ਜ਼ਮੀਨ ਦੇ ਲਾਲਚ ਨੇ ਖੂਨ ਦੇ ਰਿਸ਼ਤੇ ਕੀਤੇ ਪਾਣੀ

Thursday, Jun 15, 2017 - 07:02 AM (IST)

ਜ਼ਮੀਨ ਦੇ ਲਾਲਚ ਨੇ ਖੂਨ ਦੇ ਰਿਸ਼ਤੇ ਕੀਤੇ ਪਾਣੀ

ਮੁੱਲਾਂਪੁਰ ਦਾਖਾ(ਸੰਜੀਵ)-ਮਾਡਲ ਥਾਣਾ ਦਾਖਾ ਦੀ ਪੁਲਸ ਨੇ ਜਾਨਲੇਵਾ ਹਮਲਾ ਕਰ ਕੇ ਇਕ ਵਿਅਕਤੀ ਨੂੰ ਗੰਭੀਰ ਜ਼ਖ਼ਮੀ ਕਰਨ ਦੇ ਦੋਸ਼ 'ਚ ਇਕ ਔਰਤ ਸਮੇਤ 9 ਵਿਅਕਤੀਆਂ ਖਿਲਾਫ ਮੁਕੱਦਮਾ ਨੰਬਰ 159 ਧਾਰਾ 307, 506, 324, 148, 149, 120-ਬੀ ਤਹਿਤ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।  ਮਾਮਲੇ ਦੀ ਪੜਤਾਲ ਕਰ ਰਹੇ ਥਾਣੇਦਾਰ ਗੁਰਦੀਪ ਸਿੰਘ ਨੇ ਦੱਸਿਆ ਕਿ ਦਵਿੰਦਰ ਸਿੰਘ ਪੁੱਤਰ ਕੁਲਦੇਵ ਸਿੰਘ ਵਾਸੀ ਹਸਨਪੁਰ ਨੇ ਦੱਸਿਆ ਕਿ ਉਨ੍ਹਾਂ ਦੇ ਦਾਦੇ ਕੋਮਲ ਸਿੰਘ ਕੋਲ ਵੱਖ-ਵੱਖ ਪਿੰਡਾਂ 'ਚ ਕਰੀਬ 100 ਏਕੜ ਜ਼ਮੀਨ ਸੀ, ਜਿਸ 'ਚੋਂ 40 ਏਕੜ ਜ਼ਮੀਨ ਪਿੰਡ ਹਸਨਪੁਰ ਵਿਖੇ ਹੈ। ਉਕਤ ਜ਼ਮੀਨ ਵਿਚੋਂ 1/7 ਹਿੱਸਾ ਉਸ ਦੀ ਭੂਆ ਸੁਖਮਿੰਦਰ ਕੌਰ ਅਤੇ 1/7 ਹਿੱਸਾ ਉਸ ਦੇ ਚਾਚੇ ਸਤਵੰਤ ਸਿੰਘ ਕੋਲ ਹੈ ਅਤੇ ਉਹ ਆਪਣੇ-ਆਪਣੇ ਹਿੱਸੇ ਦੀ ਜ਼ਮੀਨ ਵਿਚ ਫਸਲ ਬੀਜਦੇ ਹਨ। ਉਸ ਨੇ ਦੱਸਿਆ ਕਿ ਉਸ ਦੀ ਭੂਆ ਸੁਖਮਿੰਦਰ ਕੌਰ ਨੇ ਧੋਖੇ ਨਾਲ ਉਸ ਦੀ ਚਾਚੀ ਸੁਖਦੇਵ ਕੌਰ ਦੀ ਕੁਝ ਜ਼ਮੀਨ ਆਪਣੇ ਨਾਂ ਲਵਾ ਲਈ ਅਤੇ ਬਾਕੀ ਬਚਦੀ ਜ਼ਮੀਨ ਦੀ ਝੂਠੀ ਵਸੀਅਤ ਆਪਣੇ ਹੱਕ ਵਿਚ ਤਿਆਰ ਕਰਵਾ ਲਈ, ਜਿਸ ਦਾ ਅਦਾਲਤ ਵਿਚ ਕੇਸ ਵੀ ਚੱਲ ਰਿਹਾ ਹੈ ਅਤੇ ਉਸ ਦੀ ਲੁਧਿਆਣਾ ਰਹਿੰਦੀ ਦੂਸਰੀ ਭੂਆ ਸੁਖਜੀਤ ਕੌਰ ਨੇ ਸਾਰੀ ਜ਼ਮੀਨ ਦਾ ਸਟੇਅ ਹਾਸਲ ਕੀਤਾ ਹੋਇਆ ਹੈ।  
ਸ਼ਿਕਾਇਤਕਰਤਾ ਅਨੁਸਾਰ ਬੀਤੇ ਕੱਲ ਉਸ ਦੀ ਭੂਆ ਸੁਖਮਿੰਦਰ ਕੌਰ ਨੇ 3 ਟਰੈਕਟਰਾਂ ਅਤੇ 15-20 ਵਿਅਕਤੀਆਂ ਦੀ ਮਦਦ ਨਾਲ ਸਵੇਰੇ 11 ਵਜੇ ਦੇ ਕਰੀਬ ਉਨ੍ਹਾਂ ਦੀ ਜ਼ਮੀਨ ਵਾਹੁਣ ਦੀ ਕੋਸ਼ਿਸ਼ ਕੀਤੀ, ਜਿਸ ਦੀ ਸੂਚਨਾ ਉਨ੍ਹਾਂ ਦਾਖਾ ਪੁਲਸ ਨੂੰ ਦਿੱਤੀ ਤਾਂ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਉਨ੍ਹਾਂ ਨੂੰ ਜ਼ਮੀਨ ਵਾਹੁਣ ਤੋਂ ਰੋਕ ਦਿੱਤਾ। ਦਵਿੰਦਰ ਸਿੰਘ ਅਨੁਸਾਰ ਸ਼ਾਮ 7 ਵਜੇ ਦੇ ਕਰੀਬ ਜਦੋਂ ਉਹ ਆਪਣੇ ਚਾਚੇ ਦੇ ਲੜਕੇ ਨਿਰਮਲਜੀਤ ਸਿੰਘ ਪੁੱਤਰ ਸਤਵੰਤ ਸਿੰਘ ਨਾਲ ਕਾਰ ਵਿਚ ਭਨੋਹੜ ਵਾਲੇ ਪਾਸਿਓਂ ਪਿੰਡ ਹਸਨਪੁਰ ਜਾ ਰਿਹਾ ਸੀ ਤਾਂ ਹਵੇਲੀ ਵਾਲੇ ਮੋੜ ਤੋਂ ਪਿੰਡ ਵੱਲ ਨੂੰ ਪੁੱਜੇ ਤਾਂ ਦੋ ਗੱਡੀਆਂ ਵਿਚ ਸਵਾਰ ਸੁਖਮਿੰਦਰ ਕੌਰ ਪਤਨੀ ਭਗਵੰਤ ਸਿੰਘ ਵਾਸੀ ਸਰਾਭਾ, ਸਤਵੰਤ ਸਿੰਘ ਪੁੱਤਰ ਕੋਮਲ ਸਿੰਘ ਵਾਸੀ ਹਸਨਪੁਰ, ਭਗਵੰਤ ਸਿੰਘ ਵਾਸੀ ਰੁੜਕਾ, ਭਗਵੰਤ ਸਿੰਘ ਦਾ ਲੜਕਾ ਜੱਗਾ, ਮਿੰਟੂ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਹਸਨਪੁਰ, ਗੁਰਤੇਜ ਸਿੰਘ ਉਰਫ ਗੋਲਾ, ਕਮਲ ਭੌਰ, ਹੈਪੀ ਪੁੱਤਰ ਬੱਬੀ ਵਾਸੀ ਗਾਲਿਬ ਅਤੇ ਜਗਪਾਲ ਸਿੰਘ ਵਾਸੀ ਨਿਊ ਦਿੱਲੀ ਹਾਲ ਵਾਸੀ ਸਰਾਭਾ, ਜਿਨ੍ਹਾਂ ਦੇ ਹੱਥਾਂ ਵਿਚ ਵੱਖ-ਵੱਖ ਤਰ੍ਹਾਂ ਦੇ ਹਥਿਆਰ ਫੜੇ ਹੋਏ ਸਨ, ਇਕਦਮ ਗੱਡੀਆਂ ਕੋਲ ਆਏ ਅਤੇ ਉਸ ਦੀ ਭੂਆ ਸੁਖਮਿੰਦਰ ਕੌਰ ਨੇ ਲਲਕਾਰਾ ਮਾਰਦਿਆਂ ਕਿਹਾ ਕਿ ਇਨ੍ਹਾਂ ਦੋਵਾਂ ਨੂੰ ਅੱਜ ਜ਼ਮੀਨ ਵਾਹੁਣ ਤੋਂ ਰੋਕਣ ਦਾ ਮਜ਼ਾ ਚਖਾ ਦਿਓ। ਉਸ ਨੇ ਦੱਸਿਆ ਕਿ ਉਹ ਦੋਵੇਂ ਗੱਡੀ 'ਚੋਂ ਬਾਹਰ ਆ ਗਏ ਅਤੇ ਉਕਤ ਸਾਰੇ ਵਿਅਕਤੀਆਂ ਨੇ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਨੀਅਤ ਨਾਲ ਹਮਲਾ ਕਰ ਦਿੱਤਾ।
ਸਿੱਟੇ ਵਜੋਂ ਉਸ ਦੇ ਚਾਚੇ ਦਾ ਲੜਕਾ ਨਿਰਮਲਜੀਤ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ, ਜਦੋਂ ਉਸ ਨੇ ਰੌਲਾ ਪਾਇਆ ਤਾਂ ਉਕਤ ਸਾਰੇ ਵਿਅਕਤੀ ਆਪਣੇ ਹਥਿਆਰਾਂ ਸਣੇ ਗੱਡੀਆਂ ਵਿਚ ਸਵਾਰ ਹੋ ਕੇ ਫਰਾਰ ਹੋ ਗਏ। ਥਾਣੇਦਾਰ ਗੁਰਦੀਪ ਸਿੰਘ ਨੇ ਦੱਸਿਆ ਕਿ ਨਿਰਮਲਜੀਤ ਸਿੰਘ ਲੁਧਿਆਣਾ ਦੇ ਸੀ. ਐੱਮ. ਸੀ. ਹਸਪਤਾਲ 'ਚ ਜ਼ੇਰੇ ਇਲਾਜ ਹੈ।


Related News