ਕਲਯੁਗੀ ਮਾਂ-ਬਾਪ ਨੇ ਨਵਜੰਮੀ ਬੱਚੀ ਨੂੰ ਖੇਤਾਂ ''ਚ ਸੁੱਟਿਆ
Wednesday, Nov 01, 2017 - 04:24 AM (IST)

ਸਾਹਨੇਵਾਲ(ਜ. ਬ.)- ਭਾਵੇਂ 21ਵੀਂ ਸਦੀ ਦੇ ਇਸ ਆਧੁਨਿਕ ਯੁੱਗ 'ਚ ਅਸੀਂ ਲੜਕਿਆਂ ਤੇ ਲੜਕੀਆਂ ਦੇ ਇਕ ਸਮਾਨ ਹੋਣ ਦੇ ਵੱਡੇ-ਵੱਡੇ ਦਾਅਵੇ ਕਰਦੇ ਹਾਂ ਅਤੇ ਲੜਕੇ-ਲੜਕੀ 'ਚ ਕਿਸੇ ਵੀ ਤਰ੍ਹਾਂ ਦੇ ਭੇਦਭਾਵ ਤੋਂ ਇਨਕਾਰੀ ਹੁੰਦੇ ਹਾਂ ਪਰ ਜੇਕਰ ਅਸਲੀਅਤ ਦੇਖੀ ਜਾਵੇ ਤਾਂ ਅੱਜ ਵੀ ਸਾਡੇ ਲੋਕਾਂ ਦੇ ਦਿਮਾਗ 'ਚ ਲੜਕੀਆਂ ਲਈ ਬਣੀ ਹੋਈ ਰੂੜੀਵਾਦੀ ਵਿਚਾਰਧਾਰਾ ਜਿਉਂ ਦੀ ਤਿਉਂ ਬਣੀ ਹੋਈ ਹੈ, ਜਿਸ ਦੀ ਤਾਜ਼ਾ ਮਿਸਾਲ ਉਸ ਸਮੇਂ ਸਾਹਮਣੇ ਆਈ, ਜਦੋਂ ਇਕ ਕਲਯੁਗੀ ਜੋੜੇ ਨੇ ਇਕ ਨਵਜੰਮੀ ਬੱਚੀ ਨੂੰ ਰੋਂਦੇ-ਕੁਰਲਾਉਂਦੇ ਹੋਏ ਖੇਤਾਂ 'ਚ ਮਰਨ ਲਈ ਛੱਡ ਦਿੱਤਾ ਪਰ ਰੱਬ ਦੀ ਕੁਦਰਤ ਕਿ ਰਾਤ ਨੂੰ ਖੇਤਾਂ 'ਚ ਪਏ ਰਹਿਣ ਤੋਂ ਬਾਅਦ ਬੱਚੀ ਨੂੰ ਇਕ ਭਲੇ ਬੰਦੇ ਨੇ ਦੇਖਿਆ ਅਤੇ ਤੁਰੰਤ ਪੁਲਸ ਨੂੰ ਇਸ ਦੀ ਜਾਣਕਾਰੀ ਦਿੱਤੀ। ਮੌਕੇ 'ਤੇ ਪਹੁੰਚੀ ਥਾਣਾ ਸਾਹਨੇਵਾਲ ਦੀ ਪੁਲਸ ਨੇ ਲੜਕੀ ਨੂੰ ਬਰਾਮਦ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪਿੰਡ ਕੰਗਣਵਾਲ ਦੀ ਕਮਲਜੀਤ ਹਰਾ ਡੇਅਰੀ ਨਿਵਾਸੀ ਸੋਨੇ ਲਾਲ ਪੁੱਤਰ ਲਾਲ ਰਾਏ ਮੰਡਲ ਨੇ ਪੁਲਸ ਨੂੰ ਦੱਸਿਆ ਕਿ ਉਹ ਪਿੰਡ ਗੋਬਿੰਦਗੜ੍ਹ 'ਚ ਸਥਿਤ ਖੇਤਾਂ ਨੂੰ ਪਾਣੀ ਲਾਉਣ ਲਈ ਗਿਆ ਸੀ, ਇਸ ਦੌਰਾਨ ਬਾਜਰੇ ਵਾਲੇ ਖੇਤ 'ਚੋਂ ਕਿਸੇ ਬੱਚੇ ਦੇ ਰੋਣ ਦੀ ਆਵਾਜ਼ ਸੁਣਾਈ ਦਿੱਤੀ, ਜਦੋਂ ਉਸ ਨੇ ਜਾ ਕੇ ਦੇਖਿਆ ਤਾਂ ਉਹ ਇਕ 4-5 ਦਿਨ ਦੀ ਨਵਜੰਮੀ ਬੱਚੀ ਸੀ, ਜਿਸ ਨੂੰ ਕੋਈ ਅਣਪਛਾਤਾ ਜੋੜਾ ਲੜਕੀ ਹੋਣ ਕਾਰਨ ਇਥੇ ਛੱਡ ਗਿਆ ਸੀ। ਪੁਲਸ ਨੇ ਅਣਪਛਾਤੇ ਜੋੜੇ ਖਿਲਾਫ ਮੁਕੱਦਮਾ ਦਰਜ ਕਰ ਕੇ ਮਾਮਲੇ ਦੀ ਗਹਿਰਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ।