ਅੱਧਨੰਗੀ ਹਾਲਤ ''ਚ ਵਿਅਕਤੀ ਨੂੰ ਸੜਕ ''ਤੇ ਭਜਾ-ਭਜਾ ਕੇ ਕੁੱਟਿਆ
Wednesday, Sep 20, 2017 - 03:14 AM (IST)

ਜਗਰਾਓਂ(ਜਸਬੀਰ ਸ਼ੇਤਰਾ)–ਮੰਗਲਵਾਰ ਨੂੰ ਇਥੇ ਕੁਝ ਹਥਿਆਰਬੰਦ ਨੌਜਵਾਨਾਂ ਨੇ ਇਕ ਅੱਧਖੜ ਉਮਰ ਦੇ ਵਿਅਕਤੀ ਨੂੰ ਪਹਿਲਾਂ ਤਾਂ ਘਰ ਦੀ ਹੱਦ ਅੰਦਰ ਹੀ ਨੰਗਾ ਕਰ ਕੇ ਕੁੱਟਿਆ। ਲਾਠੀਆਂ ਤੇ ਜੁੱਤੀਆਂ ਨਾਲ ਕੁੱਟਣ 'ਤੇ ਜਦੋਂ ਤਸੱਲੀ ਨਾ ਹੋਈ ਤਾਂ ਇਨ੍ਹਾਂ ਹਮਲਾਵਰਾਂ ਨੇ ਮਹਿੰਦਰ ਸਿੰਘ ਨਾਂ ਦੇ ਇਸ ਵਿਅਕਤੀ ਨੂੰ ਕੱਚਾ ਮਲਕ ਰੋਡ 'ਤੇ ਅੱਧਨੰਗੀ ਹਾਲਤ 'ਚ ਹੀ ਭਜਾ-ਭਜਾ ਕੁੱਟਣਾ ਸ਼ੁਰੂ ਕਰ ਦਿੱਤਾ ਤੇ ਇਸ ਦੀ ਵੀਡੀਓ ਵੀ ਬਣਾਈ, ਜਿਸ ਨੂੰ ਬਾਅਦ 'ਚ ਸੋਸ਼ਲ ਮੀਡੀਆ 'ਤੇ ਪਾ ਦਿੱਤਾ। ਇਸ ਸਾਰੇ ਵਿਵਾਦ ਪਿੱਛੇ ਜਾਇਦਾਦ ਦਾ ਝਗੜਾ ਦੱਸਿਆ ਜਾ ਰਿਹਾ ਹੈ। ਮਹਿੰਦਰ ਸਿੰਘ ਇਕ ਮਕਾਨ ਨੂੰ ਆਪਣਾ ਦੱਸ ਰਿਹਾ ਹੈ, ਜਿਸ 'ਤੇ ਉਸ ਦੇ ਰੋਜ਼ਗਾਰ ਲਈ ਹੋਰ ਸ਼ਹਿਰ ਜਾਣ ਤੋਂ ਬਾਅਦ ਦੂਜੀ ਧਿਰ ਕਥਿਤ ਤੌਰ 'ਤੇ ਕਾਬਜ਼ ਹੋ ਗਈ। ਵਾਪਸ ਪਰਤ ਕੇ ਉਸ ਨੇ ਭੁੱਖ ਹੜਤਾਲ ਤੇ ਰੋਸ ਮਾਰਚ ਕੱਢਣ ਤੋਂ ਲੈ ਕੇ ਪੁਲਸ ਅਤੇ ਪ੍ਰਸ਼ਾਸਨ ਦੇ ਹੋਰ ਉੱਚ ਅਧਿਕਾਰੀ ਤੱਕ ਪਹੁੰਚ ਕੀਤੀ। ਉਸ ਦਾ ਕਹਿਣਾ ਹੈ ਕਿ ਲੰਮੀ ਜੱਦੋ-ਜਹਿਦ ਤੋਂ ਬਾਅਦ ਉਹ 'ਆਪਣੇ' ਘਰ 'ਚ ਦਾਖ਼ਲ ਹੋਣ ਦੇ ਯੋਗ ਹੋਇਆ। ਅੱਜ ਸਵੇਰੇ ਕੁਝ ਹਥਿਆਰਬੰਦ ਲੋਕ, ਜਿਨ੍ਹਾਂ 'ਚੋਂ ਕੁਝ ਕੋਲ ਰਾਇਫਲਾਂ ਵੀ ਸਨ, ਆਏ ਅਤੇ ਉਨ੍ਹਾਂ ਆਉਂਦੇ ਸਾਰ ਹੀ ਉਸ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਥਾਣਾ ਸਿਟੀ ਇੰਚਾਰਜ ਇੰਦਰਜੀਤ ਸਿੰਘ ਬੋਪਾਰਾਏ ਨੇ ਦੱਸਿਆ ਕਿ ਸ਼ਰੇਆਮ ਕੀਤੀ ਗਈ ਕੁੱਟਮਾਰ ਤੋਂ ਬਾਅਦ ਮਹਿੰਦਰ ਸਿੰਘ ਦੇ ਬਿਆਨਾਂ 'ਤੇ ਪੁਲਸ ਨੇ ਅਸਲਾ ਐਕਟ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਅਵਤਾਰ ਸਿੰਘ, ਇੰਦਰਜੀਤ ਸਿੰਘ, ਜਗਤਾਰ ਸਿੰਘ, ਬੂਟਾ ਸਿੰਘ, ਹਰਜਿੰਦਰ ਸਿੰਘ, ਹਰਜੀਤ ਸਿੰਘ, ਗੁਰਦੇਵ ਸਿੰਘ ਦਰਸ਼ਨ ਸਿੰਘ ਤੋਂ ਇਲਾਵਾ ਕਈ ਅਣਪਛਾਤੇ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ। ਇਨ੍ਹਾਂ 'ਚੋਂ ਮੁੱਖ ਮੁਲਜ਼ਮ ਇੰਦਰਜੀਤ ਸਿੰਘ ਨੂੰ ਕਾਰ ਸਮੇਤ ਕਾਬੂ ਕਰ ਲਿਆ ਗਿਆ। ਕਾਰ 'ਚੋਂ 2 ਰਾਇਫਲਾਂ ਤੇ ਕਈ ਲਾਠੀਆਂ ਵੀ ਮਿਲੀਆਂ ਹਨ, ਜਿਨ੍ਹਾਂ ਨੂੰ ਕਬਜ਼ੇ 'ਚ ਲੈ ਕੇ ਬਾਕੀ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।