ਕੋਵਿਡ-19 : ਲੁਧਿਆਣਾ 'ਚ 66 ਨਵੇਂ ਮਰੀਜ਼ਾਂ ਦੀ ਪੁਸ਼ਟੀ, 2 ਦੀ ਮੌਤ
Sunday, Jul 12, 2020 - 09:47 PM (IST)
ਲੁਧਿਆਣਾ,(ਸਹਿਗਲ)- ਕੋਰੋਨਾ ਵਾਇਰਸ ਨਾਲ ਅੱਜ 2 ਔਰਤ ਮਰੀਜ਼ਾਂ ਦੀ ਮੌਤ ਹੋ ਗਈ, ਜਦਕਿ 66 ਨਵੇਂ ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ ’ਚੋਂ ਦੂਜੇ ਜ਼ਿਲਿਆਂ ਦੇ ਰਹਿਣ ਵਾਲੇ ਹਨ, ਜਦਕਿ ਲੁਧਿਆਣਾ ਨਾਲ ਸਬੰਧਤ ਹਨ। ਮ੍ਰਿਤਕ ਮਰੀਜ਼ਾਂ ’ਚ 90 ਸਾਲਾ ਬਜ਼ੁਰਗ ਔਰਤ ਮਲੇਰਕੋਟਲਾ ਦੀ ਰਹਿਣ ਵਾਲੀ ਸੀ ਅਤੇ ਡੀ. ਐੱਮ. ਸੀ. ਹਸਪਤਾਲ ’ਚ ਦਾਖਲ ਸੀ, ਜਦਕਿ ਦੂਜੀ 60 ਸਾਲਾ ਔਰਤ ਸਿਵਲ ਹਸਪਤਾਲ ਵਿਚ ਦਾਖਲ ਸੀ ਅਤੇ ਐੱਸ. ਬੀ. ਐੱਸ. ਨਗਰ ਦੀ ਰਹਿਣ ਵਾਲੀ ਸੀ। ਮਹਾਨਗਰ ਵਿਚ ਹੁਣ ਤੱਕ 1376 ਮਰੀਜ਼ਾਂ ’ਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋ ਚੁੱਕੀ ਹੈ, ਜਦਕਿ 32 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ ਦੂਜੇ ਸ਼ਹਿਰਾਂ ਦੇ ਸਥਾਨਕ ਹਸਪਤਾਲਾਂ ’ਚ ਦਾਖਲ ਹੋਣ ਵਾਲੇ ਮਰੀਜ਼ਾਂ ’ਚੋਂ 252 ਮਰੀਜ਼ ਪਾਜ਼ੇਟਿਵ ਆ ਚੁੱਕੇ ਹਨ ਅਤੇ ਇਨ੍ਹਾਂ ’ਚੋਂ 28 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।
ਅੱਜ ਪਾਜ਼ੇਟਿਵ ਆਏ ਤਿੰਨ ਪੁਲਸ ਅਧਿਕਾਰੀਆਂ ’ਚ ਇਕ 50 ਸਾਲਾ ਏ. ਐੱਸ. ਆਈ. ਜੋ ਸੀ. ਆਈ. ਏ. ’ਚ ਤਾਇਨਾਤ ਹੈ ਅਤੇ ਗੁਰਦਾਸਪੁਰ ਦਾ ਰਹਿਣ ਵਾਲਾ ਹੈ, ਜਦਕਿ ਬਾਕੀ ਦੋਵਾਂ ’ਚੋਂ ਇਕ 40 ਸਾਲਾ ਏ. ਐੱਸ. ਆਈ. ਦਾਖਾ ਪੁਲਸ ਸਟੇਸ਼ਨ ’ਚ ਤਾਇਨਾਤ ਹੈ ਅਤੇ ਹੋਰ ਹੁਸ਼ਿਆਰਪੁਰ ਦਾ ਰਹਿਣ ਵਾਲਾ ਹੈ ਅਤੇ ਤੀਜਾ 50 ਸਾਲਾ ਏ. ਐੱਸ. ਆਈ. ਵੀ ਦਾਖਾ ਪੁਲਸ ਸਟੇਸ਼ਨ ’ਚ ਤਾਇਨਾਤ ਹੈ ਅਤੇ ਮੋਹਾਲੀ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ।
939 ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ
ਸਿਹਤ ਵਿਭਾਗ ਵੱਲੋਂ ਅੱਜ 939 ਮਰੀਜ਼ਾਂ ਦੇ ਸੈਂਪਲ ਲੈ ਕੇ ਕੋਰੋਨਾ ਵਾਇਰਸ ਸਬੰਧਤ ਜਾਂਚ ਲਈ ਲੈਬ ਵਿਚ ਭੇਜੇ ਗਏ ਹਨ, ਜਦਕਿ 1278 ਪੈਂਡਿੰਗ ਰਿਪੋਰਟ ਦਾ ਇੰਤਜ਼ਾਰ ਹੈ। ਜ਼ਿਲਾ ਮਲੇਰੀਆ ਅਫਸਰ ਅਨੁਸਾਰ ਹੁਣ ਤੱਕ ਕੁੱਲ 43315 ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ ਜਾ ਚੁੱਕੇ ਹਨ। ਜਿਨ੍ਹਾਂ ਵਿਚ 42037 ਮਰੀਜ਼ਾਂ ਦੀ ਰਿਪੋਰਟ ਉਨ੍ਹਾਂ ਨੂੰ ਪ੍ਰਾਪਤ ਹੋਈ ਹੈ। ਇਨ੍ਹਾਂ ’ਚੋਂ 40454 ਲੋਕਾਂ ਦੇ ਟੈਸਟ ਨੈਗੇਟਿਵ ਆ ਚੁਕੇ ਹਨ।
266 ਲੋਕਾਂ ਨੂੰ ਆਈਸੋਲੇਸ਼ਨ ’ਚ ਭੇਜਿਆ
ਸਿਹਤ ਵਿਭਾਗ ਦੀਆਂ ਟੀਮਾਂ ਨੇ 266 ਲੋਕਾਂ ਨੂੰ ਜਾਂਚ ਉਪਰੰਤ ਆਈਸੋਲੇਸ਼ਨ ’ਚ ਭੇਜ ਦਿੱਤਾ ਹੈ। ਜਿਨ੍ਹਾਂ ਦੀ ਲਗਾਤਾਰ ਨਿਗਰਾਨੀ ਕੀਤੀ ਜਾਵੇਗੀ।
ਇੰਟਰਨੈਸ਼ਨਲ ਯਾਤਰੀਆਂ ਦੀ ਗਿਣਤੀ 347 ਹੋਈ
ਸਿਹਤ ਵਿਭਾਗ ਵੱਲੋਂ ਆਈਸੋਲੇਸ਼ਨ ’ਚ ਰੱਖੇ ਇੰਟਰਨੈਸ਼ਨਲ ਯਾਤਰੀਆਂ ਦੀ ਗਿਣਤੀ 347 ਹੋ ਗਈ ਹੈ। ਅੱਜ ਵੀ ਕੁਵੈਤ ਤੋਂ ਮੁੜੇ ਦੋ ਵਿਅਕਤੀਆਂ, ਜਿਨ੍ਹਾਂ ’ਚ 30 ਅਤੇ 36 ਸਾਲਾ ਵਿਅਕਤੀ ਸ਼ਾਮਲ ਹੈ। ਫਤਿਹਗੜ੍ਹ ਜੱਟਾਂ ਦੇ ਰਹਿਣ ਵਾਲੇ ਹਨ, ਦੀ ਰਿਪੋਰਟ ਵੀ ਕੋਰੋਨਾ ਪਾਜ਼ੇਟਿਵ ਆਈ ਹੈ।