ਗਊ ਸੇਵਾ ਮਿਸ਼ਨ ਨੇ ਕੀਤੀ ਇੰਡਸਟਰੀ ''ਚ ਤੂੜੀ ਦੇ ਇਸਤੇਮਾਲ ''ਤੇ ਰੋਕ ਲਾਉਣ ਦੀ ਮੰਗ
Monday, May 23, 2022 - 11:15 AM (IST)
ਲੁਧਿਆਣਾ (ਹਿਤੇਸ਼) : ਗਊ ਸੇਵਾ ਮਿਸ਼ਨ ਨੇ ਇੰਡਸਟਰੀ 'ਚ ਤੂੜੀ ਦੇ ਇਸਤੇਮਾਲ 'ਤੇ ਰੋਕ ਲਾਉਣ ਦੀ ਮੰਗ ਕੀਤੀ ਹੈ। ਇਸ ਸਬੰਧੀ ਸੁਆਮੀ ਕ੍ਰਿਸ਼ਨਾਨੰਦ ਜੀ ਮਹਾਰਾਜ ਭੂਰੀ ਵਾਲਿਆਂ ਨੇ ਕਿਹਾ ਕਿ ਪਿਛਲੇ ਕੁੱਝ ਸਮੇਂ ਦੌਰਾਨ ਪੇਪਰ, ਗੱਤਾ ਮਿੱਲਾਂ, ਭੱਠੇ ਆਦਿ 'ਚ ਤੂੜੀ ਜਾਂ ਪਰਾਲੀ ਨੂੰ ਈਂਧਣ ਦੇ ਰੂਪ 'ਚ ਇਸਤੇਮਾਲ ਕੀਤਾ ਜਾ ਰਿਹਾ ਹੈ। ਇਸ ਕਾਰਨ ਗਊ ਸ਼ਾਲਾ, ਪਸ਼ੂ ਪਾਲਕਾਂ ਦੇ ਸਾਹਮਣੇ ਚਾਰੇ ਦਾ ਸੰਕਟ ਪੈਦਾ ਹੋ ਗਿਆ ਹੈ।
ਇਸ ਸਮੱਸਿਆ ਦੇ ਹੱਲ ਲਈ ਹੁਸ਼ਿਆਰਪੁਰ ਦੇ ਡੀ. ਸੀ. ਵੱਲੋਂ ਇੰਡਸਟਰੀ 'ਚ ਤੂੜੀ ਦੇ ਇਸਤੇਮਾਲ 'ਤੇ ਰੋਕ ਲਾਉਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸ ਦੇ ਮੱਦੇਨਜ਼ਰ ਇਸ ਤਰ੍ਹਾਂ ਦਾ ਫ਼ੈਸਲਾ ਪੂਰੇ ਪੰਜਾਬ 'ਚ ਲਾਗੂ ਕਰਨ ਦੀ ਮੰਗ ਕੀਤੀ ਗਈ ਹੈ। ਸੁਆਮੀ ਕ੍ਰਿਸ਼ਨਾਨੰਦ ਜੀ ਮਹਾਰਾਜ ਅਤੇ ਬਾਬਾ ਸਾਧੂ ਸਿੰਘ ਮਹਾਰਾਜ ਮਾਛੀਵਾੜਾ ਨੇ ਕਿਹਾ ਕਿ ਸਰਕਾਰ ਤੂੜੀ ਦੇ ਰੇਟ ਫਿਕਸ ਕਰੇ ਅਤੇ ਕਾਊ ਸੈੱਸ ਦਾ ਇਸਤੇਮਾਲ ਲਾਵਾਰਿਸ ਗਊ ਧਨ ਲਈ ਕੀਤਾ ਜਾਵੇ। ਉਨ੍ਹਾਂ ਨੇ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਸੰਘਰਸ਼ ਲਈ ਮਜਬੂਰ ਹੋਣਗੇ ਅਤੇ ਮੁੱਖ ਮੰਤਰੀ ਦੇ ਘਰ ਦਾ ਘਿਰਾਓ ਕੀਤਾ ਜਾਵੇ।