ਫਸਲੀ ਟੋਕਨ ਨਾ ਮਿਲਣ ਕਾਰਨ ਚਿੰਤਾ ’ਚ ਡੁੱਬੇ ਆੜ੍ਹਤੀਏ ਦੀ ਸੜਕ ਹਾਦਸੇ ’ਚ ਮੌਤ
Sunday, Apr 19, 2020 - 05:37 PM (IST)
ਮਾਛੀਵਾੜਾ ਸਾਹਿਬ (ਟੱਕਰ) - ਪੰਜਾਬ ਸਰਕਾਰ ਵਲੋਂ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਕਿਸਾਨਾਂ ਲਈ, ਜੋ ਫਸਲੀ ਟੋਕਨ ਸਿਸਟਮ ਸ਼ੁਰੂ ਕੀਤਾ ਗਿਆ, ਉਹ ਫੇਲ੍ਹ ਸਿੱਧ ਹੋ ਰਿਹਾ ਹੈ। ਮਾਛੀਵਾੜਾ ’ਚ ਫਸਲੀ ਟੋਕਨ ਨਾ ਮਿਲਣ ਕਾਰਨ ਚਿੰਤਾ ’ਚ ਡੁੱਬੇ ਆੜ੍ਹਤੀ ਦਲਜੀਤ ਸਿੰਘ ਗੁਰਮ (62) ਦੀ ਸੜਕ ਹਾਦਸੇ ’ਚ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਦਲਜੀਤ ਮਾਛੀਵਾੜਾ ਅਨਾਜ ਮੰਡੀ ’ਚ ਆੜ੍ਹਤ ਦਾ ਕਾਰੋਬਾਰ ਕਰਦਾ ਸੀ। ਉਹ 15 ਅਪ੍ਰੈਲ ਤੋਂ ਕਣਕ ਦੀ ਖਰੀਦ ਸ਼ੁਰੂ ਹੋਣ ਦੌਰਾਨ ਫਸਲੀ ਟੋਕਨ ਲੈਣ ਲਈ ਕਾਫ਼ੀ ਜੱਦੋ-ਜ਼ਹਿਦ ਕਰ ਰਿਹਾ ਸੀ। 19 ਅਪ੍ਰੈਲ ਦੁਪਹਿਰ ਤੱਕ ਉਸ ਨੂੰ ਇਕ ਵੀ ਟੋਕਨ ਜਾਰੀ ਨਾ ਹੋਇਆ, ਜਿਸ ਕਾਰਨ ਉਹ ਫਸਲ ਨਾ ਆਉਣ ’ਤੇ ਕਾਫ਼ੀ ਪ੍ਰੇਸ਼ਾਨ ਸੀ।
ਮੰਡੀ ’ਚ ਉਸਦੇ ਸਾਥੀ ਆੜ੍ਹਤੀਆਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕਰੀਬ ਬਾਅਦ ਦੁਪਹਿਰ 2 ਵਜੇ ਉਸ ਨੂੰ ਕਿਸੇ ਨੇ ਦੱਸਿਆ ਕਿ ਫਸਲੀ ਟੋਕਨ ਨਾ ਮਿਲਣ ਕਾਰਨ ਉਸਦੇ ਇਕ ਕਿਸਾਨ ਨੇ ਆਪਣੀ ਫਸਲ ਕਿਸੇ ਹੋਰ ਆੜ੍ਹਤੀ ਨੂੰ ਵੇਚ ਦਿੱਤੀ। ਇਸੇ ਚਿੰਤਾ ’ਚ ਉਹ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਬੇਟ ਖੇਤਰ ਦੇ ਪਿੰਡਾਂ ਵੱਲ ਨੂੰ ਚਲਾ ਗਿਆ, ਜਿਸ ਦੌਰਾਨ ਉਹ ਆਪਣੇ ਮੋਟਰਸਾਈਕਲ ਦਾ ਸੰਤੁਲਨ ਗਵਾ ਬੈਠਾ। ਉਸ ਦਾ ਮੋਟਰਸਾਈਕਲ ਘਿਸੜਦਿਆ ਹੋਇਆ ਖੇਤਾਂ ’ਚ ਜਾ ਡਿੱਗਿਆ। ਲਾਕਡਾਊਨ ਹੋਣ ਕਾਰਨ ਸੜਕ ’ਤੇ ਆਵਾਜ਼ਾਈ ਨਾ ਹੋਣ ’ਤੇ ਉਹ ਕਰੀਬ ਡੇਢ ਘੰਟਾ ਜਖ਼ਮੀ ਹਾਲਤ ’ਚ ਪਿਆ ਰਿਹਾ ਅਤੇ ਕਿਸੇ ਰਾਹਗੀਰ ਵਲੋਂ ਸੂਚਨਾ ਦੇਣ ’ਤੇ ਜਦੋਂ ਉਸਦੇ ਪਰਿਵਾਰਕ ਮੈਂਬਰ ਹਸਪਤਾਲ ਲੈ ਕੇ ਆਏ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਆੜ੍ਹਤੀ ਦਲਜੀਤ ਸਿੰਘ ਗੁਰਮ ਦੀ ਮੌਤ ਹੋਣ ਨਾਲ ਮਾਛੀਵਾੜਾ ਦੇ ਸਾਰੇ ਆੜ੍ਹਤੀ ਵਰਗ ’ਚ ਭਾਰੀ ਸੋਗ ਦੀ ਲਹਿਰ ਫੈਲ ਗਈ। ਉਹ ਸਰਕਾਰ ਦੇ ਸਿਸਟਮ ਨੂੰ ਕੋਸ ਰਹੇ ਸਨ ਕਿ ਉਨ੍ਹਾਂ ਵਲੋਂ ਬਣਾਈਆਂ ਨੀਤੀਆਂ ਬੁਰੀ ਤਰ੍ਹਾਂ ਫਲਾਪ ਹੋ ਗਈਆਂ ਜਿਸ ਨਾਲ ਆੜ੍ਹਤੀਆਂ ਦਾ ਕਾਰੋਬਾਰ ਤਾਂ ਡੁੱਬੇਗਾ ਨਾਲ ਉਹ ਮਾਨਸਿਕ ਪ੍ਰੇਸ਼ਾਨੀ ਵੀ ਝੱਲ ਰਹੇ ਹਨ। ਫਿਲਹਾਲ ਪੁਲਸ ਵਲੋਂ ਆੜ੍ਹਤੀ ਦਲਜੀਤ ਸਿੰਘ ਗੁਰਮ ਦੀ ਲਾਸ਼ ਪੋਸਟ ਮਾਰਟਮ ਲਈ ਭੇਜ ਦਿੱਤੀ ਗਈ ਹੈ।