ਸਾਲ 2019: ਮਾਛੀਵਾੜਾ 'ਚ ਜ਼ੁਰਮ ਦਾ ਘਟਿਆ ਗ੍ਰਾਫ, ਵਾਪਰੀਆਂ ਇਹ ਘਟਨਾਵਾਂ

Sunday, Dec 29, 2019 - 05:42 PM (IST)

ਸਾਲ 2019: ਮਾਛੀਵਾੜਾ 'ਚ ਜ਼ੁਰਮ ਦਾ ਘਟਿਆ ਗ੍ਰਾਫ, ਵਾਪਰੀਆਂ ਇਹ ਘਟਨਾਵਾਂ

ਮਾਛੀਵਾੜਾ ਸਾਹਿਬ (ਟੱਕਰ) : 2019 ਮਾਛੀਵਾੜਾ ਪੁਲਸ ਥਾਣੇ ਦੇ ਲੇਖੇ-ਜੋਖੇ ਮੁਤਾਬਕ ਇਸ ਸਾਲ ਜ਼ੁਰਮ ਦਾ ਗ੍ਰਾਫ਼ ਘਟਿਆ ਹੈ। ਜਾਣਕਾਰੀ ਮੁਤਾਬਕ 2018 'ਚ ਕੁੱਲ 207 ਮੁਕੱਦਮੇ ਦਰਜ ਹੋਏ ਸਨ ਜਦਕਿ 2019 'ਚ 159 ਮਾਮਲੇ ਦਰਜ ਹੋਏ ਹਨ।

ਜਾਣਕਾਰੀ ਮੁਤਾਬਕ 2019 'ਚ ਕਤਲ ਦੀਆਂ ਵੱਖ-ਵੱਖ ਥਾਂਵਾ 'ਤੇ 4 ਘਟਨਾਵਾਂ ਵਾਪਰੀਆਂ ਜਿਸ 'ਚ ਪਿੰਡ ਧਨੂੰਰ ਤੇ ਮਾਣੇਵਾਲ ਵਿਖੇ ਜੋ ਕਤਲ ਹੋਏ ਉਸ ਵਿਚ ਪਤਨੀ ਵਲੋਂ ਆਪਣੇ ਹੀ ਆਸ਼ਕ ਨਾਲ ਮਿਲ ਕੇ ਪਤੀਆਂ ਨੂੰ ਕਤਲ ਕਰ ਦਿੱਤਾ ਗਿਆ। ਪੁਲਸ ਦੀ ਇਹ ਵੱਡੀ ਪ੍ਰਾਪਤੀ ਰਹੀ ਕਿ ਪੁਲਸ ਨੇ ਇਨ੍ਹਾਂ ਘਟਨਾਵਾਂ ਦੇ ਕਥਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਸਲਾਖਾਂ ਪਿੱਛੇ ਭੇਜਿਆ। ਮਾਛੀਵਾੜਾ ਪੁਲਸ 2019 ਵਿਚ ਸ਼ਰਾਬ ਤਸਕਰੀ ਦੇ ਕੁੱਲ 25 ਮਾਮਲੇ ਦਰਜ ਹੋਏ ਜਦਕਿ 17 ਵਿਅਕਤੀਆਂ ਨੂੰ ਨਸ਼ੀਲੇ ਪਦਾਰਥਾਂ ਸਮੇਤ ਕਾਬੂ ਕਰ ਲਿਆ ਗਿਆ। ਇਸ ਸਾਲ 2019 'ਚ ਨਜਾਇਜ਼ ਮਾਈਨਿੰਗ ਦੇ ਕੇਵਲ 6 ਮਾਮਲੇ ਦਰਜ ਹੋਏ ਜਦਕਿ ਮਾਛੀਵਾੜਾ ਨੇੜੇ ਵਗਦਾ ਸਤਲੁਜ ਦਰਿਆ ਹਮੇਸ਼ਾ ਨਾਜਾਇਜ਼ ਮਾਈਨਿੰਗ ਕਾਰਨ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ। ਬਲਾਤਕਾਰ ਦੇ 4 ਮਾਮਲੇ ਦਰਜ ਹੋਏ, ਧੋਖਾਧੜੀ ਦੇ ਮਾਮਲੇ 3 ਮਾਮਲੇ ਅਤੇ ਦਾਜ ਦਹੇਜ ਦੇ 4 ਮਾਮਲੇ ਦਰਜ ਹੋਏ। ਘਰ ਜਾ ਕੇ ਹਮਲਾ ਕਰਨ ਦੇ 16 ਅਤੇ ਕਾਤਲਾਨਾ ਹਮਲੇ ਦਾ 1 ਮਾਮਲਾ ਦਰਜ ਹੋਇਆ। ਇਸ ਸਾਲ 2019 'ਚ 11 ਵੱਖ-ਵੱਖ ਥਾਵਾਂ 'ਤੇ ਚੋਰੀ ਹੋਈ ਜਦਕਿ ਲੁੱਟ ਖੋਹ ਦੇ ਵੀ 2 ਮਾਮਲੇ ਦਰਜ ਹੋਏ।

2019 'ਚ ਸੜਕ ਦੁਰਘਟਨਾ ਦੇ 14 ਮਾਮਲੇ ਦਰਜ ਹੋਏ ਅਤੇ ਇਨ੍ਹਾਂ ਹਾਦਸਿਆਂ 'ਚ 12 ਵਿਅਕਤੀਆਂ ਦੀ ਜਾਨ ਗਈ ਅਤੇ 9 ਜ਼ਖਮੀ ਹੋਏ। ਮਾਛੀਵਾੜਾ ਥਾਣਾ 'ਚ ਮਰਨ ਲਈ ਮਜ਼ਬੂਰ ਕਰਨ ਦੇ ਕਥਿਤ ਦੋਸ਼ ਹੇਠ ਤਿੰਨ ਮਾਮਲੇ ਦਰਜ ਹੋਏ ਜਦਕਿ ਸੱਟੇ ਦੇ 5 ਪਰਚੇ ਦਿੱਤੇ ਗਏ। ਮਾਛੀਵਾੜਾ ਪੁਲਸ ਥਾਣਾ 'ਚ ਪਹਿਲੀ ਵਾਰ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਪਰਾਲੀ ਜਲਾ ਕੇ ਪ੍ਰਦੂਸ਼ਣ ਫੈਲਾਉਣ ਦੇ ਕਥਿਤ ਦੋਸ਼ ਹੇਠ 13 ਕਿਸਾਨਾਂ 'ਤੇ ਪਰਚੇ ਦਰਜ ਕੀਤੇ ਗਏ। ਪੁਲਸ ਵਲੋਂ 2019 'ਚ ਟ੍ਰੈਵਲ ਏਜੰਟ ਖਿਲਾਫ ਸਿਕੰਜ਼ਾ ਕਸਦਿਆਂ 4 ਮਾਮਲੇ ਦਰਜ ਕੀਤੇ।


author

Shyna

Content Editor

Related News