ਪੰਜਾਬ ''ਚ ਰੋਜ਼ਾਨਾ ਪੈਦਾ ਹੋ ਰਹੀ 550 ਕਿੱਲੋ ''ਕੋਵਿਡ ਬਾਇਓ ਮੈਡੀਕਲ ਵੇਸਟ''
Friday, May 01, 2020 - 08:35 PM (IST)
ਚੰਡੀਗੜ੍ਹ : ਕੋਰੋਨਾ ਵਾਇਰਸ ਵਰਗੀ ਭਿਆਨਕ ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਦੇ ਨਾਲ ਹੀ ਪੰਜਾਬ ਸਰਕਾਰ ਲਈ ਇਕ ਨਵੀਂ ਮੁਸ਼ਕਲ ਖੜ੍ਹੀ ਹੋ ਗਈ ਹੈ ਕਿ ਵਾਇਰਸ ਨਾਲ ਭਰੇ ਬਾਇਓ ਮੈਡੀਕਲ ਵੇਸਟ ਦਾ ਨਿਪਟਾਰਾ ਕਿਵੇਂ ਕੀਤਾ ਜਾਵੇ ਕਿਉਂਕਿ ਜੇਕਰ ਇਸ ਨਾਲ ਉਚਿਤ ਤਰੀਕੇ ਨਾਲ ਨਾ ਨਿੱਬੜਿਆ ਗਿਆ ਤਾਂ ਇਹ ਵਿਨਾਸ਼ਕਾਰੀ ਸਾਬਿਤ ਹੋ ਸਕਦਾ ਹੈ। ਕੋਰੋਨਾ ਵਾਇਰਸ ਦੇ ਕਹਿਰ ਕਾਰਨ ਪੰਜਾਬ, ਦੇਸ਼ ਦੇ ਸਭ ਤੋਂ ਜ਼ਿਆਦਾ ਪ੍ਰਭਾਵਿਤ ਸੂਬਿਆਂ 'ਚੋਂ ਇੱਕ ਹੈ, ਜਿੱਥੇ ਹੁਣ ਤੱਕ 606 ਲੋਕ ਇੰਫੈਕਟਿਡ ਹੋ ਚੁੱਕੇ ਹਨ, ਜਦੋਂ ਕਿ 20 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੋਰੋਨਾ ਪੀੜਤਾਂ ਦੇ ਇਲਾਜ ਦੌਰਾਨ 20 ਮਾਰਚ ਤੋਂ 26 ਅਪ੍ਰੈਲ ਤੱਕ 19,553 ਕਿੱਲੋ ਬਾਇਓ ਮੈਡੀਕਲ ਵੇਸਟ ਪੈਦਾ ਹੋਇਆ, ਜੋ ਕਿ ਰੋਜ਼ਾਨਾ ਦੇ ਹਿਸਾਬ ਨਾਲ 550 ਕਿੱਲੋ ਬਣਦਾ ਹੈ।
ਪੰਜਾਬ 'ਚ 269 ਦੇ ਕਰੀਬ ਆਈਸੋਲੇਸ਼ਨ ਸੈਂਟਰ ਅਤੇ ਵਾਰਡ ਕੋਵਿਡ-19 ਪੀੜਤਾਂ ਦਾ ਇਲਾਜ ਕਰਨ 'ਚ ਲੱਗੇ ਹੋਏ ਹਨ। ਬਾਇਓ ਮੈਡੀਕਲ ਵੇਸਟ 'ਚ ਪੀ. ਪੀ. ਈ. ਕਿੱਟਾਂ, ਮਾਸਕ, ਦਸਤਾਨੇ, ਡਰੈਸਿੰਗ, ਬਿਸਤਰੇ, ਬਲੱਡ ਬੈਗ, ਸੂਈਆਂ, ਸਰਿੰਜਾਂ ਆਦਿ ਸ਼ਾਮਲ ਹਨ। ਜਿਸ ਤਰ੍ਹਾਂ ਨਾਲ ਸੂਬੇ 'ਚ ਕੋਰੋਨਾ ਦੇ ਕੇਸ ਵੱਧ ਰਹੇ ਹਨ, ਉਸ ਦੇ ਹਿਸਾਬ ਨਾਲ ਬਾਇਓ ਮੈਡੀਕਲ ਵੇਸਟ 'ਚ ਵੀ ਬਹੁਤ ਵਾਧਾ ਹੋ ਜਾਵੇਗਾ। ਪੰਜਾਬ ਦਾ 78 ਫੀਸਦੀ ਖਤਰਨਾਕ ਬਾਇਓ ਮੈਡੀਕਲ ਵੇਸਟ ਸਿਰਫ 6 ਜ਼ਿਲ੍ਹਿਆਂ ਅੰਮ੍ਰਿਤਸਰ, ਪਠਾਨਕੋਟ, ਜਲੰਧਰ, ਲੁਧਿਆਣਾ, ਪਟਿਆਲਾ ਅਤੇ ਮੋਹਾਲੀ 'ਚ ਪੈਦਾ ਹੋ ਰਿਹਾ ਹੈ।
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਪਿਛਲੇ ਮਹੀਨੇ ਇਸ ਵੇਸਟ ਨੂੰ ਸਹੀ ਤਰੀਕੇ ਨਾਲ ਸੰਭਾਲਣ, ਇਸ ਦੇ ਨਿਪਟਾਰੇ ਅਤੇ ਇਸ ਵੇਸਟ ਦੀ ਆਵਾਜਾਈ ਸਬੰਧੀ ਨਿਰਦੇਸ਼ ਜਾਰੀ ਕੀਤੇ ਗਏ ਸਨ। ਕੋਰੋਨਾ ਪੀੜਤਾਂ ਦੇ ਇਲਾਜ ਕਾਰਨ ਪੈਦਾ ਹੋਏ ਇਸ ਬਾਇਓ ਮੈਡੀਕਲ ਵੇਸਟ ਨਾਲ ਵਾਤਾਵਰਣ ਅਤੇ ਮਨੁੱਖੀ ਸਿਹਤ ਨੂੰ ਕਿਸੇ ਤਰ੍ਹਾਂ ਦੀ ਹਾਨੀ ਨਾ ਪਹੁੰਚੇ, ਇਸ ਲਈ ਬੋਰਡ ਵਲੋਂ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਹੈ, ਜੋ ਇਸ ਵੇਸਟ ਦੇ ਨਿਪਟਾਰੇ ਸਬੰਧੀ ਪੂਰੀ ਨਿਗਰਾਨੀ ਰੱਖ ਰਹੀਆਂ ਹਨ। ਇਸ ਦੇ ਲਈ 300 ਦੇ ਕਰੀਬ ਲੋਕਾਂ ਨੂੰ ਮੈਡੀਕਲ ਵੇਸਟ ਚੁੱਕਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਅਤੇ 79 ਵਾਹਨਾਂ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ।
ਇਸ ਵੇਸਟ ਦੇ ਨਿਪਟਾਰੇ ਦੀ ਨਿਗਰਾਨੀ ਦੀ ਜ਼ਿੰਮੇਵਾਰੀ 20 ਅਧਿਕਾਰੀਆਂ ਦੀ ਟੀਮ ਨੂੰ ਸੌਂਪੀ ਗਈ ਹੈ। ਇਸ ਬਾਰੇ ਬੋਰਡ ਦੇ ਮੈਂਬਰ ਕਰੁਨੇਸ਼ ਗਰਗ ਨੇ ਸਾਰੀਆਂ ਸਿਹਤ ਸਹੂਲਤਾਂ ਨੂੰ ਬੋਰਡ ਵੱਲੋਂ ਜਾਰੀ ਕੀਤੇ ਗਏ ਨਿਰਦੇਸ਼ਾਂ ਨੂੰ ਮੰਨਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਾਨੂੰ ਸਿਹਤ ਸਹੂਲਤਾਂ, ਸਥਾਨਕ ਅਧਿਕਾਰੀਆਂ ਦਾ ਸਹਿਯੋਗ ਕਰਨ ਦੀ ਲੋੜ ਹੈ। ਬਹੁਤ ਜ਼ਿਆਦਾ ਖਤਰਨਾਕ ਇਸ ਮੈਡੀਕਲ ਵੇਸਟ ਦੇ ਨਿਪਟਾਰੇ ਬਾਰੇ ਦੱਸਦਿਆਂ ਪੰਜਾਬ ਯੂਨੀਵਰਿਸਟੀ ਦੇ ਵਾਤਾਵਰਣ ਵਿਭਾਗ ਦੇ ਚੇਅਰਪਰਸਨ ਡਾ. ਸੁਮਨ ਮੋਰ ਨੇ ਕਿਹਾ ਕਿ ਕੋਵਿਡ-19 ਦੇ ਮਰੀਜ਼ਾਂ ਦੇ ਇਲਾਜ ਦੌਰਾਨ ਪੈਦਾ ਹੋਏ ਬਾਇਓ ਮੈਡੀਕਲ ਵੇਸਟ ਨੂੰ ਦੂਜੇ ਕੂੜੇ 'ਚ ਨਹੀਂ ਮਿਲਾਇਆ ਜਾ ਸਕਦਾ ਹੈ ਕਿਉਂਕਿ ਇਸ ਨਾਲ ਮਹਾਂਮਾਰੀ ਦਾ ਖਤਰਾ ਕਿਤੇ ਜ਼ਿਆਦਾ ਵੱਧ ਸਕਦਾ ਹੈ।