ਤਲਵਾਰਾਂ ਤੇ ਰਾਡਾਂ ਵਾਲੇ ਲੁਟੇਰਿਆਂ ਦੀ ਦਹਿਸ਼ਤ
Wednesday, Oct 25, 2017 - 01:19 AM (IST)
ਫਿਰੋਜ਼ਪੁਰ(ਕੁਮਾਰ)-ਫਿਰੋਜ਼ਪੁਰ ਸ਼ਹਿਰ ਵਿਚ ਪਿਛਲੇ ਕੁਝ ਸਮੇਂ ਤੋਂ ਰਾਤ ਨੂੰ ਤਲਵਾਰਾਂ ਅਤੇ ਲੋਹੇ ਦੀਆਂ ਰਾਡਾਂ ਨਾਲ ਚੋਰੀਆਂ ਤੇ ਲੁੱਟਾਂ-ਖੋਹਾਂ ਕਰਨ ਵਾਲੇ ਲੁਟੇਰਿਆਂ ਦੀ ਦਹਿਸ਼ਤ ਜਾਰੀ ਹੈ ਅਤੇ ਸ਼ਹਿਰ ਵਿਚ ਲੁੱਟ-ਖੋਹ ਤੇ ਚੋਰੀ ਦੀਆਂ ਵੱਧ ਰਹੀਆਂ ਘਟਨਾਵਾਂ ਤੋਂ ਸ਼ਹਿਰ ਦੇ ਲੋਕ ਅਤੇ ਵਪਾਰੀ ਪ੍ਰੇਸ਼ਾਨ ਹਨ। ਬੀਤੀ ਅੱਧੀ ਰਾਤ ਨੂੰ ਤਲਵਾਰਾਂ ਨਾਲ ਲੈਸ 3 ਮੋਟਰਸਾਈਕਲ ਸਵਾਰਾਂ ਨੇ ਜੰਮੂ ਐਂਡ ਕਸ਼ਮੀਰ ਬੈਂਕ ਦੇ ਕੋਲ ਮੱਲਵਾਲ ਰੋਡ ਫਿਰੋਜ਼ਪੁਰ ਸ਼ਹਿਰ ਸਥਿਤ ਮੈਸ ਜੋਗਿੰਦਰ ਸਿੰਘ ਐਂਡ ਸੰਨਜ਼ ਦੇ ਰਾਜਾ ਸੁਪਰ ਸਟੋਰ ਦੇ ਸ਼ਟਰ ਤੋੜ ਕੇ ਚੋਰੀ ਕਰਨ ਦੀ ਕੋਸ਼ਿਸ਼ ਕੀਤੀ। ਜਾਣਕਾਰੀ ਦਿੰਦਿਆਂ ਗੁਰਚਰਨ ਸਿੰਘ ਸਟੋਰ ਮਾਲਕ ਨੇ ਦੱਸਿਆ ਕਿ ਅੱਜ ਸਵੇਰੇ ਢਾਈ ਵਜੇ ਮੂੰਹ-ਸਿਰ ਢੱਕੇ ਤਲਵਾਰਾਂ ਤੇ ਰਾਡਾਂ ਨਾਲ ਲੈਸ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਉਨ੍ਹਾਂ ਦੇ ਸਟੋਰ ਦੇ ਸ਼ਟਰ ਦਾ ਇਕ ਹਿੱਸਾ ਤੋੜ ਦਿੱਤਾ ਅਤੇ ਜਦੋਂ ਉਹ ਸ਼ਟਰ ਦਾ ਦੂਜਾ ਹਿੱਸਾ ਤੋੜ ਰਹੇ ਸਨ ਤਾਂ ਨਾਲ ਹੀ ਅਸ਼ੋਕ ਡਰਾਈਕਲੀਨਰ ਦੁਕਾਨ ਦੇ ਉਪਰ ਸੌਂ ਰਹੇ ਕਿਸ਼ੋਰ ਕੁਮਾਰ ਪੁੱਤਰ ਦੁਰਗਾ ਦਾਸ ਨੇ ਉਨ੍ਹਾਂ ਨੂੰ ਲਲਕਾਰਿਆ ਤਾਂ ਲੁਟੇਰੇ ਮੋਟਰਸਾਈਕਲ 'ਤੇ ਫਰਾਰ ਹੋ ਗਏ। ਕਿਸ਼ੋਰ ਕੁਮਾਰ ਨੇ ਦੱਸਿਆ ਕਿ ਤਲਵਾਰਾਂ ਨਾਲ ਲੈਸ ਇਨ੍ਹਾਂ ਲੁਟੇਰਿਆਂ ਨੇ ਸਟੋਰ ਦੇ ਸਾਹਮਣੇ ਚਲਦੀਆਂ ਸਟਰੀਟ ਲਾਈਟਾਂ ਬੰਦ ਕਰ ਦਿੱਤੀਆਂ ਅਤੇ ਨੰਗੀਆਂ ਤਲਵਾਰਾਂ ਫੜ ਕੇ ਸਟੋਰ ਤੋਂ ਧਵਨ ਕਾਲੋਨੀ ਤੱਕ ਚੱਕਰ ਕੱਟਦੇ ਰਹੇ। ਕਿਸ਼ੋਰ ਕੁਮਾਰ ਨੇ ਕਿਹਾ ਕਿ ਕੁਝ ਸਮਾਂ ਪਹਿਲਾਂ ਉਸ ਦੀ ਦੁਕਾਨ ਵਿਚ ਚੋਰੀ ਹੋਈ ਸੀ, ਜਿਸ ਦਾ ਅੱਜ ਤੱਕ ਪਤਾ ਨਹੀਂ ਲੱਗਾ।
ਮੱਲਵਾਲ ਦੇ ਦੁਕਾਨਦਾਰਾਂ ਹੜਤਾਲ ਕਰਨ ਦੀ ਦਿੱਤੀ ਚਿਤਾਵਨੀ
ਫਿਰੋਜ਼ਪੁਰ ਸ਼ਹਿਰ ਦੇ ਮੱਲਵਾਲ ਦੇ ਦੁਕਾਨਦਾਰਾਂ ਨੇ ਕਿਹਾ ਕਿ ਹੁਣ ਤਾਂ ਦੁਕਾਨਦਾਰਾਂ ਦਾ ਜਿਊਣਾ ਹਰਾਮ ਹੋ ਗਿਆ ਹੈ। ਮੱਲਵਾਲ ਰੋਡ 'ਤੇ ਸ਼ਾਮ ਸਮੇਂ ਗੁੰਡਾ ਅਨਸਰ ਐੱਚ. ਐੱਮ. ਸਕੂਲ ਦੇ ਕੋਲ ਖੜ੍ਹੇ ਹੋ ਜਾਂਦੇ ਹਨ ਅਤੇ ਰਾਤ ਦੇ ਸਮੇਂ ਇਸ ਸੜਕ 'ਤੇ ਸ਼ਰੇਆਮ ਸ਼ਰਾਬਾਂ ਪੀਂਦੇ ਹਨ ਅਤੇ ਬੋਤਲਾਂ ਤੇ ਗਿਲਾਸ ਉਥੇ ਸੁੱਟ ਕੇ ਚਲੇ ਜਾਂਦੇ ਹਨ। ਕਈ ਵਾਰ ਪੁਲਸ ਦੇ ਨੋਟਿਸ ਵਿਚ ਲਿਆਉਣ ਦੇ ਬਾਵਜੂਦ ਅੱਜ ਤੱਕ ਗੁੰਡਾ ਅਨਸਰਾਂ ਨੂੰ ਨੱਥ ਨਹੀਂ ਪਾਈ ਗਈ, ਜਿਸ ਕਾਰਨ ਇਸ ਸੜਕ 'ਤੇ ਸ਼ਾਮ ਸਮੇਂ ਔਰਤਾਂ ਦਾ ਚੱਲਣਾ ਤੱਕ ਮੁਸ਼ਕਲ ਹੋ ਗਿਆ ਹੈ। ਦੁਕਾਨਦਾਰਾਂ ਨੇ ਕਿਹਾ ਕਿ ਜੇਕਰ 48 ਘੰਟਿਆਂ ਅੰਦਰ ਇਸ ਗੁੰਡਾਗਰਦੀ ਨੂੰ ਰੋਕਿਆ ਨਹੀਂ ਗਿਆ ਅਤੇ ਲੁਟੇਰਿਆਂ ਨੂੰ ਫੜਿਆ ਨਹੀਂ ਗਿਆ ਤਾਂ ਉਹ ਮੱਲਵਾਲ ਰੋਡ 'ਤੇ ਦੁਕਾਨਾਂ ਬੰਦ ਕਰ ਕੇ ਹੜਤਾਲ ਕਰਨ ਲਈ ਮਜਬੂਰ ਹੋਣਗੇ।
ਸ਼ਹਿਰੀ ਵਪਾਰ ਮੰਡਲ ਨੇ ਕੀਤੀ ਨਿੰਦਾ
ਫਿਰੋਜ਼ਪੁਰ ਸ਼ਹਿਰੀ ਵਪਾਰ ਮੰਡਲ ਦੇ ਪ੍ਰਧਾਨ ਅਸ਼ਵਨੀ ਮਹਿਤਾ, ਸੀਨੀਅਰ ਉਪ ਪ੍ਰਧਾਨ ਸਤਪਾਲ ਸਿੰਘ ਬਜਾਜ, ਜਨਿੰਦਰ ਗੋਇਲ ਜੁਗਨੂ ਅਤੇ ਖੁਸ਼ਵਿੰਦਰ ਚਾਵਲਾ ਆਦਿ ਨੇ ਇਸ ਘਟਨਾ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਕੁਝ ਦਿਨ ਪਹਿਲਾਂ ਹਥਿਆਰਬੰਦ ਲੁਟੇਰਿਆਂ ਵੱਲੋਂ ਵਪਾਰੀ ਆਗੂ ਵਿਜੇ ਤੁੱਲੀ 'ਤੇ ਜਾਨਲੇਵਾ ਹਮਲਾ ਕਰਦਿਆਂ ਉਸ ਤੋਂ ਪੌਣੇ ਤਿੰਨ ਲੱਖ ਰੁਪਏ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਸੀ ਅਤੇ ਪਿਛਲੇ ਕੁਝ ਦਿਨਾਂ ਵਿਚ ਸ਼ਹਿਰ ਵਿਚ ਹੋਰ ਵੀ ਦੁਕਾਨਾਂ ਵਿਚ ਚੋਰੀ ਦੀਆਂ ਘਟਨਾਵਾਂ ਹੋ ਚੁੱਕੀਆਂ ਹਨ। ਵਪਾਰੀ ਆਗੂਆਂ ਨੇ ਕਿਹਾ ਕਿ ਫਿਰੋਜ਼ਪੁਰ ਪੁਲਸ ਤੇ ਸਿਵਲ ਪ੍ਰਸ਼ਾਸਨ ਸ਼ਹਿਰ ਦੇ ਵਪਾਰੀਆਂ ਦੇ ਸਬਰ ਦਾ ਹੋਰ ਇਮਤਿਹਾਨ ਨਾ ਲਵੇ ਕਿਉਂਕਿ ਵਪਾਰੀ ਤਾਂ ਪਹਿਲਾਂ ਹੀ ਨੋਟਬੰਦੀ ਅਤੇ ਜੀ. ਐੱਸ. ਟੀ. ਕਾਰਨ ਮਰਿਆ ਪਿਆ ਹੈ।
