ਘੱਟ ਵਜ਼ਨ ਵਾਲੇ ਵੱਟਿਆਂ ਨਾਲ ਲਾਇਆ ਜਾ ਰਿਹੈ ਚੂਨਾ

Tuesday, Sep 19, 2017 - 12:11 AM (IST)

ਘੱਟ ਵਜ਼ਨ ਵਾਲੇ ਵੱਟਿਆਂ ਨਾਲ ਲਾਇਆ ਜਾ ਰਿਹੈ ਚੂਨਾ

ਜਲਾਲਾਬਾਦ(ਬੰਟੀ)—ਉਕਤ ਸਮੱਸਿਆ ਸਬੰਧੀ ਗੱਲਬਾਤ ਕਰਦਿਆਂ ਸਮਾਜਸੇਵੀ ਸੁਰਿੰਦਰ ਮਹੰਤ (ਛਿੰਦਾ), ਵਿਜੇ ਦਹੂਜਾ (ਲੱਡੂ) ਤੇ ਸੁਰਿੰਦਰ ਕਾਮਰਾ (ਪੱਪੀ) ਨੇ ਕਿਹਾ ਕਿ ਆਮ ਵਰਗ ਨੂੰ ਜਿਥੇ ਮਹਿੰਗਾਈ ਦੀ ਮਾਰ ਪੈ ਰਹੀ ਹੈ, ਉਥੇ ਹੀ ਕਈ ਮੁਸ਼ਕਲਾਂ ਅਜਿਹੀਆਂ ਵੀ ਹਨ, ਜਿਸ ਤੋਂ ਕੁਝ ਲੋਕ ਅਨਜਾਣ ਹਨ ਤੇ ਆਪਣਾ ਨੁਕਸਾਨ ਕਰਵਾ ਬੈਠਦੇ ਹਨ। ਕੁਝ ਜਾਗਰੂਕ ਲੋਕ ਅਜਿਹੀ ਲੁੱਟ ਤੋਂ ਬੱਚ ਜਾਂਦੇ ਹਨ ਤੇ ਆਪਣੇ ਖੂਨ-ਪਸੀਨੇ ਦੀ ਕਮਾਈ ਦਾ ਪੂਰਾ ਸਾਮਾਨ ਦੁਕਾਨਦਾਰਾਂ ਤੇ ਰੇਹੜੀ ਵਾਲਿਆਂ ਤੋਂ ਵਸੂਲ ਕਰਦੇ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਕੁਝ ਦੁਕਾਨਦਾਰ ਤੇ ਰੇਹੜੀ ਵਾਲੇ ਆਦਿ ਆਪਣਾ ਸਾਮਾਨ ਤੋਲ ਕੇ ਵੇਚਣ ਲਈ ਘੱਟ ਵਜ਼ਨ ਵਾਲੇ ਵੱਟਿਆਂ ਦਾ ਇਸਤੇਮਾਲ ਕਰ ਕੇ ਗਾਹਕਾਂ ਨੂੰ ਸ਼ਰ੍ਹੇਆਮ ਚੂਨਾ ਲਗਾ ਰਹੇ ਹਨ, ਜਦਕਿ ਸਬੰਧਤ ਪ੍ਰਸ਼ਾਸਨ ਅੱਖਾਂ ਬੰਦ ਕਰ ਕੇ ਇਹ ਸਾਰਾ ਤਮਾਸ਼ਾ ਦੇਖ ਰਿਹਾ ਹੈ। ਸ਼ਹਿਰ 'ਚ ਜ਼ਿਆਦਾਤਰ ਦੁਕਾਨਦਾਰਾਂ ਤੇ ਰੇਹੜੀ ਵਾਲਿਆਂ ਵੱਲੋਂ ਬਹੁਤ ਹੀ ਪੁਰਾਣੇ ਵੱਟਿਆਂ ਦਾ ਪ੍ਰਯੋਗ ਕੀਤਾ ਜਾ ਰਿਹਾ ਹੈ ਤੇ ਦੋ ਵੱਖ-ਵੱਖ ਥਾਵਾਂ ਤੋਂ ਲਏ ਗਏ ਸਾਮਾਨ 'ਚੋਂ 100 ਗ੍ਰਾਮ ਪ੍ਰਤੀ ਕਿਲੋ ਫਰਕ ਦੇਖਿਆ ਗਿਆ। ਹੋਰ ਤਾਂ ਹੋਰ ਕੁਝ ਰੇਹੜੀ ਚਾਲਕ ਤੋਲਣ ਸਮੇਂ ਪੱਥਰ ਦੇ ਵੱਟਿਆਂ ਦਾ ਇਸਤੇਮਾਲ ਕਰਦੇ ਵੇਖੇ ਗਏ ਤੇ ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਕੋਲ ਅੱਧਾ ਕਿਲੋ ਦਾ ਵੱਟਾ ਨਾ ਹੋÎਣ ਕਾਰਨ ਉਹ ਇਸ ਪੱਥਰ ਦਾ ਇਸਤੇਮਾਲ ਕਰ ਰਹੇ ਹਨ। ਜਾਣਕਾਰੀ ਅਨੁਸਾਰ ਪਿਛਲੇ ਲੰਮੇਂ ਸਮੇਂ ਤੋਂ ਨਾਪਤੋਲ ਵਿਭਾਗ ਵੱਲੋਂ ਵੱਟਿਆਂ ਦੀ ਚੈਕਿੰਗ ਨਹੀਂ ਕੀਤੀ ਗਈ। ਨਿਯਮਾਂ ਅਨੁਸਾਰ ਨਾਪਤੋਲ ਵਿਭਾਗ ਦੁਆਰਾ ਹਰ ਸਾਲ ਕੰਡੇ ਤੇ ਵੱਟਿਆਂ ਦੀ ਚੈਕਿੰਗ ਕਰ ਕੇ ਉਨ੍ਹਾਂ ਵੱਟਿਆਂ ਦੇ ਪਿਛਲੇ ਪਾਸੇ ਸ਼ੀਸ਼ਾ (ਲੈਂਡ) ਭਰ ਕੇ ਮੋਹਰ ਲਾਈ ਜਾਣੀ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਇਕ ਦੁਕਾਨ 'ਤੇ ਜਦ ਚੈੱਕ ਕੀਤਾ ਗਿਆ ਤਾਂ ਉਸ ਦੇ ਵੱਟੇ ਦੇ ਪਿਛਲੇ ਪਾਸੇ ਦਾ ਸ਼ੀਸ਼ਾ (ਲੈਂਡ) ਨਹੀਂ ਸੀ। ਉਨ੍ਹਾਂ ਕਿਹਾ ਨਾਪਤੋਲ ਵਿਭਾਗ ਦੀ ਅਣਦੇਖੀ ਦੇ ਚੱਲਦਿਆਂ ਤੇ ਸਖਤੀ ਨਾ ਹੋਣ ਕਾਰਨ ਗਾਹਕਾਂ ਨੂੰ ਲੁਟਿਆ ਜਾ ਰਿਹਾ ਹੈ।
 


Related News