ਦਬਦਬਾ ਬਣਾਉਣ ਲਈ ਮਨੀ ਬਾਦਸ਼ਾਹ ਗੈਂਗ ਨੇ ਕੀਤਾ ਵਿੱਕੀ ਪਾਫੜਾ ''ਤੇ ਕਾਤਲਾਨਾ ਹਮਲਾ

10/26/2017 3:41:32 AM

ਲੁਧਿਆਣਾ(ਪੰਕਜ)-ਡਾਬਾ ਇਲਾਕੇ ਵਿਚ ਇਕ-ਦੂਜੇ 'ਤੇ ਦਬਦਬਾ ਬਣਾਉਣ ਦੀ ਜੰਗ ਨੂੰ ਲੈ ਕੇ ਵੱਖ-ਵੱਖ ਗੈਂਗਸਟਰ ਗਰੁੱਪਾਂ ਵਿਚ ਛਿੜੀ ਜੰਗ ਕਾਰਨ ਆਏ ਦਿਨ ਗੈਂਗਸਟਰ ਤੇ ਲੋਕਾਂ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਰਹਿੰਦਾ ਹੈ। ਬੁੱਧਵਾਰ ਰਾਤ ਨੂੰ ਵੀ ਬਸੰਤ ਨਗਰ ਨੇੜੇ ਜੈਨ ਦਾ ਠੇਕਾ ਕੋਲ ਘਰ ਦੇ ਬਾਹਰ ਖੜ੍ਹੇ ਗੈਂਗਸਟਰ ਵਿੱਕੀ ਪਾਫੜਾ 'ਤੇ ਇਲਾਕੇ ਵਿਚ ਸਰਗਰਮ ਮਨੀ ਬਾਦਸ਼ਾਹ ਗੈਂਗ ਨੇ ਕਿਰਪਾਨਾਂ ਨਾਲ ਹਮਲਾ ਕਰ ਕੇ ਬੁਰੀ ਤਰ੍ਹਾਂ ਵੱਢ ਦਿੱਤਾ, ਜਿਸ ਦੀ ਸਥਾਨਕ ਹਸਪਤਾਲ ਵਿਚ ਹਾਲਤ ਨਾਜ਼ੁਕ ਬਣੀ ਹੋਈ ਹੈ। ਜਾਣਕਾਰੀ ਮੁਤਾਬਕ ਕਤਲ, ਕਤਲ ਦੇ ਯਤਨ, ਲੁੱਟ-ਖੋਹ ਸਮੇਤ ਵੱਖ-ਵੱਖ ਕੇਸਾਂ ਵਿਚ ਨਾਮਜ਼ਦ ਵਿੱਕੀ ਪਾਫੜਾ ਨਾਮੀ ਗੈਂਗਸਟਰ 'ਤੇ ਕਿਰਪਾਨਾਂ ਨਾਲ ਲੈਸ ਮਨੀ ਬਾਦਸ਼ਾਹ, ਦੀਪੂ, ਗੁਰੀ ਅਤੇ ਅਮਨਾ ਨਾਮੀ ਗੈਂਗਸਟਰਾਂ ਨੇ ਹਮਲਾ ਬੋਲਦੇ ਹੋਏ ਉਸ ਨੂੰ ਬੁਰੀ ਤਰ੍ਹਾਂ ਵੱਢ ਸੁੱਟਿਆ ਅਤੇ ਫਰਾਰ ਹੋ ਗਏ। ਖੂਨ ਨਾਲ ਲਥਪਥ ਵਿੱਕੀ ਨੂੰ ਉਸ ਦਾ ਭਰਾ ਰਿੰਕੂ ਤੁਰੰਤ ਸਿਵਲ ਹਸਪਤਾਲ ਲੈ ਗਿਆ ਪਰ ਉਸ ਦੀ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਜਵਾਬ ਦੇ ਦਿੱਤਾ, ਜਿਸ 'ਤੇ ਉਸ ਨੂੰ ਮਾਡਲ ਟਾਊਨ ਸਥਿਤ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਘਟਨਾ ਦੀ ਜਾਣਕਾਰੀ ਮਿਲਣ 'ਤੇ ਏ. ਡੀ. ਸੀ. ਪੀ. ਸੰਦੀਪ ਗਰਗ, ਏ. ਸੀ. ਪੀ. ਅਮਨ ਬਰਾੜ ਅਤੇ ਥਾਣਾ ਮੁਖੀ ਗੁਰਵਿੰਦਰ ਸਿੰਘ ਹਸਪਤਾਲ ਪੁੱਜੇ ਅਤੇ ਕੇਸ ਦੀ ਜਾਣਕਾਰੀ ਲਈ। ਪੀੜਤ ਦੇ ਭਰਾ ਨੇ ਦੱਸਿਆ ਕਿ ਮਨੀ ਬਾਦਸ਼ਾਹ ਗੈਂਗ ਨੇ ਕੁਝ ਦਿਨ ਪਹਿਲਾਂ ਵੀ ਵਿੱਕੀ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਸੀ। ਉਨ੍ਹਾਂ ਨੇ ਇਸ ਦੀ ਸ਼ਿਕਾਇਤ ਵੀ ਡਾਬਾ ਪੁਲਸ ਨੂੰ ਦਿੱਤੀ ਸੀ। ਉਧਰ, ਮੁਹੱਲੇ ਦੇ ਲੋਕਾਂ ਨੇ ਦੱਸਿਆ ਕਿ ਇਲਾਕੇ ਵਿਚ ਸਰਗਰਮ ਵੱਖ-ਵੱਖ ਗੈਂਗਸਟਰ ਗਰੁੱਪ ਆਪਣਾ-ਆਪਣਾ ਦਬਦਬਾ ਬਣਾਉਣ ਨੂੰ ਲੈ ਕੇ ਆਏ ਦਿਨ ਖੂਨੀ ਝੜਪਾਂ ਕਰਦੇ ਰਹਿੰਦੇ ਹਨ। ਕੁਝ ਦਿਨ ਪਹਿਲਾਂ ਵੀ ਡਾਬਾ ਵਿਚ ਦੋ ਫੈਕਟਰੀ ਮਾਲਕ ਭਰਾਵਾਂ 'ਤੇ ਗੈਂਗਸਟਰਾਂ ਨੇ ਹਮਲਾ ਕਰ ਕੇ ਇਕ ਦਾ ਬੇਦਰਦੀ ਨਾਲ ਕਤਲ ਅਤੇ ਦੂਜੇ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਸੀ।
ਕੁਝ ਦਿਨ ਪਹਿਲਾਂ ਹੀ ਜੇਲ ਤੋਂ ਆਇਆ ਸੀ ਵਿੱਕੀ
ਵੱਖ-ਵੱਖ ਅਪਰਾਧਕ ਕੇਸਾਂ ਵਿਚ ਨਾਮਜ਼ਦ ਵਿੱਕੀ ਪਾਫੜਾ ਕੁਝ ਦਿਨ ਪਹਿਲਾਂ ਹੀ ਜੇਲ ਤੋਂ ਬਾਹਰ ਆਇਆ ਸੀ, ਜਦੋਂਕਿ ਮਨੀ ਬਾਦਸ਼ਾਹ ਅਤੇ ਉਸ ਦੇ ਸਾਥੀ ਵੀ ਜ਼ਮਾਨਤਾਂ 'ਤੇ ਚੱਲ ਰਹੇ ਹਨ। ਜੇਲ ਵਿਚ ਵੀ ਦੋਵਾਂ ਵਿਚ ਖੂਨੀ ਝੜਪਾਂ ਹੋਈਆਂ ਸਨ।
ਕੌਣ ਹੈ ਮਨੀ ਬਾਦਸ਼ਾਹ ਗੈਂਗ
ਡਾਬਾ ਇਲਾਕੇ ਵਿਚ ਆਪਣਾ ਡਰ ਪੈਦਾ ਕਰਨ ਲਈ ਖੂਨੀ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਾ ਮਨੀ ਬਾਦਸ਼ਾਹ ਦੀਪੂ, ਗੁਰੀ ਅਤੇ ਅਮਨਾ ਉਹੀ ਦੋਸ਼ੀ ਹਨ, ਜਿਨ੍ਹਾਂ ਨੇ ਦੁੱਗਰੀ ਰੋਡ ਸਥਿਤ ਇਕ ਦੁੱਧ ਏਜੰਸੀ ਤੋਂ ਸਾਢੇ 3 ਲੱਖ ਦੀ ਲੁੱਟ ਕੀਤੀ ਸੀ ਅਤੇ ਸੀ. ਸੀ. ਟੀ. ਵੀ. ਫੁਟੇਜ ਦੇ ਆਧਾਰ 'ਤੇ ਪੁਲਸ ਨੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਸੀ।
ਇਕ ਦੋਸ਼ੀ ਗ੍ਰਿਫਤਾਰ
ਵਿੱਕੀ 'ਤੇ ਕਾਤਲਾਨਾ ਹਮਲਾ ਕਰ ਕੇ ਭੱਜ ਰਹੇ ਦੋਸ਼ੀਆਂ 'ਚੋਂ ਇਕ ਦੋਸ਼ੀ ਨੂੰ ਮੁਹੱਲੇ ਦੇ ਲੋਕਾਂ ਵਲੋਂ ਘੇਰ ਕੇ ਪੁਲਸ ਦੇ ਹਵਾਲੇ ਕਰਨ ਦੀ ਖ਼ਬਰ ਹੈ।


Related News