ਜਾਅਲੀ ਨੰਬਰਾਂ ਦਾ ਫਰਜ਼ੀਵਾੜਾ : ਸਰਕਾਰ ''ਤੇ ਰਿਫਾਇਨਰੀ ਨੂੰ ਚੂਨਾ ਲਾਉਣ ਦੇ ਦੋਸ਼ ''ਚ 3 ਨਾਮਜ਼ਦ
Tuesday, Mar 06, 2018 - 04:08 AM (IST)
ਬਠਿੰਡਾ(ਵਰਮਾ)-ਗੁੰਡਾ ਟੈਕਸ ਦੇ ਨਾਂ ਤੋਂ ਬਦਨਾਮ ਰਿਫਾਇਨਰੀ ਵਿਚ ਜਾਣ ਵਾਲੇ ਟਰੱਕਾਂ ਦਾ ਇਕ ਹੋਰ ਪਰਦਾਫਾਸ਼ ਹੋਇਆ ਹੈ। ਇਸ 'ਚ ਟਰੱਕਾਂ 'ਤੇ ਜਾਅਲੀ ਨੰਬਰ ਲਾ ਕੇ ਭਾਰੀ ਸਾਮਾਨ ਨੂੰ ਰਿਫਾਇਨਰੀ ਵਿਚ ਭੇਜਣ ਦੀ ਕੋਸ਼ਿਸ਼ 'ਚ 3 ਲੋਕਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਇਹ ਫਰਜ਼ੀਵਾੜਾ ਉਸ ਵੇਲੇ ਸਾਹਮਣੇ ਆਇਆ ਜਦੋਂ ਰਿਫਾਇਨਰੀ ਦੇ ਗੇਟ 'ਤੇ ਤਾਇਨਾਤ ਸੁਰੱਖਿਆ ਮੁਖੀ ਗੌਤਮ ਅਗਰਵਾਲ ਨੇ ਰਿਫਾਇਨਰੀ ਵਿਚ ਸਾਮਾਨ ਲੈ ਕੇ ਆਉਣ ਵਾਲੇ ਟਰੱਕਾਂ ਦੀ ਚੈਕਿੰਗ ਕੀਤੀ। ਪਤਾ ਲੱਗਾ ਕਿ ਟਰੱਕਾਂ ਜੇ ਨੰਬਰ ਪਲੇਟ ਫਰਜ਼ੀ ਸਨ। ਟੈਕਸ ਬਚਾਉਣ ਤੇ ਸਰਕਾਰ ਨੂੰ ਚੂਨਾ ਲਾਉਣ ਲਈ ਟਰੱਕ ਆਪ੍ਰੇਟਰ ਆਮ ਤੌਰ ਤੇ ਟੈਕਸ ਅਦਾ ਕੀਤੇ ਹੋਏ ਟਰੱਕਾਂ ਦੀ ਨੰਬਰ ਪਲੇਟ ਦਾ ਪ੍ਰਯੋਗ ਕਰ ਕੇ ਟਰੱਕਾਂ ਨੂੰ ਰਿਫਾਇਨਰੀ ਅੰਦਰ ਲੈ ਜਾਂਦੇ ਸਨ। ਰਿਫਾਇਨਰੀ ਗੇਟ 'ਤੇ ਸੁਰੱਖਿਆ ਦੇ ਕਰੜੇ ਪ੍ਰਬੰਧ ਹਨ। ਇਨ੍ਹਾਂ ਦੀ ਇਜਾਜ਼ਤ ਤੋਂ ਬਿਨਾਂ ਰਿਫਾਇਨਰੀ 'ਚ ਪਰਿੰਦਾ ਵੀ ਪਰ ਨਹੀ ਮਾਰ ਸਕਦਾ ਪਰ ਟੈਕਸ ਚੋਰਾਂ ਨੇ ਤਾਂ ਟਰੱਕ ਹੀ ਅੰਦਰ ਲਿਆਉਣ ਦੀ ਕੋਸ਼ਿਸ਼ ਕੀਤੀ। ਰਿਫਾਇਨਰੀ ਅਧਿਕਾਰੀਆਂ ਵੱਲੋਂ ਪੁਲਸ ਨੂੰ ਲਿਖਤੀ ਸ਼ਿਕਾਇਤ ਕੀਤੀ ਗਈ। ਇਸ ਵਿਚ ਦੱਸਿਆ ਗਿਆ ਕਿ ਨਿਰਮਲ ਸਿੰਘ ਪੁੱਤਰ ਦੀਦਾਰ ਸਿੰਘ ਵਾਸੀ ਗੁਰਦਾਸਪੁਰ, ਗੁਰਬਖਸ਼ੀਸ਼ ਸਿੰਘ ਪੁੱਤਰ ਜਸਵਿੰਦਰ ਸਿੰਘ ਵਾਸੀ ਭੁੱਚੋ ਤੇ ਪ੍ਰਿਤਪਾਲ ਸਿੰਘ ਪੁੱਤਰ ਹਰਪਾਲ ਸਿੰਘ ਵਾਸੀ ਰਾਮਪੁਰਾ ਫੂਲ ਨੇ ਟਰੱਕ ਨੰਬਰ ਪੀ. ਬੀ. 03 ਏ ਪੀ 9013 ਤੇ ਫਰਜ਼ੀ ਨੰਬਰ ਪਲੇਟ ਪੀ. ਬੀ. 03 ਏ ਪੀ 9213 ਲੱਗੀ ਹੋਈ ਸੀ। ਜਦੋਂ ਅਧਿਕਾਰੀਆਂ ਨੇ ਇਸ ਦੇ ਇੰਜਣ ਨੰਬਰ ਤੇ ਚੈਸੀ ਦਾ ਮਿਲਾਣ ਕੀਤਾ ਤਾਂ ਇਹ ਰਾਜ਼ ਖੁੱਲ੍ਹਿਆ। ਇਹ ਪੰਜਾਬ ਸਰਕਾਰ ਨੂੰ ਚੂਨਾ ਲਾ ਰਹੇ ਸਨ। ਰਿਫਾਇਨਰੀ ਵਿਚ ਕੋਈ ਵੀ ਟਰੱਕ ਜਿਸ ਨੇ ਟੈਕਸ ਅਦਾ ਨਹੀਂ ਕੀਤਾ, ਅੰਦਰ ਦਾਖਲ ਨਹੀਂ ਹੋ ਸਕਦਾ। ਫਿਲਹਾਲ ਪੁਲਸ ਨੇ ਮੁਲਜ਼ਮਾਂ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਇਕ ਮੁਲਜ਼ਮ ਨਿਰਮਲ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ।
ਕੀ ਕਹਿਣਾ ਹੈ ਥਾਣਾ ਮੁਖੀ ਦਾ?
ਰਾਮਾ ਪੁਲਸ ਸਟੇਸ਼ਨ ਦੇ ਮੁਖੀ ਹਰਬੰਸ ਸਿੰਘ ਦਾ ਕਹਿਣਾ ਹੈ ਕਿ ਸ਼ਿਕਾਇਤ ਦੇ ਆਧਾਰ ਤੇ ਟਰੱਕ ਚਾਲਕ ਮਾਲਕ ਤੇ ਕੰਡਕਟਰ ਦੇ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਰਿਫਾਇਨਰੀ ਵਿਚ ਕਿਸੇ ਕਿਸਮ ਦਾ ਕੋਈ ਗੁੰਡਾ ਟੈਕਸ ਨਹੀਂ ਲਿਆ ਜਾ ਰਿਹਾ। ਸਿਰਫ ਝੂਠਾ ਪ੍ਰਚਾਰ ਕਰ ਕੇ ਬਦਨਾਮ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਰਿਫਾਇਨਰੀ ਦੇ ਬਾਹਰ ਸੀ. ਸੀ. ਟੀ. ਵੀ. ਕੈਮਰੇ ਲਾ ਦਿੱਤੇ ਗਏ ਹਨ ਜਿਸ ਵਿਚ ਹਰੇਕ ਆਉਣ-ਜਾਣ ਵਾਲੇ 'ਤੇ ਨਜ਼ਰ ਰੱਖੀ ਜਾ ਰਹੀ ਹੈ। ਕੋਈ ਵੀ ਟਰੱਕ ਸਾਮਾਨ ਲੈ ਕੇ ਦਸਤਾਵੇਜ਼ਾਂ ਸਮੇਤ ਅੰਦਰ ਜਾ ਸਕਦਾ ਹੈ। ਰਿਫਾਇਨਰੀ ਦੇ ਬਾਹਰ ਟਰਾਂਸਪੋਰਟਰਾਂ ਹੀ ਆਪਣਾ ਦਫਤਰ ਖੋਲ੍ਹੇ ਹੋਏ ਹਨ। ਬਾਹਰੋਂ ਆਉਣ ਵਾਲੇ ਕਿਸੇ ਵੀ ਟਰੱਕ ਨੂੰ ਰੋਕਣ ਦੀ ਕਿਸੇ ਦੀ ਵੀਂ ਹਿੰਮਤ ਨਹੀਂ, ਨਾ ਹੀ ਕਿਸੇ ਬਾਹਰੀ ਟਰੱਕ ਤੋਂ ਕੋਈ ਪੈਸਾ ਵਸੂਲਿਆ ਜਾ ਰਿਹਾ ਹੈ।
