ਗੁਰੂ ਤੇਗ ਬਹਾਦਰ ਡਰੱਗ ਸਟੋਰ ਦਾ ਸ਼ਟਰ ਤੋੜ ਕੇ 3.5 ਲੱਖ ਦੀ ਚੋਰੀ
Thursday, Feb 01, 2018 - 05:14 AM (IST)

ਲੁਧਿਆਣਾ(ਰਿਸ਼ੀ)-ਮਾਡਲ ਟਾਊਨ ਸਥਿਤ ਗੁਰੂ ਤੇਗ ਬਹਾਦਰ ਹਸਪਤਾਲ ਦੇ ਸਾਹਮਣੇ ਗੁਰੂ ਤੇਗ ਬਹਾਦਰ ਡਰੱਗ ਸਟੋਰ ਦਾ ਸ਼ਟਰ ਤੋੜ ਕੇ ਲੁਟੇਰੇ ਗੱਲੇ 'ਚ ਪਈ 3.5 ਲੱਖ ਦੀ ਨਕਦੀ ਚੋਰੀ ਕਰ ਕੇ ਲੈ ਗਏ। ਪਤਾ ਲੱਗਣ 'ਤੇ ਘਟਨਾ ਸਥਾਨ 'ਤੇ ਪਹੁੰਚੀ ਥਾਣਾ ਐੱਸ. ਬੀ. ਐੱਸ. ਨਗਰ ਦੀ ਪੁਲਸ ਜਾਂਚ 'ਚ ਜੁਟ ਗਈ। ਜਾਣਕਾਰੀ ਦਿੰਦੇ ਹੋਏ ਵਿਸ਼ਾਲ ਨਗਰ ਦੇ ਰਹਿਣ ਵਾਲੇ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਹਰ ਰੋਜ਼ ਦੀ ਤਰ੍ਹਾਂ ਉਹ ਮੰਗਲਵਾਰ ਰਾਤ 11 ਵਜੇ ਆਪਣੀ ਦੁਕਾਨ ਬੰਦ ਕਰ ਕੇ ਘਰ ਗਏ ਸੀ, ਰਾਤ ਲਗਭਗ ਢਾਈ ਵਜੇ ਨਾਲ ਦੀ ਦੁਕਾਨ ਦੇ ਮਾਲਕ ਨੇ ਫੋਨ ਕਰ ਕੇ ਉਨ੍ਹਾਂ ਨੂੰ ਦੁਕਾਨ 'ਚ ਚੋਰੀ ਦੀ ਸੂਚਨਾ ਦਿੱਤੀ। ਦੁਕਾਨ 'ਚ ਲੱਗੇ ਕੈਮਰਿਆਂ 'ਚ ਚੋਰੀ ਦੀ ਵਾਰਦਾਤ ਕੈਦ ਹੋ ਗਈ। ਫੁਟੇਜ 'ਚ ਸਾਫ ਦਿਖਾਈ ਦੇ ਰਿਹਾ ਹੈ ਕਿ ਰਾਤ 2.05 ਵਜੇ ਸਵਿਫਟ ਕਾਰ ਦੁਕਾਨ ਦੇ ਬਾਹਰ ਆ ਕੇ ਰੁਕਦੀ ਹੈ, 3 ਨਕਾਬਪੋਸ਼ ਕਾਰ ਤੋਂ ਬਾਹਰ ਨਿਕਲਦੇ ਹਨ ਅਤੇ ਸਿਰਫ 5 ਮਿੰਟਾਂ 'ਚ ਸ਼ਟਰ ਤੋੜ ਕੇ ਨਕਦੀ ਲੈ ਜਾਂਦੇ ਹਨ। ਵਾਰਦਾਤ ਨੂੰ ਅੰਜਾਮ ਦਿੰਦੇ ਸਮੇਂ ਚੌਕੀਦਾਰ ਨੂੰ ਆਉਂਦਾ ਦੇਖ ਫਰਾਰ ਹੋ ਗਏ। ਪੁਲਸ ਅਨੁਸਾਰ ਉਨ੍ਹਾਂ ਹੱਥ ਕਈ ਅਹਿਮ ਸੁਰਾਗ ਲੱਗੇ ਹਨ, ਜਲਦ ਕੇਸ ਹੱਲ ਕਰ ਲਿਆ ਜਾਵੇਗਾ।