ਬੈਂਕ ਦੀ ਕੰਧ ਤੋੜ ਕੇ ਸਟ੍ਰਾਂਗ ਰੂਮ ਤੱਕ ਪਹੁੰਚੇ ਚੋਰ, ਨਹੀਂ ਟੁੱਟਿਆ ਲਾਕ ਤਾਂ 2 ਦਿਨਾਂ ਬਾਅਦ ਲਿਆਏ ਗੈਸ ਸਿਲੰਡਰ
Wednesday, Dec 27, 2017 - 07:27 AM (IST)
ਲੁਧਿਆਣਾ(ਰਿਸ਼ੀ)- ਓ. ਬੀ. ਸੀ. ਦੀ ਚੀਮਾ ਚੌਕ ਸਥਿਤ ਬ੍ਰਾਂਚ ਦੀ ਕੰਧ ਤੋੜ ਕੇ ਚੋਰ ਅੰਦਰ ਦਾਖਲ ਹੋ ਗਏ ਤੇ ਕਟਰ ਨਾਲ ਸਟ੍ਰਾਂਗ ਰੂਮ ਦਾ ਲਾਕ ਕੱਟਣ ਦੀ ਕੋਸ਼ਿਸ਼ ਕੀਤੀ ਪਰ ਲਾਕ ਤੋੜਨ 'ਚ ਅਸਫਲ ਚੋਰਾਂ ਨੂੰ ਖਾਲੀ ਹੱਥ ਮੁੜਨਾ ਪਿਆ। ਪਤਾ ਲੱਗਦੇ ਹੀ ਆਈ. ਪੀ. ਐੱਸ. ਸੰਦੀਪ ਗਰਗ, ਏ. ਸੀ. ਪੀ. ਸੈਂਟਰਲ ਅਮਨਦੀਪ ਸਿੰਘ, ਫਿੰਗਰ ਪ੍ਰਿੰਟ ਐਕਸਪਰਟ ਘਟਨਾ ਸਥਾਨ 'ਤੇ ਪਹੁੰਚ ਕੇ ਜਾਂਚ 'ਚ ਜੁਟ ਗਏ। ਇਸ ਮਾਮਲੇ 'ਚ ਥਾਣਾ ਡਵੀਜ਼ਨ ਨੰ. 6 ਦੀ ਪੁਲਸ ਨੇ ਬੈਂਕ ਮੈਨੇਜਰ ਸੁਰਿੰਦਰ ਟੰਡਨ ਨਿਵਾਸੀ ਅਰਬਨ ਅਸਟੇਟ ਦੀ ਸ਼ਿਕਾਇਤ 'ਤੇ ਅਣਪਛਾਤੇ ਚੋਰਾਂ ਖਿਲਾਫ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ। ਥਾਣਾ ਇੰਚਾਰਜ ਇੰਸ. ਦਵਿੰਦਰ ਸਿੰਘ ਅਨੁਸਾਰ ਪੁਲਸ ਨੂੰ ਦਿੱਤੇ ਬਿਆਨ 'ਚ ਬ੍ਰਾਂਚ ਮੈਨੇਜਰ ਨੇ ਦੱਸਿਆ ਕਿ 23 ਤੋਂ 25 ਦਸੰਬਰ ਤੱਕ ਸਰਕਾਰੀ ਛੁੱਟੀਆਂ ਸਨ। 22 ਦਸੰਬਰ ਨੂੰ ਹਰ ਰੋਜ਼ ਦੀ ਤਰ੍ਹਾਂ ਸ਼ਾਮ ਨੂੰ ਉਹ ਬ੍ਰਾਂਚ ਲਾਕ ਕਰ ਕੇ ਘਰ ਗਏ ਸਨ। ਮੰਗਲਵਾਰ ਸਵੇਰੇ ਲਗਭਗ 9 ਵਜੇ ਜਦ ਉਨ੍ਹਾਂ ਨੇ ਬੈਂਕ ਆ ਕੇ ਲਾਕ ਖੋਲ੍ਹੇ ਤਾਂ ਅੰਦਰ ਕੰਧ ਟੁੱਟੀ ਤੇ ਗੈਸ ਸਿਲੰਡਰ ਪਏ ਦੇਖ ਦੰਗ ਰਹਿ ਗਏ। ਉਨ੍ਹਾਂ ਨੇ ਤੁਰੰਤ ਪੁਲਸ ਕੰਟਰੋਲ ਰੂਮ ਫੋਨ ਕੀਤਾ।
5 ਸਾਲਾਂ ਤੋਂ ਬੰਦ ਇਮਾਰਤ ਦੇ ਰਸਤੇ ਪਹੁੰਚੇ ਅੰਦਰ
ਬੈਂਕ ਦੇ ਬਿਲਕੁਲ ਨਾਲ ਬੀ. ਆਰ. ਐੱਸ. ਨਗਰ ਦੇ ਰਹਿਣ ਵਾਲੇ ਸਤੀਸ਼ ਕੁਮਾਰ ਨਾਂ ਦੇ ਵਿਅਕਤੀ ਦੀ ਇਮਾਰਤ ਹੈ, ਜੋ ਸਾਲ 2012 ਤੋਂ ਬੰਦ ਪਈ ਹੈ। ਚੋਰ ਕੰਧ ਤੋੜ ਕੇ ਪਹਿਲਾਂ ਉਸ ਇਮਾਰਤ 'ਚ ਪਹੁੰਚੇ, ਜਿਥੋਂ ਬੈਂਕ ਦੀ ਕੰਧ ਤੋੜ ਕੇ ਅੰਦਰ ਦਾਖਲ ਹੋਏ ਤੇ ਉਸੇ ਰਸਤੇ ਵਾਪਸ ਗਏ।
ਜੇ ਸਿਲੰਡਰਾਂ 'ਚ ਗੈਸ ਹੁੰਦੀ ਤਾਂ ਹੋ ਜਾਣੀ ਸੀ ਵੱਡੀ ਵਾਰਦਾਤ
23 ਦਸੰਬਰ ਨੂੰ ਅੰਦਰ ਚੋਰਾਂ ਤੋਂ ਬੈਂਕ ਲਾਕ ਨਹੀਂ ਟੁੱਟਿਆ, ਜਿਸ ਦੇ ਬਾਅਦ ਸੋਮਵਾਰ ਰਾਤ ਨੂੰ ਖਾਲੀ ਇਮਾਰਤ ਨਾਲ ਇਕ ਹੋਰ ਬਿੰਦਰਾ ਹਾਰਡਵੇਅਰ ਦੁਕਾਨ ਦੇ ਪਿੱਛੇ ਦੀ ਕੰਧ ਤੋੜੀ ਤੇ ਅੰਦਰੋਂ ਦੋ ਗੈਸ ਸਿਲੰਡਰ ਲੈ ਕੇ ਖਾਲੀ ਇਮਾਰਤ ਦੇ ਰਸਤੇ ਬੈਂਕ ਦੇ ਅੰਦਰ ਪਹੁੰਚੇ ਪਰ ਉਹ ਵੀ ਕੰਮ ਨਾ ਆ ਸਕੇ। ਇਕ ਆਕਸੀਜਨ ਦਾ ਸਿਲੰਡਰ ਖਾਲੀ ਹੋਣ ਕਾਰਨ ਅਤੇ ਦੂਜਿਆਂ 'ਚ ਨਾਈਟ੍ਰੋਜਨ ਗੈਸ ਭਰੀ ਹੋਣ ਕਾਰਨ ਗੱਲ ਨਹੀਂ ਬਣੀ ਅਤੇ ਉਨ੍ਹਾਂ ਨੂੰ ਖਾਲੀ ਹੱਥ ਵਾਪਸ ਮੁੜਨਾ ਪਿਆ। ਜੇਕਰ ਦੋਵੇਂ ਸਿਲੰਡਰਾਂ 'ਚ ਗੈਸ ਹੁੰਦੀ ਤਾਂ ਕਾਫੀ ਵੱਡਾ ਨੁਕਸਾਨ ਹੋ ਸਕਦਾ ਸੀ।
ਬੈਂਕ ਦੇ ਬਾਹਰ ਪੁਲਸ ਦਾ ਨਾਕਾ, ਨਹੀਂ ਚੱਲਦੇ ਸਮਾਰਟ ਸਿਟੀ ਦੇ ਕੈਮਰੇ
ਜਿਸ ਬੈਂਕ ਦੀ ਬ੍ਰਾਂਚ 'ਚ ਚੋਰੀ ਦਾ ਯਤਨ ਹੋਇਆ ਹੈ, ਉਸ ਤੋਂ ਸਿਰਫ 10 ਕਦਮਾਂ ਦੀ ਦੂਰੀ 'ਤੇ ਪੁਲਸ ਦਾ ਪੱਕਾ ਨਾਕਾ ਹੈ ਅਤੇ ਹਰ ਸਮੇਂ ਉਥੇ ਫੋਰਸ ਮੌਜੂਦ ਰਹਿੰਦੀ ਹੈ ਪਰ ਫਿਰ ਵੀ ਚੋਰ ਇੰਨੀ ਵੱਡੀ ਵਾਰਦਾਤ ਕਰਨ ਪਹੁੰਚ ਗਏ। ਉਥੇ ਬੈਂਕ ਦੇ ਆਸ-ਪਾਸ ਸਮਾਰਟ ਸਿਟੀ ਦੇ ਕੈਮਰੇ ਤਾਂ ਲੱਗੇ ਹੋਏ ਹਨ ਪਰ ਉਹ ਚੱਲ ਨਹੀਂ ਰਹੇ।
ਤਾਰਾਂ ਤੋੜੀਆਂ ਫਿਰ ਵੀ ਕੈਮਰੇ 'ਚ ਕੈਦ ਹੋਇਆ ਇਕ ਚੋਰ
ਘਟਨਾ ਸਥਾਨ 'ਤੇ ਪਹੁੰਚੀ ਪੁਲਸ ਨੇ ਜਾਂਚ ਸ਼ੁਰੂ ਕੀਤੀ ਤਾਂ ਬੈਂਕ 'ਚ ਲੱਗੇ ਇਕ ਕੈਮਰੇ 'ਚ ਚੋਰ ਕੈਦ ਹੋ ਗਿਆ। ਫੁਟੇਜ 'ਚ ਦਿਖਾਈ ਦੇ ਰਿਹਾ ਹੈ ਕਿ 23 ਦਸੰਬਰ ਰਾਤ ਲਗਭਗ 2.30 ਵਜੇ ਇਕ ਚੋਰ ਬੈਂਕ ਦੇ ਅੰਦਰ ਘੁੰਮ ਰਿਹਾ ਹੈ। ਪਿੱਛੇ ਤੋਂ ਕੰਧ ਤੋੜ ਕੇ ਦਾਖਲ ਹੋਇਆ ਉਕਤ ਚੋਰ ਪਹਿਲਾਂ ਕੈਬਿਨ 'ਚ ਜਾ ਕੇ ਡੀ. ਵੀ. ਆਰ. ਦੀ ਤਾਰ ਉਤਾਰਦਾ ਹੈ ਤਾਂ ਕਿ ਸਾਰੇ ਕੈਮਰੇ ਬੰਦ ਹੋ ਸਕਣ। ਜੋ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਚੋਰਾਂ ਨੂੰ ਪਤਾ ਸੀ ਕਿ ਬੈਂਕ 'ਚ ਲੱਗੇ ਕੈਮਰੇ ਕਿਥੋਂ ਕੰਟਰੋਲ ਹੁੰਦੇ ਹਨ।
ਬੈਂਕ ਦੇ ਸਾਇਰਨ ਕੀਤੇ ਬੰਦ
ਚੋਰਾਂ ਨੇ ਡੀ. ਵੀ. ਆਰ. ਬੰਦ ਕਰਨ ਤੋਂ ਬਾਅਦ ਸਭ ਤੋਂ ਪਹਿਲਾਂ ਬੈਂਕ 'ਚ ਲੱਗੇ ਸਾਇਰਨ ਦੀਆਂ ਤਾਰਾਂ ਉਤਾਰ ਕੇ ਉਸ ਨੂੰ ਬੰਦ ਕੀਤਾ ਤਾਂ ਕਿ ਸਟ੍ਰਾਂਗ ਰੂਮ ਦਾ ਤਾਲਾ ਤੋੜਨ 'ਤੇ ਅਲਾਰਮ ਨਾ ਵੱਜੇ ਅਤੇ ਉਹ ਆਰਾਮ ਨਾਲ ਚੋਰੀ ਕਰ ਸਕਣ।
