ਖੰਡ ਦੇ ਭੁਲੇਖੇ ਯੂਰੀਆ ਮਿਲਾ ਕੇ ਗਊਆਂ ਨੂੰ ਖੁਆਈ, 15 ਦੀ ਮੌਤ

Friday, Jun 29, 2018 - 03:53 AM (IST)

ਖੰਡ ਦੇ ਭੁਲੇਖੇ ਯੂਰੀਆ ਮਿਲਾ ਕੇ ਗਊਆਂ ਨੂੰ ਖੁਆਈ, 15 ਦੀ ਮੌਤ

ਬਠਿੰਡਾ(ਬਲਵਿੰਦਰ)-ਅੱਜ ਇਥੇ ਗਊਸ਼ਾਲਾ ’ਚ ਛੋਲਿਆਂ ਨਾਲ ਯੂਰੀਆ ਪਾ ਕੇ 15 ਗੱਭਣ ਗਊਆਂ ਦੀ ਹੱਤਿਆ ਕਰ ਦਿੱਤੀ ਗਈ, ਜਦਕਿ ਇਕ ਹੋਰ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਸ ਤੋਂ ਇਲਾਵਾ ਗਊਆਂ ਦੇ ਮਰਨ ਦਾ ਕਾਰਨ ਕੱਚੇ ਛੋਲੇ ਵੀ ਮੰਨਿਆ ਜਾ ਰਿਹਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਪੋਸਟਮਾਰਟਮ ਤੋਂ ਬਾਅਦ ਹੀ ਅਸਲੀਅਤ ਸਾਹਮਣੇ ਆ ਸਕੇਗੀ, ਫਿਲਹਾਲ ਉਹ ਪੱਕੇ ਤੌਰ ’ਤੇ ਕੁਝ ਨਹੀਂ ਕਹਿ ਸਕਦੇ। ਗਊਸ਼ਾਲਾ ਦੇ ਇਕ ਮੁਲਾਜ਼ਮ ਦਾ ਕਹਿਣਾ ਸੀ ਕਿ ਅੱਜ ਸਵੇਰੇ ਇਕ ਵਿਅਕਤੀ ਬੋਰੇ ’ਚ ਛੋਲੇ ਦੇ ਕੇ ਗਿਆ ਸੀ, ਜਿਸ ਵਿਚ ਕੁਝ ਚਿੱਟਾ ਜਿਹਾ ਪਦਾਰਥ ਸੀ। ਉਸਨੇ ਇਸ ਚਿੱਟੇ ਪਦਾਰਥ ਨੂੰ ਖੰਡ ਸਮਝ ਲਿਆ। ਮੁਲਾਜ਼ਮ ਨੇ ਉਕਤ ਛੋਲਿਆਂ ਦਾ ਬੋਰਾ ਗੱਭਣ ਗਊਆਂ ਦੇ ਵਾੜੇ ’ਚ ਪਹੁੰਚ ਕੇ ਹਰੇ ਚਾਰੇ ਵਿਚ ਮਿਲਾ ਦਿੱਤਾ। ਇਹੀ ਹਰਾ ਚਾਰਾ ਖਾਣ ਨਾਲ ਗਊਆਂ ਦੀ ਮੌਤ ਹੋਣ ਦਾ ਸ਼ੱਕ ਹੈ। 
ਕੀ ਹੈ ਮਾਮਲਾ 
 ਡੱਬਵਾਲੀ ਰੋਡ ਬਠਿੰਡਾ ’ਤੇ ਸਥਿਤ ਬਾਲ ਗੋਪਾਲ ਗਊਸ਼ਾਲਾ ਦੇ ਇਕ ਵਾੜੇ ’ਚ 16 ਗੱਭਣ ਗਊਆਂ ਆਫਰ ਕੇ ਡਿੱਗ ਪਈਆਂ, ਜਿਨ੍ਹਾਂ ਦੀ ਇਕ-ਇਕ ਕਰ ਕੇ ਮੌਤ ਹੋਣ ਲੱਗੀ। ਮੌਕੇ ’ਤੇ ਸਰਕਾਰੀ ਪਸ਼ੂ ਹਸਪਤਾਲ ਦੇ ਡਾਕਟਰਾਂ ਨੂੰ ਵੀ ਸੱਦਿਆ ਗਿਆ ਪਰ ਇਲਾਜ ਦੌਰਾਨ 15 ਗਊਆਂ ਦੀ ਮੌਤ ਹੋ ਗਈ, ਜਦਕਿ ਇਕ ਹੋਰ ਦੀ ਹਾਲਤ ਗੰਭੀਰ ਬਣੀ ਹੋਈ ਹੈ। 
ਕੀ ਕਹਿੰਦੇ ਹਨ ਡਾਕਟਰ  
ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ. ਐੱਸ. ਡੀ. ਜਿੰਦਲ ਨੇ ਕਿਹਾ ਕਿ ਸ਼ੱਕ ਹੈ ਕਿ ਹਰੇ-ਚਾਰੇ ਵਿਚ ਯੂਰੀਆ ਮਿਲਿਆ ਹੋਇਆ ਸੀ ਜੋ ਗਊਆਂ ਨੇ ਖਾ ਲਿਆ ਤੇ ਉਨ੍ਹਾਂ ਦੀ ਮੌਤ ਹੋ ਗਈ। ਪੰਜ ਗਊਆਂ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ, ਜਦਕਿ ਹਰੇ ਚਾਰੇ ਦੇ ਸੈਂਪਲ ਵੀ ਭਰੇ ਗਏ ਹਨ। ਰਿਪੋਰਟ ਆਉਣ ਤੋਂ ਬਾਅਦ ਹੀ ਅਸਲੀਅਤ ਸਾਹਮਣੇ ਆਵੇਗੀ।
ਪੁਲਸ ਮਾਮਲੇ ਦੀ ਪੜਤਾਲ ਕਰ ਰਹੀ : ਐੱਸ. ਪੀ.
ਐੱਸ.ਪੀ. ਸਿਟੀ ਗੁਰਮੀਤ ਸਿੰਘ ਨੇ ਕਿਹਾ ਕਿ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ। ਪਤਾ ਲੱਗਾ ਹੈ ਕਿ ਕੱਚੇ ਛੋਲੇ ਖਾਣ ਨਾਲ ਵੀ  ਅਜਿਹਾ  ਹੋ ਸਕਦਾ ਹੈ। ਫਿਰ ਵੀ ਹਰੇਕ ਪਹਿਲੂ ’ਤੇ ਨਜ਼ਰ ਰੱਖੀ ਜਾ ਰਹੀ ਹੈ। ਜੇਕਰ ਕੋਈ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਸਾਡੇ ਲਈ ਇਹ ਦੁੱਖ ਦੀ ਘੜੀ : ਕੁਸ਼ਲਾ
 ਗਊਸ਼ਾਲਾ ਦੇ ਪ੍ਰਧਾਨ ਸਾਧੂ ਰਾਮ ਕੁਸ਼ਲਾ ਨੇ ਕਿਹਾ ਕਿ ਇਹ ਸਾਡੇ ਲਈ ਇਹ ਦੁੱਖ ਦੀ ਘੜੀ ਹੈ। ਇਹ ਕਿਸੇ ਸ਼ਰਾਰਤੀ ਅਨਸਰ ਦਾ ਕੰਮ ਵੀ ਹੋ ਸਕਦਾ ਹੈ। ਉਨ੍ਹਾਂ ਪੁਲਸ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਅਸਲੀਅਤ ਸਾਹਮਣੇ ਲਿਆਂਦੀ ਜਾਵੇ ਤੇ ਦੋਸ਼ੀਆਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ। 


Related News