ਵਿਦੇਸ਼ਾਂ ਤੋਂ ਪੰਜਾਬ ਆਉਣ ਵਾਲੀ ''ਕੋਵਿਡ ਰਾਹਤ'' ਨੂੰ ਟੈਕਸ ਤੋਂ ਛੋਟ ਦੇਣ ਦਾ ਐਲਾਨ, 2 ਨੋਡਲ ਅਧਿਕਾਰੀ ਨਿਯੁਕਤ
Friday, May 07, 2021 - 11:16 AM (IST)
ਚੰਡੀਗੜ੍ਹ/ਜੈਤੋ (ਅਸ਼ਵਨੀ, ਪਰਾਸ਼ਰ) : ਪੰਜਾਬ ਸਰਕਾਰ ਨੇ ਕੋਰੋਨਾ ਵਾਇਰਸ ਖ਼ਿਲਾਫ਼ ਚੱਲ ਰਹੀ ਮੌਜੂਦਾ ਲੜਾਈ ਵਿਚ 2 ਨੋਡਲ ਅਧਿਕਾਰੀ ਨਿਯੁਕਤ ਕੀਤੇ ਹਨ ਤਾਂ ਜੋ ਵਿਅਕਤੀਆਂ/ਸੰਸਥਾਵਾਂ ਨੂੰ ਵਿਦੇਸ਼ਾਂ ਤੋਂ ਸੂਬੇ ਵਿਚ ਦਰਾਮਦ ਕੀਤੀ ਜਾਣ ਵਾਲੀ ਕਿਸੇ ਵੀ ਕਿਸਮ ਦੀ ਕੋਵਿਡ ਰਾਹਤ ’ਤੇ ਟੈਕਸ ਤੋਂ ਛੋਟ ਪ੍ਰਾਪਤ ਕੀਤੀ ਜਾ ਸਕੇ। ਸਰਕਾਰੀ ਬੁਲਾਰੇ ਨੇ ਦੱਸਿਆ ਕਿ ਕੋਰੋਨਾ ਮਹਾਮਾਰੀ ਦੀ ਚੁਣੌਤੀ ਨੂੰ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਣ ਲਈ ਅਤੇ ਭਾਰਤ ਤੋਂ ਬਾਹਰੋਂ ਆਉਣ ਵਾਲੀ ਮਦਦ ਦੇ ਸੁਚਾਰੂ ਪ੍ਰਵਾਹ ਲਈ ਭਾਰਤ ਸਰਕਾਰ ਨੇ ਦੇਸ਼ ਵਿਚ ਦਰਾਮਦ ਕੀਤੀ ਗਈ ਕੋਵਿਡ ਰਾਹਤ ਸਮੱਗਰੀ ’ਤੇ ਕਸਟਮ ਡਿਊਟੀ ਅਤੇ ਏਕੀਕ੍ਰਿਤ ਟੈਕਸ ਤੋਂ ਛੋਟ ਦਿੱਤੀ ਹੈ।
ਇਹ ਵੀ ਪੜ੍ਹੋ : CBSE ਸਕੂਲਾਂ ਲਈ ਖੜ੍ਹੀ ਹੋਈ ਨਵੀਂ ਮੁਸੀਬਤ, ਅੱਗੇ ਖੂਹ, ਪਿੱਛੇ ਖਾਈ ਵਾਲੇ ਬਣੇ ਹਾਲਾਤ
ਅਜਿਹੀਆਂ ਰਿਆਇਤਾਂ ਦਾ ਲਾਭ ਦਰਾਮਦ ਕੀਤੀਆਂ ਚੀਜ਼ਾਂ ਲਈ ਤਾਂ ਲਿਆ ਜਾ ਸਕਦਾ ਹੈ, ਜੇ ਉਹ ਭਾਰਤ ਤੋਂ ਬਾਹਰੋਂ ਮੁਫ਼ਤ ਭੇਜੀਆਂ ਗਈਆਂ ਹੋਣ ਅਤੇ ਭਾਰਤ ਵਿਚ ਮੁਫ਼ਤ ਵੰਡੀਆਂ ਜਾਂਦੀਆਂ ਹਨ। ਇਨ੍ਹਾਂ ਛੋਟਾਂ ਦਾ ਲਾਭ ਲੈਣ ਲਈ ਕੋਈ ਵੀ ਪੰਜਾਬ ਸਰਕਾਰ ਵੱਲੋਂ ਨਿਯੁਕਤ ਕੀਤੇ ਹੇਠ ਲਿਖੇ ਨੋਡਲ ਅਧਿਕਾਰੀਆਂ ਕੋਲ ਪਹੁੰਚ ਕਰ ਸਕਦਾ ਹੈ। ਕੁਮਾਰ ਰਾਹੁਲ (ਆਈ.ਏ.ਐੱਸ.) ਸੰਪਰਕ ਨੰ: 9876164787 ਈ-ਮੇਲ: mdnrhmpunjab0gmail.com & sha.phse0gmail.com. ਅਤੇ ਰਵਨੀਤ ਸਿੰਘ ਖੁਰਾਣਾ (ਆਈ.ਆਰ.ਐੱਸ. ਸੀ. ਐਂਡ ਆਈ. ਟੀ.) ਸੰਪਰਕ ਨੰ. 9560954405 ਈਮੇਲ: gst.audit0punjab.7ov.in.
ਦੱਸਣਯੋਗ ਹੈ ਕਿ ਇਸ ਸਬੰਧ ਵਿਚ ਪੰਜਾਬ ਸਰਕਾਰ ਵਲੋਂ ਪੰਜਾਬ ਐਗਰੀ ਐਕਸਪੋਰਟ ਕਾਰਪੋਰੇਸ਼ਨ ਲਿਮਟਿਡ (ਪਗ੍ਰੇਕਸਕੋ) ਨੂੰ ਅਜਿਹੀ ਸਮੱਗਰੀ ਦੀ ਦਰਾਮਦ ਕਰਨ ਲਈ ਨੋਡਲ ਏਜੰਸੀ ਦੇ ਤੌਰ ’ਤੇ ਅਧਿਕਾਰਤ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਪੰਜਾਬ ਵਿਚ ਕੋਈ ਵੀ ਸੰਸਥਾ ਜੋ ਮੁਫ਼ਤ ਵੰਡਣ ਲਈ ਭਾਰਤ ਵਿਚ ਕੋਵਿਡ ਰਾਹਤ ਦੀਆਂ ਚੀਜ਼ਾਂ ਦੀ ਮੁਫ਼ਤ ਦਰਾਮਦ ਕਰਨਾ ਚਾਹੁੰਦੀ ਹੈ ਉਹ ਪੋਰਟਲ https://taxation.punjab.gov.in/imports/. ’ਤੇ ਅਪਲਾਈ ਕਰ ਸਕਦੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ