ਜ਼ਮੀਨੀ ਵਿਵਾਦ : 2 ਧਿਰਾਂ ''ਚ ਚੱਲੀ ਗੋਲੀ, 6 ਜ਼ਖਮੀ

Tuesday, Jun 13, 2017 - 12:45 AM (IST)

ਜ਼ਮੀਨੀ ਵਿਵਾਦ : 2 ਧਿਰਾਂ ''ਚ ਚੱਲੀ ਗੋਲੀ, 6 ਜ਼ਖਮੀ

ਸਮਾਣਾ(ਦਰਦ)-ਨੇੜਲੇ ਪਿੰਡ ਕਾਕੜਾ ਵਿਚ ਜ਼ਮੀਨੀ ਵਿਵਾਦ ਨੂੰ ਲੈ ਕੇ ਸੋਮਵਾਰ ਨੂੰ ਦੇਰ ਸ਼ਾਮ ਦੋ ਧਿਰਾਂ ਦੇ ਝਗੜੇ ਦੌਰਾਨ ਤੇਜ਼ਧਾਰ ਹਥਿਆਰਾਂ ਦੀ ਵਰਤੋਂ ਕਰਨ ਅਤੇ ਗੋਲੀ ਚੱਲਣ ਨਾਲ 6 ਲੋਕ ਜ਼ਖਮੀ ਹੋ ਗਏ। ਉਨ੍ਹਾਂ ਨੂੰ ਇਲਾਜ ਲਈ ਸਮਾਣਾ ਤੇ ਪਟਿਆਲਾ ਦੇ ਹਸਪਤਾਲਾਂ ਵਿਚ ਲਿਜਾਇਆ ਗਿਆ। ਸਦਰ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ।  ਸਿਵਲ ਹਸਪਤਾਲ ਵਿਚ ਇਲਾਜ ਲਈ ਲਿਆਂਦੇ ਗੰਭੀਰ ਜ਼ਖਮੀ ਗੁਰਨਾਮ ਸਿੰਘ, ਜੋਗਾ ਸਿੰਘ, ਸੇਵਾ ਸਿੰਘ ਤੇ ਭਪਿੰਦਰ ਸਿੰਘ ਜਿਨ੍ਹਾਂ ਵਿਚੋਂ 2 ਦੀ ਹਾਲਤ ਗੰਭੀਰ ਹੋਣ ਕਾਰਨ ਹਸਪਤਾਲ ਦੇ ਡਾਕਟਰਾਂ ਵੱਲੋਂ ਮੁਢਲੀ ਡਾਕਟਰੀ ਸਹਾਇਤਾ ਉਪਰੰਤ ਰਾਜਿੰਦਰਾ ਹਸਪਤਾਲ ਰੈਫਰ ਕਰ ਦਿੱਤਾ ਗਿਆ। ਇਲਾਜ ਅਧੀਨ ਸੂਰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਕਰਨੈਲ ਸਿੰਘ ਵਗੈਰਾ ਨਾਲ ਪਿਛਲੇ ਕਾਫੀ ਸਮੇਂ ਤੋਂ ਜ਼ਮੀਨੀ ਵਿਵਾਦ ਚਲਦਾ ਆ ਰਿਹਾ ਸੀ। ਦੋਵੇਂ ਧਿਰਾਂ ਦਾ ਮੋਹਤਬਰ ਵਿਅਕਤੀਆਂ ਵੱਲੋਂ ਸਮਝੌਤਾ ਵੀ ਕਰਵਾ ਦਿੱਤਾ ਗਿਆ ਸੀ। ਇਸ ਦੇ ਬਾਵਜੂਦ ਸਮਝੌਤੇ ਦੀ ਪਾਲਣਾ ਨਹੀਂ ਹੋਈ, ਜਿਸ ਕਾਰਨ ਅੱਜ ਕਰਨੈਲ ਸਿੰਘ ਧਿਰ ਵੱਲੋਂ ਉਨ੍ਹਾਂ ਉੱਪਰ ਕਥਿਤ ਤੌਰ 'ਤੇ ਗੋਲੀ ਚਲਾਈ ਗਈ, ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ। ਹਮਲੇ ਵਿਚ ਉਨ੍ਹਾਂ ਦੇ 4 ਲੋਕ ਜ਼ਖਮੀ ਹੋ ਗਏ। ਦੂਜੇ ਪਾਸੇ ਕਰਨੈਲ ਸਿੰਘ ਧਿਰ ਦੇ ਹਰਦੀਪ ਸਿੰਘ ਅਨੁਸਾਰ ਉਪਰੋਕਤ ਵਿਅਕਤੀਆਂ ਨੇ ਉਨ੍ਹਾਂ ਉੱਪਰ ਹਮਲਾ ਕਰ ਕੇ ਉਸ ਦੇ ਪਿਤਾ ਕਰਨੈਲ ਸਿੰਘ ਅਤੇ ਭਰਾ ਗੁਰਮੇਜ ਸਿੰਘ ਨੂੰ ਜ਼ਖਮੀ ਕਰ ਦਿੱਤਾ ਹੈ। ਥਾਣਾ ਸਦਰ ਪੁਲਸ ਵੱਲੋਂ ਸੂਚਨਾ ਮਿਲਣ 'ਤੇ ਮੌਕੇ 'ਤੇ ਪੁਜਦਿਆਂ ਸਥਿਤੀ ਦਾ ਜਾਇਜ਼ਾ ਲਿਆ ਗਿਆ। ਸੰਪਰਕ ਕਰਨ 'ਤੇ ਥਾਣਾ ਸਦਰ ਮੁਖੀ ਹਰਮਨਪ੍ਰੀਤ ਸਿੰਘ ਚੀਮਾ ਨੇ ਦੱਸਿਆ ਕਿ ਗੁਰਨਾਮ ਸਿੰਘ ਦੇ ਬਿਆਨਾਂ ਅਨੁਸਾਰ ਕਰਨੈਲ ਸਿੰਘ ਧਿਰ ਦੇ ਦਰਜਨ ਲੋਕਾਂ ਖਿਲਾਫ ਧਾਰਾ 307 ਤਹਿਤ ਮਾਮਲਾ ਦਰਜ ਕਰਦਿਆਂ ਝਗੜੇ ਦੀ ਜਾਂਚ ਕੀਤੀ ਜਾ ਰਹੀ ਹੈ।


Related News