ਚੱਲਦੇ ਰੇਤਾ ਦੇ ਨਾਜਾਇਜ਼ ਖੱਡਿਆਂ ''ਤੇ ਛਾਪੇਮਾਰੀ
Thursday, Jul 13, 2017 - 12:31 AM (IST)

ਜ਼ੀਰਾ(ਗੁਰਮੇਲ)—ਪੰਜਾਬ ਸਰਕਾਰ ਵੱਲੋਂ ਰੇਤਾ ਦੇ ਨਾਜਾਇਜ਼ ਗੋਰਖ਼ ਧੰਦੇ ਨੂੰ ਬੰਦ ਕਰਨ ਲਈ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਹਨ। ਜ਼ੀਰਾ ਹਲਕੇ ਵਿਚ ਰੇਤਾ ਦੇ ਚੱਲਦੇ ਨਾਜਾਇਜ਼ ਖੱਡਿਆਂ ਨੂੰ ਬੰਦ ਕਰਵਾਉਣ ਲਈ ਅੱਜ ਚੰਡੀਗੜ੍ਹ ਤੋਂ ਟੀਮ ਪੁੱਜੀ, ਜਿਨ੍ਹਾਂ ਏ. ਡੀ. ਸੀ. ਫਿਰੋਜ਼ਪੁਰ ਵਨੀਤ ਕੁਮਾਰ ਦੀ ਅਗਵਾਈ ਵਿਚ ਪੁਲਸ ਪਾਰਟੀ ਸਮੇਤ ਵੱਖ-ਵੱਖ ਪਿੰਡਾਂ ਵਿਚ ਚੱਲਦੇ ਰੇਤਾ ਦੇ ਨਾਜਾਇਜ਼ ਖੱਡਿਆਂ 'ਤੇ ਛਾਪੇਮਾਰੀ ਕੀਤੀ, ਜਿਸ ਦੌਰਾਨ ਵੱਖ-ਵੱਖ ਖੱਡਿਆਂ ਤੋਂ ਰੇਤਾ ਦਾ ਨਾਜਾਇਜ਼ ਕਾਰੋਬਾਰ ਕਰਨ ਵਾਲਿਆਂ ਨੂੰ ਕਾਬੂ ਕੀਤਾ ਗਿਆ। ਅੱਜ ਸ਼ਾਮ ਵੇਲੇ ਜ਼ੋਰਦਾਰ ਬਾਰਿਸ਼ ਹੋਣ ਕਾਰਨ ਗੈਰ-ਕਾਨੂੰਨੀ ਧੰਦਾ ਕਰਨ ਵਾਲੇ ਬਾਰਿਸ਼ ਦਾ ਫਾਇਦਾ ਉਠਾਉਂਦੇ ਹੋਏ ਭੱਜਣ ਵਿਚ ਸਫ਼ਲ ਹੋ ਗਏ ਪਰ ਫਿਰ ਵੀ ਛਾਪੇਮਾਰੀ ਦੌਰਾਨ ਜਿਨ੍ਹਾਂ ਖੱਡਿਆਂ ਤੋਂ ਨਾਜਾਇਜ਼ ਮਾਈਨਿੰਗ ਪਾਈ ਗਈ, ਉਨ੍ਹਾਂ ਵਿਅਕਤੀਆਂ ਵਿਰੁੱਧ ਬਣਦੀ ਕਾਰਵਾਈ ਲਈ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਕੀ ਕਹਿਣਾ ਹੈ ਏ. ਡੀ. ਸੀ. ਦਾ
ਇਸ ਸਬੰਧੀ ਗੱਲਬਾਤ ਕਰਦਿਆਂ ਏ. ਡੀ. ਸੀ. ਫਿਰੋਜ਼ਪੁਰ ਵਨੀਤ ਕੁਮਾਰ ਨੇ ਦੱਸਿਆ ਕਿ ਪਿੰਡ ਕਿਲੀ ਬੋਦਲਾ, ਠੱਠਾ, ਬਹਿਕ ਗੁੱਜਰਾਂ, ਲੌਹੁਕੇ ਕਲਾ ਵਿਚ ਛਾਪੇਮਾਰੀ ਦੌਰਾਨ ਕੁਝ ਮਨਜ਼ੂਰਸ਼ੁਦਾ ਤੇ ਕੁਝ ਗੈਰ-ਮਨਜ਼ੂਰਸ਼ੁਦਾ ਖੱਡੇ ਪਾਏ ਗਏ, ਜਿਨ੍ਹਾਂ 'ਚੋਂ ਪੋਕਲਾਈਨ ਮਸ਼ੀਨ ਰਾਹੀਂ ਰੇਤਾ ਦੀ ਨਿਕਾਸੀ ਕੀਤੀ ਜਾ ਰਹੀ ਸੀ, ਜੋ ਮੌਕੇ 'ਤੇ 3 ਪੋਕਲਾਈਨ ਮਸ਼ੀਨਾਂ ਛੱਡ ਕੇ ਭੱਜਣ ਵਿਚ ਸਫ਼ਲ ਹੋ ਗਏ। ਜਿਨ੍ਹਾਂ ਕਿਸਾਨਾਂ ਦੇ ਖ਼ੇਤਾਂ 'ਚੋਂ ਰੇਤਾ ਕੱਢੀ ਜਾ ਰਹੀ ਹੈ, ਉਹ ਮਸ਼ੀਨਾਂ ਨਾਲ ਬਹੁਤ ਜ਼ਿਆਦਾ ਡੂੰਘਾਈ ਹੋਣ ਕਰਕੇ ਪ੍ਰਮਾਣਿਤ ਖੱਡਿਆਂ 'ਤੇ ਵੀ ਗੈਰ-ਕਾਨੂੰਨੀ ਕੰਮ ਪਾਇਆ ਗਿਆ, ਜਿਸ ਸਬੰਧੀ ਉਨ੍ਹਾਂ ਰੈਵੇਨਿਊ ਵਿਭਾਗ ਦੇ ਅਧਿਕਾਰੀਆਂ ਨੂੰ ਮਿਣਤੀ ਕਰਕੇ ਰਿਪੋਰਟ ਕਰਨ ਦੇ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਜੋ ਵਿਅਕਤੀ ਰੇਤਾ ਦਾ ਗੈਰ-ਕਾਨੂੰਨੀ ਧੰਦਾ ਕਰਦੇ ਪਾਏ ਗਏ ਉਨ੍ਹਾਂ ਵਿਰੁੱਧ ਮੁਕੱਦਮੇ ਦਰਜ ਕਰਨ ਲਈ ਪੁਲਸ ਵਿਭਾਗ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ।
ਇਸ ਮੌਕੇ ਉਨ੍ਹਾਂ ਦੇ ਨਾਲ ਜ਼ੀਰਾ ਦੇ ਨਾਇਬ ਤਹਿਸੀਲਦਾਰ, ਐੱਸ. ਐੱਚ. ਓ. ਮੱਖ਼ੂ ਜਸਵਰਿੰਦਰ ਸਿੰਘ, ਐੱਸ. ਐੱਚ. ਓ. ਮੱਲਵਾਲਾ ਤੇ ਭਾਰੀ ਪੁਲਸ ਪਾਰਟੀ ਹਾਜ਼ਰ ਸੀ। ਖ਼ਬਰ ਲਿਖੇ ਜਾਣ ਤੱਕ ਛਾਪੇਮਾਰੀ ਜਾਰੀ ਸੀ। ਜ਼ਿਕਰਯੋਗ ਹੈ ਕਿ ਜ਼ੀਰਾ ਹਲਕੇ ਵਿਚ ਰੇਤਾ ਦੀ ਕਾਲਾਬਾਜ਼ਾਰੀ ਜ਼ੋਰਾਂ 'ਤੇ ਚੱਲ ਰਹੀ ਸੀ, ਜਿਸਦੀ ਇਲਾਕੇ ਵਿਚ ਖ਼ੂਬ ਚਰਚਾ ਸੀ ਤੇ ਰੇਤਾ ਦੇ ਭਾਅ ਆਸਮਾਨੀ ਪਹੁੰਚ ਚੁੱਕੇ ਹਨ, ਜੋ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਹਨ ਤੇ ਸਰਕਾਰ ਵੱਲੋਂ ਕੀਤੀ ਇਹ ਕਾਰਵਾਈ ਕੀ ਲੋਕਾਂ ਨੂੰ ਰਾਹਤ ਦਿਵਾਏਗੀ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਪ੍ਰਸ਼ਾਸਨ ਦੀ ਇਸ ਕਾਰਵਾਈ ਦੀ ਲੋਕਾਂ ਵੱਲੋਂ ਚੁਫੇਰਿਓਂ ਸ਼ਲਾਘਾ ਕੀਤੀ ਜਾ ਰਹੀ ਹੈ।