ਸਿੰਘੂ ਬਰਡਰ ਵਿਖੇ ਕਿਸਾਨਾਂ ''ਤੇ ਹੋਏ ਹਮਲੇ ਦੇ ਦੋਸ਼ੀਆਂ ''ਤੇ ਹੋਣ ਫੌਜਦਾਰੀ ਮੁਕਦਮੇ ਦਰਜ : ਅਕਾਲੀ ਦਲ

Saturday, Jan 30, 2021 - 08:54 PM (IST)

ਸਿੰਘੂ ਬਰਡਰ ਵਿਖੇ ਕਿਸਾਨਾਂ ''ਤੇ ਹੋਏ ਹਮਲੇ ਦੇ ਦੋਸ਼ੀਆਂ ''ਤੇ ਹੋਣ ਫੌਜਦਾਰੀ ਮੁਕਦਮੇ ਦਰਜ : ਅਕਾਲੀ ਦਲ

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੰਗ ਕੀਤੀ ਕਿ ਕੇਂਦਰ ਸਰਕਾਰ ਦਿੱਲੀ ਪੁਲਸ ਦੇ ਉਹਨਾਂ ਸਾਰੇ ਅਧਿਕਾਰੀਆਂ ਅਤੇ ਭਾਜਪਾ ਦੇ ਗੁੰਡਿਆਂ ਖਿਲਾਫ ਫੌਜਦਾਰੀ ਕਾਰਵਾਈ ਸ਼ੁਰੂ ਕਰੇ ਜਿਹਨਾ ਨੇ ਸਿੰਘੂ ਬਾਰਡਰ ’ਤੇ ਕਿਸਾਨ ਕੈਂਪਾਂ ’ਤੇ ਹਮਲਾ ਕਰ ਕੇ ਸਰਕਾਰੀ ਅਤਿਵਾਦ ਵਿਚ ਸ਼ਮੂਲੀਅਤ ਕੀਤੀ ਅਤੇ ਸਿੱਖ ਨੌਜਵਾਨਾਂ ਨੂੰ ਬੇਰਹਿਮੀ ਨਾਲ ਮਾਰਿਆ ਤੇ ਉਹਨਾਂ ਦੇ ਧਾਰਮਿਕ ਕੱਕਾਰਾਂ ਦੀ ਬੇਅਦਬੀ ਕੀਤੀ। 
ਇਥੇ ਪਾਰਟੀ ਦੇ ਮੁੱਖ ਦਫਤਰ ਵਿਚ ਇਕ ਪ੍ਰੈਸ ਕਾਨਫਰੰਸ ਨੁੰ ਸੰਬੋਧਨ ਕਰਦਿਆਂ ਸੀਨੀਅਰ ਆਗੂ ਸ੍ਰੀ ਬਿਕਰਮ ਸਿੰਘ ਮਜੀਠੀਆ ਨੇ ਇਹ ਵੀ ਮੰਗ ਕੀਤੀ ਕਿ ਕਿਉਂਕਿ ਦਿੱਲੀ ਪੁਲਸ ਦੇ ਨਾਲ ਗਏ ਭਾਜਪਾ ਦੇ ਗੁੰਡਿਆਂ ਨੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕੀਤੀ ਹੈ, ਇਸ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਹਨਾਂ ਖਿਲਾਫ ਢੁਕਵੇਂ ਕੇਸ ਦਰਜ ਕਰਨੇ ਚਾਹੀਦੇ ਹਨ ਅਤੇ ਇਸ ਮਗਰੋਂ ਅਗਲੇਰੀ ਕਾਰਵਾਈ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਇਸ ਸਬੰਧ ਵਿਚ ਮੁੱਖ ਮੰਤਰੀ ਨੂੰ ਰਸਮੀ ਸ਼ਿਕਾਇਤ ਸੌਂਪੇਗਾ ਅਤੇ ਮੰਗ ਕਰੇਗਾ ਕਿ ਜੇਕਰ ਮੁੱਖ ਮੰਤਰੀ ਨੇ ਮਾਮਲੇ ਵਿਚ ਢੁਕਵੀਂ ਕਾਰਵਾਈ ਨਾ ਕੀਤੀ ਤਾਂ ਫਿਰ ਇਹ ਸਪਸ਼ਟ ਹੋ ਜਾਵੇਗਾ ਕਿ ਮੁੱਖ ਮੰਤਰੀ ਆਪ ਭਾਜਪਾ ਨਾਲ ਰਲੇ ਹੋਏ ਹਨ। 
ਬਿਕਰਮ ਸਿੰਘ ਮਜੀਠੀਆ ਨੇ ਇਹ ਵੀ ਐਲਾਨ ਕੀਤਾ ਕਿ ਏ ਐਸ ਧਾਰਨੀ, ਡੀ ਐਸ ਸੋਬਤੀ ਤੇ ਹੈਰੀ ਬਾਜਵਾ ਦੀ ਸ਼ਮੂਲੀਅਤ ਵਾਲੀ ਤਿੰਨ ਮੈਂਬਰੀ ਕਮੇਟੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੇ ਮਾਮਲੇ ਵਿਚ ਕਿਸਾਨਾਂ ਦੀ ਮਦਦ ਕਰੇਗੀ ਅਤੇ ਉਹਨਾਂ ਨੇ ਇਹਨਾਂ ਦੇ ਤਿੰਨ ਮੋਬਾਈ ਨੰਬਰ 98150-00026, 99145-91011 ਅਤੇ 78144-00060 ਵੀ ਜਾਰੀ ਕੀਤੇ ਜਿਹਨਾਂ ਰਾਹੀਂ ਵਕੀਲਾਂ ਨਾਲ ਮੁਫਤ ਸਹਾਇਤਾ ਲਈ ਰਾਬਤਾ ਕਾਇਮ ਕੀਤਾ ਜਾ ਸਕਦਾ ਹੈ। ਉਹਨਾਂ ਨੇ ਇਹ ਵੀ ਐਲਾਨ ਕੀਤਾ ਕਿ ਸੀਨੀਅਰ ਆਗੂ ਜਥੇਦਾਰ ਤੋਤਾ ਸਿੰਘ ਨੇ ਧਰਮਕੋਟ ਦੇ ਲਾਪਤਾ 12 ਨੌਜਵਾਨਾਂ ਦੇ ਪਰਿਵਾਰਾਂ ਨਾਲ ਰਾਬਤਾ ਕਾਇਮ ਕਰ ਕੇ ਉਹਨਾਂ ਦੇ ਘਰਾਂ ਦਾ ਦੌਰਾ ਕੀਤਾ ਹੈ ਅਤੇ ਜੀਤ ਮਹਿੰਦਰ ਸਿੱਧੂ ਤੇ ਪਰਮਬੰਸ ਸਿੰਘ ਰੋਮਾਣਾ ਨੇ ਤਲਵੰਡੀ ਸਾਬੋ ਦੇ ਲਾਪਤਾ 8 ਨੌਜਵਾਨਾਂ ਦੇ ਪਰਿਵਾਰਾਂ ਕੋਲ ਪਹੁੰਚ ਕੀਤੀ ਹੈ। ਉਹਨਾਂ ਕਿਹਾ ਕਿ ਅਸੀਂ ਇਹਨਾਂ ਪਰਿਵਾਰਾਂ ਦੀ ਹਰ ਸੰਭਵ ਸਹਾਇਤਾ ਵੀ ਕਰਾਂਗੇ ਤੇ ਸਿੰਘੂ ਤੇ ਟਿਕਰੀ ਬਾਰਡਰਾਂ ’ਤੇ ਕਾਨੁੰਨ ਸਹਾਇਤਾ ਕੈਂਪ ਵੀ ਸਥਾਪਿਤ ਕਰਾਂਗੇ। 
ਸਿੰਘੂ ਵਿਖੇ ਕਿਸਾਨ ਅੰਦੋਲਨ ਕੈਂਪ ‘ਤੇ ਹਮਲੇ ਦੀਗੱਲ ਕਰਦਿਆਂ ਸ੍ਰੀ ਮਜੀਠੀਆ ਨੇ ਕਿਹਾ ਕਿ ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ।  ਉਹਨਾਂ ਕਿਹਾ ਕਿ ਪਹਿਲਾਂ ਸਿੱਖਾਂ ਨੁੰ ਚੁਣ ਚੁਣ ਕੇ ਇਕ ਪਾਸੇ ਕਰ ਕੇ ਕਾਂਗਰਸ ਦੇ ਗੁੰਡਿਆਂ ਵੱਲੋਂ 1984 ਵਿਚ ਪੁਲਿਸ ਦੀ ਮਦਦ ਨਾਲ ਹਮਲਾ ਕੀਤਾ ਜਾਂਦਾ ਸੀ। ਹੁਣ 36 ਸਾਲਾਂ ਬਾਅਦ ਭਾਜਪਾ ਦੇ ਗੁੰਡੇਦਿੱਲੀ ਪੁਲਿਸ ਦੀ ਮਦਦ ਨਾਲ ਕੌਮੀ ਰਾਜਧਾਨੀ ਵਿਚ ਸਿੱਖਾਂ ’ਤੇ ਹਮਲੇ ਕਰ ਰਹੇ ਹਨ ਤੇ ਫਿਰਕੂ ਤਣਾਅ ਪੈਦਾ ਕਰਨ ਦਾ ਯਤਨ ਕਰ ਰਹੇ ਹਨ ਜਿਸਵਾਸਤੇ ਉਹ ਦੇਸ਼ ਕੇ ਗੱਦਾਰੋ ਕੋ ਗੋਲੀ ਮਾਰੋ ਸਾਲੋ ਕੋ ਵਰਗੇ ਭੜਕਾਊ ਨਾਅਰੇ ਵੀ ਲਗਾ ਰਹੇ ਹਨ। 
ਉਹਨਾਂ ਕਿਹਾਕਿ ਬਜਾਏ ਮਾਸੂਮ ਸਿੱਖ ਨੌਜਵਾਨਾਂ ਨੁੰ ਨਿਸ਼ਾਨਾ ਬਣਾਉਣ ਅਤੇ ਇਹਨਾਂ ਖਿਲਾਫ ਯੂ ਏ ਪੀ ਏ ਵਰਗੀਆਂ ਸੰਗੀਨ ਧਾਰਾਵਾਂ ਲਾਉਣ ਦੇ, ਇਹ ਧਾਰਾਵਾਂ ਦਿੱਲੀ ਪੁਲਿਸ ਦੇ ਅਧਿਕਾਰੀਆਂ ਤੇ ਭਾਜਪਾ ਦੇ ਉਹਨਾਂ ਗੁੰਡਿਆਂ ਖਿਲਾਫ ਲਾਈਆਂ ਜਾਣੀਆਂ ਚਾਹੀਦੀਆਂ ੲਨ ਜਿਹਨਾਂ ਨੇ ਸ਼ਾਂਤੀ ਤੇ ਫਿਰਕੂ ਸਦਭਾਵਨਾ ਭੰਗ ਕਰਨ ਦਾ ਯਤਨ ਕੀਤਾ ਹੈ। ਉਹਨਾ ਨੇ ਦਿੱਲੀ ਪੁਲਿਸ ਨੂੰ ਇਹ ਵੀ ਪੁੱਛਿਆ ਕਿ ਕੀ ਰਣਜੀਤ ਸਿੰਘ, ਜਿਸਦੇ ਧਾਰਮਿਕ ਕੱਕਾਰਾਂ ਦੀ ਦਿੱਲੀ ਪੁਲਿਸ ਨੇ ਬੇਅਦਬੀ ਕੀਤੀ, ਇਕ ਪੀੜਤ ਹੈ ਜਾਂ ਹਮਲਾਵਰ ਹੈ ਜਿਵੇਂ ਕਿ ਘਟਨਾਵਾਂ ਦੀ ਵੀਡੀਓ ਵਿਚ ਨਜ਼ਰ ਆ ਰਿਹਾ ਹੈ ਜਿਸ ਵਿਚ ਸਪਸ਼ਟ ਦਿਸ ਰਿਹਾ ਹੈ ਕਿ ਪੁਲਿਸ ਅਧਿਕਾਰੀ ਤੇ ਭਾਜਪਾ ਦੇ ਗੁੰਡੇ ਉਸ ਨਾਲ ਕੁੱਟਮਾਰ ਕਰ ਰਹੇ ਹਨ ਤੇ ਉਹਨਾਂ ਨੇ ਇਸ ਮੌਕੇ ਇਹ ਵੀਡੀਓ ਚਲਾ ਕੇ ਵੀ ਵਿਖਾਈ। 
ਸ੍ਰੀ ਮਜੀਠੀਆ ਨੇ ਇਹ ਵੀ ਕਿਹਾ ਕਿ ਦੀਪ ਸਿੱਧੂ ਤੇ ਲੱਖਾ ਸਿਧਾਣਾ ਤੇ ਉਸ ਕਿਸਾਨ ਆਗੂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਹਨਾਂ ਨੇ ਰਲ ਕੇ ਗਣਤੰਤਰ ਦਿਵਸ ਵਾਲੇ ਦਿਨ ਕੇਂਦਰ ਸਰਕਾਰ ਦੇ ਹੱਥਾਂ ਵਿਚ ਖੇਡਦਿਆਂ ਕੰਮ ਕੀਤਾ। ਉਹਨਾ ਕਿਹਾ ਕਿ ਦੀਪ ਸਿੱਧੂ ਦੀ ਪ੍ਰਧਾਨ ਮੰਤਰੀ ਦਫਤਰ ਨਾਲ ਨੇੜਤਾ ਤੋਂ ਸਭ ਜਾਣੂ ਹਨ। ਉਹਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਕੇਂਦਰ ਸਰਕਾਰ ਨੇ ਹਰਿਆਣਾ ਵਿਚ 17 ਜ਼ਿਲਿ੍ਹਆ ਵਿਚ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਪਰ ਦੀਪ ਸਿੱਧੂ ਤੇਉਸਦੇ ਨੇੜਲਿਆਂ ਦੇ ਖਾਤੇ ਮੁਅੱਤਲ ਕਰਨ ਵਿਚ ਅਤੇ ਉਹਨਾਂ ਨੂੰ ਹੁਣ ਤੱਕ ਗ੍ਰਿਫਤਾਰ ਕਰਨ ਵਿਚ ਨਾਕਾਮ ਰਹੀ ਹੈ। 
ਅਕਾਲੀ ਆਗੂ ਨੇ ਜ਼ੋਰ ਦੇ ਕੇ ਕਿਹਾ ਕਿ ਕਿਸਾਨ ਤਿੰਨ ਨਫਰਤ ਭਰੇ ਖੇਤੀ ਕਾਨੂੰਨਾਂ ਖਿਲਾਫ ਆਪਣੇ ਸ਼ਾਂਤਮਈ ਅੰਦੋਲਨ ਰਾਹੀਂ ਆਪਣੇ ਸੰਵਿਧਾਨਕ ਹੱਕ ਲਈ ਲੋਕਤੰਤਰੀ ਰਵਾਇਤਾਂ ਅਨੁਸਾਰ ਚਲ ਰਹੇ ਹਨ । ਉਹਨਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗਾ ਹੈ ਕਿ ਕੇਂਦਰ ਸਰਕਾਰ ਨੂੰ ਇਹ ਅੰਦੋਲਨ ਹਜ਼ਮ ਨਹੀਂ ਹੋ ਰਿਹਾ ਤੇ ਉਹ ਕਿਸਾਨਾਂ ਨੂੰ ਨਕਸਲਵਾਦੀ, ਅਤਿਵਾਦੀ ਤੇ ਚੀਨ ਤੇ ਪਾਕਿਸਤਾਨ ਤੋਂ ਹਮਾਇਤ ਪ੍ਰਾਪਤੀ ਤੱਤ ਦੱਸ ਰਹੀ ਹੈ ਤੇ ਹੁਣ ਉਸਨੇ ਕਿਸਾਨਾਂ ’ਤੇ ਹਮਲੇ ਕਰਵਾਉਣੇ ਵੀ ਸ਼ੁਰੂ ਕਰ ਦਿੱਤੇ ਹਨ। ਉਹਨਾਂ ਕਿਹਾ ਕਿ ਕਿਸਾਨ ਇਹਨਾਂ ਤਰਕੀਬਾਂ ਤੋਂ ਡਰਨ ਵਾਲੇ ਨਹੀਂ ਹਨ ਤੇ ਆਉਂਦੇ ਦਿਨਾਂ ਵਿਚ ਕਿਸਾਨ ਅੰਦੋਲਨ ਹੋਰ ਮਜ਼ਬੂਤ ਹੋਵੇਗਾ। 
 


author

Bharat Thapa

Content Editor

Related News