾਲ ਸੰਪਰਕ ਕਰਨਾ ਚਾਹੀਦਾ ਹੈ। ਖੇਤੀਬਾੜੀ ਅਧਿਕਾਰੀ ਡਾ. ਅਮਰਜੀਤ ਸਿੰਘ ਨੇ ਕਿਹਾ ਕਿ ਸਮੁੱਚਾ ਵਿਭਾਗ ਇਸ ਹਮਲੇ ਨੂੰ ਰੋਕਣ ਲਈ ਪੂਰੀ ਤਰ੍ਹਾਂ ਨਾਲ ਵਚਨਬੱਧ ਹੈ।
ਟਿੱਡੀ ਦਲ ਦੇ ਹਮਲੇ ਨਾਲ ਨਜਿੱਠਣ ਲਈ ਫੌਜੀ ਕਾਰਵਾਈ ਦੀ ਤਰ੍ਹਾਂ ਡਟੇਗਾ ਖੇਤੀਬਾੜੀ ਮਹਿਕਮਾ
ਜ਼ਿਲ੍ਹਾ ਖੇਤੀਬਾੜੀ ਵਿਭਾਗ ਦੇ ਨੋਡਲ ਅਫਸਰ ਤੇ ਰਾਜ ਪੁਰਸਕਾਰ ਵਿਜੇਤਾ ਡਾ. ਜਸਵਿੰਦਰ ਸਿੰਘ ਬਰਾੜ ਦਾ ਕਹਿਣਾ ਸੀ ਕਿ ਟਿੱਡੀ ਦਲ ਦੇ ਹਮਲੇ ਨਾਲ ਨਜਿੱਠਣ ਲਈ ਮਹਿਕਮੇ ਵਲੋਂ ਦੁਸ਼ਮਣ ਤੇ ਫੌਜੀ ਕਾਰਵਾਈ ਕਰਨ ਦੀ ਤਰ੍ਹਾਂ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਹਮਲੇ ਨੂੰ ਰੋਕਣ ਲਈ 25 ਹਜ਼ਾਰ ਲੀਟਰ ਦਵਾਈ ਦਾ ਪ੍ਰਬੰਧ ਮਹਿਕਮੇ ਵਲੋਂ ਕੀਤਾ ਗਿਆ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਦੁਪਹਿਰ ਤੱਕ ਟਿੱਡੀ ਦਲ ਨੂੰ ਦਰੱਖਤ ਤੇ ਬੈਠਣ ਨਾ ਦੇਣ 'ਤੇ ਇਸ ਮਗਰੋਂ ਸ਼ਾਮ ਢਲਦੇ ਹੀ ਇਸ ਨੂੰ ਦਰੱਖਤ 'ਤੇ ਬੈਠਣ ਤੋਂ ਨਾ ਰੋਕਿਆ ਜਾਵੇ ਤਾਂ ਜੋ ਖ਼ੇਤੀਬਾੜੀ ਮਹਿਕਮਾ ਇਸ ਨੂੰ ਰਾਤ ਵੇਲੇ ਨਸ਼ਟ ਕਰ ਦੇਵੇ। ਉਨ੍ਹਾਂ ਕਿਸਾਨਾਂ ਨੂੰ ਸੁਚੇਤ ਕੀਤਾ ਕਿ ਜੇਕਰ ਰਾਤ ਤੱਕ ਵੀ ਟਿੱਡੀਆਂ ਨੂੰ ਬੈਠਣ ਤੋਂ ਰੋਕਿਆ ਗਿਆ ਤਾਂ ਇਨ੍ਹਾਂ ਦਾ ਕਾਫਲਾ ਚੌੜਾ ਹੋ ਜਾਂਦਾ ਹੈ ਜਿਸ ਦੇ ਫ਼ਸਲਰੂਪ ਫਸਲ 'ਤੇ ਜ਼ਿਆਦਾ ਹਮਲਾ ਹੋਣ ਦੀ ਸੰਭਾਵਨਾ ਬਣ ਜਾਦੀ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਹਮਲੇ ਨੂੰ ਰੋਕਣ ਲਈ ਚੌਕਸੀ ਵਧੇਰੇ ਵਰਤਣ।
ਟਿੱਡੀ ਦਲ ਨਾਲ ਨਜਿੱਠਣ 'ਚ ਨਾਕਾਮਯਾਬ ਰਹਿਣ 'ਤੇ ਅਧਿਕਾਰੀਆਂ ਵਿਰੁੱਧ ਹੋਵੇਗੀ ਸਖ਼ਤ ਕਾਰਵਾਈ
ਖੇਤੀਬਾੜੀ ਮਹਿਕਮੇ ਦੇ ਸਕੱਤਰ ਕਾਹਨ ਸਿੰਘ ਪਨੂੰ ਨੇ ਐਲਾਨ ਕੀਤਾ ਹੈ ਕਿ ਜਿਸ ਖੇਤਰ 'ਚ ਵੀ ਖੇਤੀਬਾੜੀ ਮਹਿਕਮੇ ਦੇ ਅਧਿਕਾਰੀ ਇਸ ਹਮਲੇ ਨਾਲ ਨਜਿੱਠਣ ਲਈ ਨਾਕਾਮਯਾਬ ਰਹਿਣਗੇ, ਉਨ੍ਹਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ । ਪਤਾ ਲੱਗਾ ਹੈ ਕਿ ਮਹਿਕਮੇ ਨੇ ਅਧਿਕਾਰੀਆਂ ਨੂੰ ਮੁਅੱਤਲ ਕਰਨ ਦੀ ਚੇਤਾਵਨੀ ਦੇ ਦਿੱਤੀ ਹੈ।
ਡਿਪਟੀ ਕਮਿਸ਼ਨਰ ਮੋਗਾ ਨੇ ਸੱਦੀ ਸਾਰੇ ਵਿਭਾਗਾਂ ਦੀ ਬੈਠਕ
ਟਿੱਡੀ ਦਲ ਦੇ ਹਮਲੇ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਵਿਉਤਬੰਦੀ ਬਣਉਣ ਹਿੱਤ ਅੱਜ 28 ਮਈ ਨੂੰ ਸਮੁੱਚੇ ਮਹਿਕਮਿਆਂ ਦੀ ਬੈਠਕ ਸੱਦ ਲਈ ਹੈ। ਡਿਪਟੀ ਕਮਿਸ਼ਨਰ ਸੰਦੀਪ ਹੰਸ ਵਲੋਂ ਸੱਦੀ ਗਈ ਇਸ ਬੈਠਕ ਵਿਚ ਖੇਤੀਬਾੜੀ ਮਹਿਕਮੇ ਦੇ ਅਧਿਕਾਰੀਆਂ ਤੋਂ ਇਲਾਵਾ ਸਮੁੱਚੇ ਵਿਭਾਗਾਂ ਦੇ ਅਧਿਕਾਰੀ ਸ਼ਾਮਲ ਹੋ ਰਹੇ ਹਨ।
ਕਿਸਾਨ ਖੇਤੀਬਾੜੀ ਮਹਿਕਮੇ ਦੇ ਆਦੇਸ਼ ਤਹਿਤ ਸਮੁੱਚੇ ਪ੍ਰਬੰਧ ਮੁਕੰਮਲ ਰੱਖਣ : ਜਸਵੀਰ ਬਰਾੜ
ਨੌਜਵਾਨ ਕਿਸਾਨ ਜਸਵੀਰ ਸਿੰਘ ਬਰਾੜ ਖੋਟੇ ਦਾ ਕਹਿਣਾ ਸੀ ਕਿ ਖੇਤੀਬਾੜੀ ਵਿਭਾਗ ਦੇ ਆਦੇਸ਼ਾਂ ਤਹਿਤ ਕਿਸਾਨਾਂ ਨੂੰ ਲੋੜੀਦੇ ਪ੍ਰਬੰਧ ਮੁਕੰਮਲ ਰੱਖਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਵਰਗ ਵੀ ਇਸ ਹਮਲੇ ਨੂੰ ਰੋਕਣ ਲਈ ਗੰਭੀਰ ਹੈ। ਉਨ੍ਹਾਂ ਕਿਹਾ ਕਿ ਟਿੱਡੀ ਦਲ ਨੇ ਫਾਜ਼ਿਲਕਾ ਖੇਤਰ ਵਿਚ ਪਹਿਲਾ ਹੀ ਹਮਲਾ ਕੀਤਾ ਸੀ ਜਦੋਂਕਿ ਹੁਣ ਮਾਲਵਾ ਦੇ ਹੋਰਨਾਂ ਜ਼ਿਲ੍ਹਿਆ 'ਚ ਹਮਲੇ ਦਾ ਖਦਸ਼ਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਵਰਗ ਖੇਤਾਂ 'ਚ ਸਮੁੱਚੇ ਪ੍ਰਬੰਧ ਮੁਕੰਮਲ ਕਰ ਰਿਹਾ ਹੈ।