ਹੇਠਾਂ ਸ਼ਰਾਬ ਦਾ ਠੇਕਾ, ਛੱਤ ''ਤੇ ਪਿਲਾਈ ਜਾ ਰਹੀ ਸ਼ਰੇਆਮ ਸ਼ਰਾਬ
Wednesday, Jan 17, 2018 - 03:45 AM (IST)
ਲੁਧਿਆਣਾ(ਰਾਮ)-ਸ਼ਰੇਆਮ ਨਿਯਮਾਂ ਦੀਆਂ ਧੱਜੀਆਂ ਉਡਾ ਕੇ ਰਿਹਾਇਸ਼ੀ ਇਲਾਕੇ ਜਸਵੰਤ ਨਗਰ 'ਚ ਸ਼ਰਾਬ ਪਿਲਾਉਣ ਦਾ ਦੌਰ ਜਾਰੀ ਹੈ। ਇਸ 'ਤੇ ਨਾ ਤਾਂ ਕਿਸੇ ਆਬਕਾਰੀ ਵਿਭਾਗ ਦੇ ਅਧਿਕਾਰੀਆਂ ਅਤੇ ਨਾ ਹੀ ਪੁਲਸ ਦੀ ਨਜ਼ਰ ਪੈਂਦੀ ਹੈ। ਥਾਣਾ ਸਲੇਮ ਟਾਬਰੀ ਦੇ ਅਧੀਨ ਪੈਂਦੇ ਖੇਤਰ 'ਚ ਇਕ ਸ਼ਰਾਬ ਠੇਕੇ ਦੀ ਛੱਤ 'ਤੇ ਸ਼ਰੇਆਮ ਮਹਿਖਾਨਾ ਬਣਾਇਆ ਹੋਇਆ ਹੈ, ਜਿਥੇ ਲੋਕ ਸ਼ਰੇਆਮ ਦਿਨ ਹੋਵੇ ਜਾਂ ਸ਼ਾਮ ਜਾਮ ਨਾਲ ਜਾਮ ਟਕਰਾ ਰਹੇ ਹਨ। ਯਾਦ ਰਹੇ ਕਿ ਉਸ ਦੇ ਆਲੇ-ਦੁਆਲੇ ਰਿਹਾਇਸ਼ੀ ਇਲਾਕਾ ਵੀ ਹੈ ਤੇ ਲੋਕ ਆਪਣੇ ਘਰਾਂ ਦੀ ਛੱਤ 'ਤੇ ਖੜ੍ਹੇ ਵੀ ਨਹੀਂ ਹੋ ਸਕਦੇ। ਸ਼ਰਾਬੀਆਂ ਦੇ ਰੌਲੇ-ਰੱਪੇ ਕਾਰਨ ਮਹਿਲਾਵਾਂ ਨੂੰ ਉਥੇ ਕੁੱਝ ਪਲ ਰੁਕਣਾ ਵੀ ਮੁਸ਼ਕਲ ਹੋ ਜਾਂਦਾ ਹੈ ਪਰ ਆਬਕਾਰੀ ਵਿਭਾਗ ਦੇ ਅਧਿਕਾਰੀ ਇਸ ਤੋਂ ਬੇਖ਼ਬਰ ਹਨ। ਸ਼ਰਾਬ ਪੀਣ ਵਾਲੇ ਲੋਕ ਇਥੇ ਜ਼ੋਰ-ਜ਼ੋਰ ਨਾਲ ਹੱਸਦੇ ਹਨ ਤੇ ਇਕ-ਦੂਜੇ ਨਾਲ ਗਾਲ੍ਹਾਂ ਕੱਢਦੇ ਨਜ਼ਰ ਆਉਂਦੇ ਹਨ। ਇਸ ਸਬੰਧ 'ਚ ਇਲਾਕਾ ਨਿਵਾਸੀਆਂ ਵਲੋਂ ਪੁਲਸ ਕਮਿਸ਼ਨਰ ਨੂੰ ਵੀ ਸ਼ਿਕਾਇਤ ਕੀਤੀ ਗਈ ਹੈ ਪਰ ਕੋਈ ਕਾਰਵਾਈ ਨਹੀਂ ਹੋਈ।
