ਚੋਰਾਂ ਨੇ ਹੌਜ਼ਰੀ ਨੂੰ ਬਣਾਇਆ ਨਿਸ਼ਾਨਾ, ਉਡਾ ਕੇ ਲੈ ਗਏ 7 ਲੱਖ ਦਾ ਮਾਲ
Sunday, Jan 07, 2018 - 05:31 AM (IST)

ਲੁਧਿਆਣਾ(ਮਹੇਸ਼)-ਜਿਵੇਂ-ਜਿਵੇਂ ਸਰਦੀ ਵੱਧ ਰਹੀ ਹੈ, ਚੋਰੀ ਦੀਆਂ ਵਾਰਦਾਤਾਂ ਦਾ ਗ੍ਰਾਫ ਵਧਦਾ ਜਾ ਰਿਹਾ ਹੈ। ਪਿਛਲੇ 6 ਦਿਨਾਂ ਵਿਚ ਹੋਈਆਂ ਚੋਰੀ ਦੀਆਂ 9 ਵਾਰਦਾਤਾਂ ਨੂੰ ਸੁਲਝਾਉਣ ਲਈ ਪੁਲਸ ਅਜੇ ਮੱਥਾ-ਖਪਾਈ ਕਰ ਹੀ ਰਹੀ ਸੀ ਕਿ ਚੋਰਾਂ ਨੇ ਸਲੇਮ ਟਾਬਰੀ ਇਲਾਕੇ ਵਿਚ ਇਕ ਹੌਜ਼ਰੀ ਨੂੰ ਆਪਣਾ ਨਿਸ਼ਾਨਾ ਬਣਾ ਦਿੱਤਾ। ਉਥੋਂ 7 ਲੱਖ ਰੁਪਏ ਦਾ ਤਿਆਰ ਮਾਲ, ਐੱਲ. ਸੀ. ਡੀ., ਕੰਪਿਊਟਰ, ਲੈਪਟਾਪ, ਪ੍ਰਿੰਟਰ ਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਕੇ ਲੈ ਗਏ। ਇੰਨਾ ਹੀ ਨਹੀਂ ਜਾਂਦੇ ਸਮੇਂ ਸੀ. ਸੀ. ਟੀ. ਵੀ. ਕੈਮਰਿਆਂ ਨਾਲ ਅਟੈਚ ਡੀ. ਵੀ. ਆਰ. ਵੀ ਚੁੱਕ ਕੇ ਲੈ ਗਏ। ਫਿਲਹਾਲ ਪੁਲਸ ਨੇ ਹੌਜ਼ਰੀ ਮਾਲਕ ਗਗਨ ਆਹੂਜਾ ਦੀ ਸ਼ਿਕਾਇਤ 'ਤੇ ਕੇਸ ਦਰਜ ਕਰ ਕੇ ਮਾਮਲੇ ਦੀ ਛਾਣਬੀਣ ਸ਼ੁਰੂ ਕਰ ਦਿੱਤੀ ਹੈ। ਰਾਜਗੁਰੂ ਇਲਾਕੇ ਦੇ ਰਹਿਣ ਵਾਲੇ ਗਗਨ ਦੀ ਚੰਨਣ ਦੇਵੀ ਸਕੂਲ ਨੇੜੇ ਹੌਜ਼ਰੀ ਹੈ। 4-5 ਜਨਵਰੀ ਦੀ ਅੱਧੀ ਰਾਤ ਨੂੰ ਚੋਰ ਤਾਲੇ ਤੋੜ ਕੇ ਅੰਦਰ ਦਾਖਲ ਹੋਏ ਤੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਆਰਾਮ ਨਾਲ ਚਲਦੇ ਬਣੇ। ਅਗਲੀ ਸਵੇਰ ਜਦੋਂ ਗਗਨ ਹੌਜ਼ਰੀ ਪਹੁੰਚਿਆ ਤਾਂ ਉਸ ਨੇ ਕੈਂਚੀ ਗੇਟ ਦਾ ਤਾਲਾ ਟੁੱਟਿਆ ਹੋਇਆ ਦੇਖਿਆ। ਉਸ ਨੇ ਇਸ ਦੀ ਜਾਣਕਾਰੀ ਤੁਰੰਤ ਪੁਲਸ ਨੂੰ ਦਿੱਤੀ। ਮੌਕੇ 'ਤੇ ਪੁੱਜੀ ਪੁਲਸ ਨੂੰ ਘਟਨਾ ਸਥਾਨ ਤੋਂ ਲੋਹੇ ਦੀ ਇਕ ਸੱਬਲ ਤੇ ਟਾਇਰ ਖੋਲ੍ਹਣ ਵਾਲਾ ਔਜ਼ਾਰ ਮਿਲਿਆ, ਜੋ ਭੱਜਦੇ ਸਮੇਂ ਚੋਰ ਮੌਕੇ 'ਤੇ ਹੀ ਛੱਡ ਗਏ। ਪੁਲਸ ਨੇ ਆਲੇ-ਦੁਆਲੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਵੀ ਹਾਸਲ ਕੀਤੀ ਪਰ ਅਜੇ ਤੱਕ ਉਸ ਦੇ ਹੱਥ ਕੁਝ ਨਹੀਂ ਲੱਗਾ। ਗਗਨ ਨੇ ਦੱਸਿਆ ਕਿ ਚੋਰ 2,000 ਤਿਆਰ ਜਰਸੀਆਂ ਚੋਰੀ ਕਰ ਕੇ ਲੈ ਗਏ, ਜੋ ਕਿ 20 ਬੋਰੀਆਂ ਵਿਚ ਪਾ ਕੇ ਰੱਖੀਆਂ ਹੋਈਆਂ ਸਨ। ਉਸ ਨੇ ਦੱਸਿਆ ਕਿ ਚੋਰੀ ਦੀ ਵਾਰਦਾਤ ਵਿਚ ਉਨ੍ਹਾਂ ਦਾ 7 ਲੱਖ ਤੋਂ ਵੱਧ ਦਾ ਨੁਕਸਾਨ ਹੋਇਆ ਹੈ।