ਸਟੀਲ ਅਲਰਟ ਏਜੰਸੀਆਂ ਜ਼ਰੀਏ ਸੱਟੇਬਾਜ਼ੀ ਦਾ ਖੇਲ ਫਿਰ ਹੋਇਆ ਸ਼ੁਰੂ

Tuesday, Dec 12, 2017 - 04:52 AM (IST)

ਸਟੀਲ ਅਲਰਟ ਏਜੰਸੀਆਂ ਜ਼ਰੀਏ ਸੱਟੇਬਾਜ਼ੀ ਦਾ ਖੇਲ ਫਿਰ ਹੋਇਆ ਸ਼ੁਰੂ

ਲੁਧਿਆਣਾ(ਬਹਿਲ)- ਕਰੀਬ 5 ਮਹੀਨਿਆਂ ਤੱਕ ਪੰਜਾਬ 'ਚ ਸਟੀਲ ਅਲਰਟ ਐੱਸ. ਐੱਮ. ਐੱਸ. ਦੇ ਜ਼ਰੀਏ ਸਟੀਲ ਦੇ ਰੇਟਾਂ 'ਚ ਸੱਟੇਬਾਜ਼ੀ ਕਰਵਾਉਣ ਲਈ ਜ਼ਿੰਮੇਵਾਰ ਮੰਨੀਆਂ ਜਾਣ ਵਾਲੀਆਂ ਸਟੀਲ ਅਲਰਟ ਏਜੰਸੀਆਂ ਦਾ ਧੰਦਾ ਬੰਦ ਰਹਿਣ ਤੋਂ ਬਾਅਦ ਹੁਣ ਫਿਰ ਤੋਂ ਸ਼ੁਰੂ ਹੋ ਗਿਆ ਹੈ। ਇਸ ਵਾਰ ਸਟੀਲ ਅਲਰਟ ਏਜੰਸੀਆਂ ਨੇ ਸਟੀਲ ਅਲਰਟ ਦੇ ਧੰਦੇ ਨੂੰ ਲੀਗਲ ਬਣਾਉਣ ਦੀ ਨਵੀਂ ਰਣਨੀਤੀ ਬਣਾ ਲਈ ਹੈ। ਯਾਦ ਰਹੇ ਕਿ ਏਸ਼ੀਆ ਦੀ ਸਭ ਤੋਂ ਵੱਡੀ ਲੋਹਾ ਮੰਡੀ ਗੋਬਿੰਦਗੜ੍ਹ 'ਚ ਸਰਗਰਮ ਕਈ ਸਟੀਲ ਅਲਰਟ ਏਜੰਸੀਆਂ ਦੇ ਮੈਨੂਪਲੇਟਿਡ ਸੰਦੇਸ਼ਾਂ ਤੋਂ ਪਿਛਲੇ 7-8 ਸਾਲਾਂ ਤੋਂ ਪੂਰੇ ਭਾਰਤ ਸਮੇਤ ਵਿਦੇਸ਼ਾਂ ਦਾ ਪੂਰਾ ਸਟੀਲ ਕਾਰੋਬਾਰ ਸੱਟੇਬਾਜ਼ੀ ਤੋਂ ਪ੍ਰਭਾਵਿਤ ਹੋ ਰਿਹਾ ਹੈ। ਇਸ ਸਟੀਲ ਮਾਫੀਆ ਨਾਲ ਜੁੜੇ ਲੋਕਾਂ ਦੇ ਤਾਰ ਮੰਡੀ ਗੋਬਿੰਦਗੜ੍ਹ, ਲੁਧਿਆਣਾ, ਦਿੱਲੀ, ਰਾਜਸਥਾਨ, ਮਹਾਰਾਸ਼ਟਰ, ਛੱਤੀਸਗੜ੍ਹ, ਦੁਰਗਾਪੁਰ, ਭਿਲਾਈ, ਕਾਨਪੁਰ, ਰਾਏਗੜ੍ਹ, ਮੁਜ਼ੱਫਰਨਗਰ, ਜੈਪੁਰ ਸਮੇਤ ਸਟੀਲ ਸਕ੍ਰੈਪ ਦੇ ਹੱਬ ਦੁਬਈ ਤੱਕ ਜੁੜੇ ਹੋਏ ਦੱਸੇ ਜਾਂਦੇ ਹਨ। ਇਸ ਗੋਰਖਧੰਦੇ ਨਾਲ ਜੁੜੇ ਕੁੱਝ ਸਟੀਲ ਸਟੋਰੀਆਂ ਆਪਣਾ ਪਰਾਫਿਟ ਬੁਕ ਕਰਨ ਦੇ ਚੱਕਰ 'ਚ ਇਨ੍ਹਾਂ ਸਟੀਲ ਅਲਰਟ ਏਜੰਸੀਆਂ ਦੇ ਜ਼ਰੀਏ ਨਾਲ ਮਨਮਰਜ਼ੀ ਦੇ ਮੁਤਾਬਕ ਤੇਜ਼ੀ ਅਤੇ ਮੰਦੀ ਦੇ ਰੇਟਾਂ ਦੇ ਮੈਸੇਜ ਫਲੈਸ਼ ਕਰਵਾ ਕੇ ਸੱਟੇਬਾਜ਼ੀ ਨੂੰ ਅੰਜਾਮ ਦਿੰਦੇ ਹਨ। ਇਸ ਕਾਰਨ ਪੰਜਾਬ ਦੀ ਮੰਡੀ ਗੋਬਿੰਦਗੜ੍ਹ ਅਤੇ ਲੁਧਿਆਣਾ ਦੀਆਂ ਕਰੀਬ 50 ਫੀਸਦੀ ਤੋਂ ਉੱਪਰ ਸੈਕੰਡਰੀ ਸਟੀਲ ਫਰਨੇਸ ਅਤੇ ਰੋਲਿੰਗ ਮਿੱਲ ਇੰਡਸਟਰੀ ਸਟੀਲ ਅਲਰਟ ਦੇ ਜ਼ਰੀਏ ਹੋਣ ਵਾਲੀ ਸੱਟੇਬਾਜ਼ੀ ਦਾ ਸ਼ਿਕਾਰ ਬਣ ਕੇ ਤਾਲਾਬੰਦ ਹੋ ਚੁੱਕੀਆਂ ਹਨ। ਦੱਸ ਦੇਈਏ ਕਿ ਸਟੀਲ ਦੇ ਰੇਟਾਂ ਦੀ ਸੱਟੇਬਾਜ਼ੀ ਤੋਂ ਪ੍ਰੇਸ਼ਾਨ ਹੋ ਕੇ ਮੰਡੀ ਗੋਬਿੰਦਗੜ੍ਹ ਫਰਨੇਸ ਸੰਘ ਦੇ ਪ੍ਰਧਾਨ ਮਹਿੰਦਰਪਾਲ ਗੁਪਤਾ ਅਤੇ ਹੋਰ ਸਟੀਲ ਕਾਰੋਬਾਰੀਆਂ ਦੀ ਸ਼ਿਕਾਇਤ 'ਤੇ ਸਟੀਲ ਅਲਰਟ ਸੰਦੇਸ਼ਾਂ ਲਈ ਜ਼ਿੰਮੇਵਾਰੀ ਮੰਡੀ ਦੀਆਂ ਸਟੀਲ ਅਲਰਟ ਏਜੰਸੀਆਂ ਦੇ 3 ਸੰਚਾਲਕਾਂ 'ਤੇ ਪੁਲਸ ਨੇ ਜੂਨ ਮਹੀਨੇ 'ਚ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ ਸੀ, ਜਿਸ ਦੇ ਬਾਅਦ ਪੰਜਾਬ 'ਚ ਸਟੀਲ ਅਲਰਟ ਸੰਦੇਸ਼ ਬੰਦ ਹੋਣ ਨਾਲ ਸਟੀਲ ਫਰਨੇਸ ਅਤੇ ਰੋਲਿੰਗ ਮਿਲਸ ਕਾਰੋਬਾਰੀਆਂ ਨੇ ਸੁੱਖ ਦਾ ਸਾਹ ਲਿਆ ਸੀ। 


Related News