ਮੁਕਤਸਰ ਦੇ ਸਕੇ ਭਰਾਵਾਂ 'ਤੇ ਕੁਦਰਤ ਦੀ ਦੋਹਰੀ ਮਾਰ, ਫ਼ਸਲ ਵੀ ਤਬਾਹ ਹੋਈ ਤੇ ਆਸ਼ੀਆਨਾ ਵੀ ਹੋਇਆ ਢਹਿ-ਢੇਰੀ

Sunday, Apr 02, 2023 - 03:06 PM (IST)

ਮੁਕਤਸਰ ਦੇ ਸਕੇ ਭਰਾਵਾਂ 'ਤੇ ਕੁਦਰਤ ਦੀ ਦੋਹਰੀ ਮਾਰ, ਫ਼ਸਲ ਵੀ ਤਬਾਹ ਹੋਈ ਤੇ ਆਸ਼ੀਆਨਾ ਵੀ ਹੋਇਆ ਢਹਿ-ਢੇਰੀ

ਦੋਦਾ (ਲਖਵੀਰ, ਵੈੱਬ ਡੈਸਕ) : ਪਿਛਲੇ ਦਿਨੀਂ ਤੋਂ ਬਾਅਦ ਬੀਤੀ ਰਾਤ ਫਿਰ ਤੋਂ ਆਏ ਮੀਂਹ ਅਤੇ ਹਨ੍ਹੇਰੀ ਕਾਰਨ ਪਿੰਡ ਭਲਾਈਆਣਾ ’ਚ ਦੋ ਸਕੇ ਕਿਸਾਨ ਭਰਾਵਾਂ ਦਾ ਜਿੱਥੇ ਸਾਂਝਾ ਮਕਾਨ ਢਹਿ-ਢੇਰੀ ਹੋ ਗਿਆ ਉੱਥੇ ਹੀ ਠੇਕੇ ’ਤੇ 10 ਏਕੜ ਜ਼ਮੀਨ ਲੈ ਕੇ ਬੀਜੀ ਕਣਕ ਦੀ ਫ਼ਸਲ ਵੀ ਲਗਭਗ ਸਾਰੀ ਖ਼ਰਾਬ ਹੋ ਗਈ। ਇਸ ਸਬੰਧੀ ਪਿੰਡ ਭਲਾਈਆਣਾ ਦੇ ਛੋਟੇ ਕਿਸਾਨ ਜਗਦੀਪ ਸਿੰਘ ਪੁੱਤਰ ਜਰਨੈਲ ਸਿੰਘ ਤੇ ਬਲਜਿੰਦਰ ਸਿੰਘ ਪੁੱਤਰ ਜਰਨੈਲ ਸਿੰਘ ਦੋਵਾਂ ਭਰਾਵਾਂ ਨੇ ਦੱਸਿਆ ਕਿ ਪਿਛਲੇ ਦਿਨੀਂ ਪਏ ਭਾਰੀ ਮੀਂਹ ਤੇ ਤੇਜ਼ ਹਨ੍ਹੇਰੀ ਕਾਰਨ ਉਨ੍ਹਾਂ ਦੀ ਠੇਕੇ ’ਤੇ ਲਈ 10 ਏਕੜ ਫ਼ਸਲ ਬਿਲਕੁਲ ਖਰਾਬ ਹੋ ਗਈ ਹੈ, ਜਿੱਥੇ ਅੱਜ ਵੀ ਪਾਣੀ ਖੜ੍ਹਾ ਹੈ। 

ਇਹ ਵੀ ਪੜ੍ਹੋ- ਭਿਆਨਕ ਹਾਦਸੇ ਨੇ ਘਰ 'ਚ ਵਿਛਾਏ ਸੱਥਰ, ਨੌਕਰੀ ਦੇ ਪਹਿਲੇ ਦਿਨ ਹੀ ਨੌਜਵਾਨ ਕੁੜੀ ਦੀ ਦਰਦਨਾਕ ਮੌਤ

ਇਸ ਮੌਕੇ ਗੱਲ ਕਰਦਿਆਂ ਭਰਾਵਾਂ ਨੇ ਆਖਿਆ ਕਿ 24 ਮਾਰਚ ਨੂੰ ਪਏ ਭਾਰੀ ਮੀਂਹ ਕਾਰਨ ਲੋਕਾਂ ਦੀਆਂ ਫ਼ਸਲਾਂ ਪੂਰੀ ਤਰ੍ਹਾਂ ਬਰਬਾਦ ਹੋ ਗਈਆਂ ਅਤੇ ਸਾਡੇ ਸਾਰੇ ਮਕਾਨ ਨੂੰ ਵੀ ਸੈਲਾਬ ਆ ਗਈ। ਅਸੀਂ ਜ਼ਮੀਦਾਰ ਹਾਂ ਪਰ ਸਾਡੇ ਕੋਲ ਇੰਨਾ ਕੁਝ ਹੈ ਨਹੀਂ। ਇਸ ਤੋਂ ਪਹਿਲਾਂ ਨਰਮੇ ਦੀ ਖੇਤੀ ਹੁੰਦੀ ਸੀ, ਉਸ ਵੇਲੇ ਵੀ ਕਦੇ ਗੜ੍ਹੇਮਾਰੀ ਹੋ ਜਾਂਦੀ ਸੀ ਅਤੇ ਕਦੇ ਬੀਜ ਚੰਗੇ ਨਹੀਂ ਹੁੰਦੇ ਸੀ, ਜਿਸ ਕਾਰਨ ਨਰਮੇ ਦੀ ਫ਼ਸਲ ਮਰ ਜਾਂਦੀ ਸੀ। ਉਨ੍ਹਾਂ ਕਿਹਾ ਕਿ ਅਸੀਂ ਤਾਂ ਹੁਣ ਤੱਕ ਇਸ ਦੀ ਮਾਰ ਹੀ ਝੱਲਦੇ ਆਏ ਹਾਂ। ਅੱਗੇ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਸਭ ਤੋਂ ਪਹਿਲਾਂ ਅਸੀਂ ਇਹ ਢਹਿ-ਢੇਰੀ ਹੋਇਆ ਮਕਾਨ ਖੜ੍ਹਾ ਕੀਤਾ ਫਿਰ 2 ਕੁ ਸਾਲ ਬਾਅਦ ਇਸ ਦਾ ਪਲਸਤਰ ਕਰਵਾਇਆ। ਫਿਰ ਡੇਢ-2 ਸਾਲ ਬਾਅਦ ਇਸ ਦੀਆਂ ਫਰਸ਼ਾਂ ਦਾ ਕੰਮ ਕਰਵਾਇਆ। ਉਨ੍ਹਾਂ ਭਾਵੁਕ ਮਨ ਨਾਲ ਕਿਹਾ ਕਿ ਅਸੀਂ 8 ਸਾਲ ਮਿਹਨਤ ਕਰਕੇ ਇਸ ਮਕਾਨ ਨੂੰ ਖੜ੍ਹਾ ਕੀਤਾ ਸੀ ਅਤੇ ਸਾਡੀ ਕਮਾਈ ਇੰਨੀ ਨਹੀਂ ਹੈ ਕਿ ਅਸੀਂ ਇਸ ਨੂੰ ਜਲਦ ਹੀ ਮੁੜ ਤੋਂ ਬਣਾ ਲਈਏ। 

ਇਹ ਵੀ ਪੜ੍ਹੋ- ਨਾਬਾਲਗ ਬੱਚੇ ਨੇ ਇਨੋਵਾ ਨੂੰ ਪਾਸੇ ਕਰਨ ਦੀ ਕੋਸ਼ਿਸ਼ 'ਚ ਬ੍ਰੇਕ ਦੀ ਥਾਂ ਦੱਬੀ ਰੇਸ, ਵਾਪਰਿਆ ਹਾਦਸਾ

ਭਰਾਵਾਂ ਨੇ ਦੱਸਿਆ ਕਿ ਅਸੀਂ ਠੇਕੇ 'ਤੇ ਜ਼ਮੀਨ ਲੈ ਕੇ ਉਸ 'ਤੇ ਖੇਤੀ ਕਰਦੇ ਹਾਂ ਪਰ ਰੱਬ ਦੀ ਮਾਰ ਨੇ ਸਾਡੀ ਫ਼ਸਲ ਤਾਂ ਨੁਕਸਾਨੀ ਹੀ ਪਰ ਨਾਲ ਹੀ ਸਾਡਾ ਮਕਾਨ ਵੀ ਸਾਡੇ ਤੋਂ ਖੋਹ ਲਿਆ। ਉਨ੍ਹਾਂ ਕਿਹਾ ਕਿ ਅਸੀਂ ਮਿਹਨਤ ਕਰਨ ਵਾਲੇ ਵਿਅਕਤੀ ਹਾਂ ਤੇ 24 ਘੰਟਿਆਂ 'ਚ 16 ਘੰਟੇ ਕੰਮ ਕਰਨ ਦਾ ਜਜ਼ਬਾ ਰੱਖਦੇ ਹਾਂ ਅਤੇ ਅਸੀਂ ਕਿਸੇ ਦੇ ਅੱਗੇ ਵੀ ਹੱਥ ਨਹੀਂ ਅੱਡਣਾ ਚਾਹੁੰਦੇ ਪਰ ਰੱਬ ਸਾਡੇ ਨਾਲ ਧੱਕਾ ਕਰ ਗਿਆ। ਅਸੀਂ ਬੀਜੀ ਹੋਈ ਫ਼ਸਲ ਤੋਂ ਕਈ ਉਮੀਦਾਂ ਲਾਈਆਂ ਸਨ ਅਤੇ ਬਹੁਤ ਕੁਝ ਕਰਨ ਦਾ ਸੋਚਿਆ ਸੀ ਪਰ ਅਸੀਂ ਹੁਣ ਕੱਖੋਂ ਹੌਲੇ ਹੋ ਗਏ ਹਾਂ। ਭਰੇ ਮਨ ਨਾਲ ਉਨ੍ਹਾਂ ਕਿਹਾ ਕਿ ਇਸ ਮਕਾਨ ਨਾਲ ਸਾਡੇ ਬਾਪੂ ਦੀਆਂ ਯਾਦਾਂ ਜੁੜੀਆਂ ਹੋਈਆਂ ਸਨ। ਉਨ੍ਹਾਂ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜਲਦ ਤੋਂ ਜਲਦ ਉਨ੍ਹਾਂ ਦੀ ਫ਼ਸਲ ਦੀ ਗਿਰਦਾਵਰੀ ਕਰਕੇ ਨੁਕਸਾਨੀ ਫ਼ਸਲ ਦਾ ਮੁਆਵਜ਼ਾ ਦਿੱਤਾ ਜਾਵੇ ਅਤੇ ਡਿੱਗੇ ਮਕਾਨ ਦੀ ਗ੍ਰਾਂਟ ਦਿੱਤੀ ਜਾਵੇ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 


author

Simran Bhutto

Content Editor

Related News