ਸ਼ਰਮਨਾਕ ਘਟਨਾ : ਲੁਧਿਆਣਾ 'ਚ 3 ਗਾਵਾਂ ਦੀ ਮੌਤ, ਕੁੱਝ ਲੋਕਾਂ 'ਤੇ ਜ਼ਹਿਰ ਦੇ ਕੇ ਮਾਰਨ ਦੇ ਦੋਸ਼
Saturday, Dec 03, 2022 - 03:34 PM (IST)
ਲੁਧਿਆਣਾ (ਮਹਿੰਦਰੂ) : ਲੁਧਿਆਣਾ 'ਚ ਉਸ ਵੇਲੇ ਸ਼ਰਮਨਾਕ ਘਟਨਾ ਸਾਹਮਣੇ ਆਈ, ਜਦੋਂ 3 ਗਾਵਾਂ ਦੀ ਮੌਤ ਹੋ ਗਈ। ਕੁੱਝ ਲੋਕਾਂ 'ਤੇ ਰੰਜਿਸ਼ ਦੇ ਚੱਲਦਿਆਂ ਗਾਵਾਂ ਨੂੰ ਜ਼ਹਿਰ ਦੇਣ ਦੇ ਦੋਸ਼ ਲੱਗੇ ਹਨ। ਜਾਣਕਾਰੀ ਮੁਤਾਬਕ ਇਹ ਮਾਮਲਾ ਥਾਣਾ ਜਮਾਲਪੁਰ ਦੇ ਇਲਾਕੇ ਹੁੰਦਲ ਚੌਂਕ ਦਾ ਹੈ। ਮ੍ਰਿਤਕ ਗਾਵਾਂ ਦੇ ਮਾਲਕ ਮਨੋਹਰ ਮਸੀਹ ਨੇ ਦੱਸਿਆ ਕਿ ਹਰ ਰੋਜ਼ ਦੀ ਤਰ੍ਹਾਂ ਬੀਤੀ ਰਾਤ ਵੀ ਉਹ ਆਪਣੀਆਂ 4 ਗਾਵਾਂ ਨੂੰ ਬੰਨ੍ਹ ਕੇ ਘਰ ਚਲਾ ਗਿਆ।
ਜਦੋਂ ਸਵੇਰੇ ਉਹ ਧਾਰਾਂ ਕੱਢਣ ਲਈ ਆਇਆ ਤਾਂ 3 ਗਾਵਾਂ ਮਰੀਆਂ ਪਈਆਂ ਸਨ ਅਤੇ ਉਨ੍ਹਾਂ ਦੇ ਮੂੰਹ 'ਚੋਂ ਝੱਗ ਨਿਕਲ ਰਹੀ ਸੀ। ਇਨ੍ਹਾਂ 'ਚੋਂ ਇਕ ਗਾਂ ਸੂਣ ਵਾਲੀ ਸੀ। ਮਨੋਹਰ ਦਾ ਦੋਸ਼ ਹੈ ਕਿ ਕਿਸੇ ਨੇ ਜ਼ਹਿਰ ਦੇ ਕੇ ਉਸ ਦੀਆਂ ਗਾਵਾਂ ਨੂੰ ਮਾਰਿਆ ਹੈ।
ਉਸ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਇਹ ਕੰਮ ਕੀਤਾ ਹੈ, ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਮਨੋਹਰ ਨੇ ਕਿਹਾ ਹੈ ਕਿ ਜੋ ਮੇਰਾ ਨੁਕਸਾਨ ਹੋਇਆ ਹੈ, ਉਸ ਦਾ ਹਰਜਾਨਾ ਵੀ ਦੋਸ਼ੀਆਂ ਨੂੰ ਪੈਣਾ ਚਾਹੀਦਾ ਹੈ। ਉਸ ਨੇ ਕਿਹਾ ਕਿ ਅੱਜ ਉਸ ਦੀਆਂ ਗਾਵਾਂ ਨੂੰ ਮਾਰਿਆ ਗਿਆ ਹੈ ਤਾਂ ਕੱਲ੍ਹ ਉਸ ਨਾਲ ਕੁੱਝ ਹੋਰ ਵੀ ਕੀਤਾ ਜਾ ਸਕਦਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ