ਜਲਾਲਾਬਾਦ ''ਚ ਨਹੀਂ ਥੰਮ ਰਿਹਾ ਚੋਰੀਆਂ ਦਾ ਸਿਲਸਿਲਾ
Thursday, Apr 05, 2018 - 01:52 AM (IST)

ਜਲਾਲਾਬਾਦ(ਮਿੱਕੀ, ਸੇਤੀਆ, ਬੰਟੀ, ਟੀਨੂੰ, ਦੀਪਕ, ਬਜਾਜ, ਜਤਿੰਦਰ, ਨਿਖੰਜ)—ਪਛਾਣ ਕੀਤੇ ਚੋਰਾਂ ਨੂੰ ਕਾਬੂ ਕਰਨ ਵਿਚ ਅਸਫਲ ਰਹੀ ਜਲਾਲਾਬਾਦ ਪੁਲਸ ਦੀ ਅਸਫਲਤਾ ਸ਼ਹਿਰ ਵਾਸੀਆਂ ਉਪਰ ਭਾਰੀ ਪੈ ਰਹੀ ਹੈ ਤੇ ਆਏ ਦਿਨ ਸ਼ਹਿਰ 'ਚ ਚੋਰੀਆਂ ਦੀਆਂ ਵਾਰਦਾਤਾਂ ਵਧ ਰਹੀਆਂ ਹਨ। ਇਸੇ ਤਰ੍ਹਾਂ ਹੀ ਬੀਤੀ ਰਾਤ ਸਥਾਨਕ ਸ਼ਹਿਰ 'ਚ ਵੱਖ-ਵੱਖ 3 ਦੁਕਾਨਾਂ 'ਤੇ ਚੋਰੀ ਹੋਣ ਦੀਆਂ ਸਾਹਮਣੇ ਆਈਆਂ ਵਾਰਦਾਤਾਂ ਨੇ ਪੁਲਸ ਦੀ ਚੋਰਾਂ ਪ੍ਰਤੀ ਵਰਤੀ ਜਾ ਰਹੀ ਢਿੱਲੀ ਕਾਰਜਪ੍ਰਣਾਲੀ ਦਾ ਇਕ ਹੋਰ ਸਬੂਤ ਦਿੱਤਾ ਹੈ। ਜ਼ਿਕਰਯੋਗ ਹੈ ਕਿ ਚੋਰਾਂ ਵੱਲੋਂ ਸਥਾਨਕ ਰੇਲਵੇ ਬਾਜ਼ਾਰ 'ਚ ਸਥਿਤ 2 ਵੱਖ-ਵੱਖ ਜਨਰਲ ਸਟੋਰਾਂ (ਮਨਿਆਰੀ ਦੀਆਂ ਦੁਕਾਨਾਂ) ਦੇ ਸ਼ਟਰਾਂ ਦਾ ਤਾਲਾ ਤੋੜ ਕੇ ਸਟੋਰਾਂ ਅੰਦਰ ਪਿਆ ਕੀਮਤੀ ਸਾਮਾਨ ਚੋਰੀ ਕਰਨ ਤੋਂ ਇਲਾਵਾ ਨਕਦੀ ਵੀ ਚੋਰੀ ਕਰ ਲਈ ਗਈ। ਇਸੇ ਤਰ੍ਹਾਂ ਫਿਰੋਜ਼ਪੁਰ-ਫਾਜ਼ਿਲਕਾ ਰੋਡ 'ਤੇ ਨਵੇਂ ਬੱਸ ਸਟੈਂਡ ਦੇ ਨਜ਼ਦੀਕ ਸਥਿਤ ਇਕ ਮੈਡੀਕਲ ਸਟੋਰ ਨੂੰ ਵੀ ਚੋਰਾਂ ਵੱਲੋਂ ਆਪਣੀ ਵਾਰਦਾਤ ਦਾ ਨਿਸ਼ਾਨਾ ਬਣਾਇਆ ਗਿਆ ਹੈ ਤੇ ਇਕੋ ਰਾਤ ਚੋਰੀਆਂ ਦੀਆਂ 3 ਵਾਰਦਾਤਾਂ ਵਾਪਰਨ ਤੋਂ ਬਾਅਦ ਜਿਥੇ ਸ਼ਹਿਰ ਵਾਸੀਆਂ 'ਚ ਰੋਸ ਵੇਖਣ ਨੂੰ ਮਿਲ ਰਿਹਾ ਹੈ, ਉਥੇ ਹੀ ਪੁਲਸ ਵਿਭਾਗ ਦੀ ਚੋਰਾਂ ਪ੍ਰਤੀ ਵਿਖਾਈ ਜਾ ਰਹੀ ਦਰਿਆ-ਦਿਲੀ ਇਕ ਵਾਰ ਫਿਰ ਖੁੱਲ੍ਹ ਕੇ ਸਾਹਮਣੇ ਆਈ ਹੈ ਤੇ ਸ਼ਹਿਰ ਵਾਸੀਆਂ ਦੀ ਮੰਗ ਹੈ ਕਿ ਚੋਰੀਆਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਚੋਰਾਂ ਦੀ ਗ੍ਰਿਫਤਾਰੀ ਜਲਦ ਤੋਂ ਜਲਦ ਕੀਤੀ ਜਾਵੇ ਤੇ ਖਾਸ ਤੌਰ 'ਤੇ ਸਥਾਨਕ ਸ਼ਿਵਾਲਿਕ ਸਕੂਲ ਦੇ ਨਜ਼ਦੀਕ ਇਕ ਘਰ ਨੂੰ ਨਿਸ਼ਾਨਾ ਬਣਾਉਣ ਵਾਲੇ ਪਛਾਣ ਕੀਤੇ ਚੋਰਾਂ ਨੂੰ ਜੇਕਰ ਪੁਲਸ ਤੁਰੰਤ ਕਾਬੂ ਕਰਦੀ ਹੈ ਤਾਂ ਨਿੱਤ ਦਿਹਾੜੇ ਵਾਰਪਨ ਵਾਲੀਆਂ ਚੋਰੀਆਂ ਦੀਆਂ ਵਾਰਦਾਤਾਂ 'ਤੇ ਵਿਰਾਮ ਚਿੰਨ੍ਹ ਲੱਗੇਗਾ।