ਮਾਮਲਾ ਪਤਨੀ-ਪੁੱਤਰ ਨੂੰ ਗੋਲੀ ਮਾਰਨ ਦਾ ਫਰਾਰ ਜੇ. ਈ. ਦਾ ਕੋਈ ਸੁਰਾਗ ਨਹੀਂ
Wednesday, Feb 14, 2018 - 03:42 AM (IST)

ਬਠਿੰਡਾ(ਬਲਵਿੰਦਰ)-ਦੋ ਦਿਨ ਪਹਿਲਾਂ ਪਤਨੀ ਤੇ ਪੁੱਤਰ ਨੂੰ ਗੋਲੀਆਂ ਮਾਰਨ ਵਾਲੇ ਜੇ. ਈ. ਦਾ ਅਜੇ ਤੱਕ ਕੋਈ ਸੁਰਾਗ ਨਹੀਂ ਮਿਲ ਸਕਿਆ ਹੈ। ਜ਼ਿਕਰਯੋਗ ਹੈ ਕਿ ਜੇ. ਈ. ਪਵਨ ਕੁਮਾਰ ਵਾਸੀ ਗੋਪਾਲ ਨਗਰ, ਜੋ ਤਿੰਨ ਮਹੀਨਿਆਂ ਬਾਅਦ ਰਿਟਾਇਰਡ ਹੋਣ ਵਾਲਾ ਸੀ, ਨੇ 11 ਫਰਵਰੀ ਨੂੰ ਆਪਣੀ ਪਤਨੀ ਰੇਨੂੰ ਤੇ ਪੁੱਤਰ ਸਾਹਿਲ ਕੁਮਾਰ ਨੂੰ ਗੋਲੀਆਂ ਮਾਰ ਦਿੱਤੀਆਂ ਸਨ, ਜੋ ਗੰਭੀਰ ਜ਼ਖਮੀ ਹੋਣ ਤੋਂ ਬਾਅਦ ਸਿਵਲ ਹਸਪਤਾਲ ਬਠਿੰਡਾ ਵਿਖੇ ਜ਼ੇਰੇ ਇਲਾਜ ਹਨ। ਪਤਨੀ ਦੇ ਬਿਆਨ 'ਤੇ ਉਕਤ ਵਿਰੁੱਧ ਜਾਨਲੇਵਾ ਹਮਲੇ ਦੇ ਦੋਸ਼ਾਂ ਤਹਿਤ ਮੁਕੱਦਮਾ ਦਰਜ ਹੋ ਗਿਆ ਸੀ। ਮੁਲਜ਼ਮ ਵਾਰਦਾਤ ਤੋਂ ਬਾਅਦ ਹੀ ਫਰਾਰ ਹੈ, ਜਿਸ ਕੋਲ ਲਾਇਸੈਂਸੀ ਪਿਸਤੌਲ ਵੀ ਹੈ। ਜੇ. ਈ. ਮਾਨਸਿਕ ਰੋਗੀ ਹੈ, ਜੋ ਪਹਿਲਾਂ ਖੁਦ ਨੂੰ ਵੀ ਗੋਲੀ ਮਾਰ ਚੁੱਕਾ ਹੈ। ਉਕਤ ਦਾ ਮਾਨਸਿਕ ਰੋਗਾਂ ਦਾ ਮਾਹਰ ਡਾਕਟਰ ਕੋਲ ਇਲਾਜ ਚੱਲ ਰਿਹਾ ਸੀ। ਇਸ ਦੇ ਬਾਵਜੂਦ ਉਸ ਦਾ ਅਸਲਾ ਜ਼ਬਤ ਨਹੀਂ ਕੀਤਾ ਗਿਆ।
ਕੀ ਕਹਿੰਦੇ ਹਨ ਪੁਲਸ ਅਧਿਕਾਰੀ
ਇੰਸਪੈਕਟਰ ਦਵਿੰਦਰ ਸਿੰਘ ਥਾਣਾ ਮੁਖੀ ਕੈਨਾਲ ਦਾ ਕਹਿਣਾ ਹੈ ਕਿ ਜੇ. ਈ. ਦੀ ਭਾਲ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਉਸ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ। ਉਮੀਦ ਹੈ ਕਿ ਉਸ ਨੂੰ ਜਲਦੀ ਹੀ ਫੜ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜੇ. ਈ. ਦੇ ਘਰ ਇਕ ਹੋਰ ਅਸਲਾ ਪਿਆ ਹੈ ਪਰ ਘਰ ਨੂੰ ਤਾਲਾ ਲੱਗਾ ਹੋਇਆ ਹੈ ਕਿਉਂਕਿ ਜੇ. ਈ. ਦੀ ਪਤਨੀ ਤੇ ਪੁੱਤਰ ਹਸਪਤਾਲ 'ਚ ਦਾਖਲ ਹਨ। ਉਹ ਜਦੋਂ ਹੀ ਠੀਕ ਹੁੰਦੇ ਹਨ, ਅਸਲਾ ਜ਼ਬਤ ਕਰ ਲਿਆ ਜਾਵੇਗਾ।