ਕੋਵਿਡ-19 ਦੀ ਸੈਂਪਲ ਵਾਲੀ ਥਾਂ ਕੋਲ ਕੁੱਤਿਆਂ ਦੀ ਹੋ ਰਹੀ ਹੈ ਲਗਾਤਾਰ ਮੌਤ, ਡਾਕਟਰ ਅਤੇ ਪੰਚਾਇਤ ਚਿੰਤਤ

Tuesday, May 12, 2020 - 10:41 AM (IST)

ਕੋਵਿਡ-19 ਦੀ ਸੈਂਪਲ ਵਾਲੀ ਥਾਂ ਕੋਲ ਕੁੱਤਿਆਂ ਦੀ ਹੋ ਰਹੀ ਹੈ ਲਗਾਤਾਰ ਮੌਤ, ਡਾਕਟਰ ਅਤੇ ਪੰਚਾਇਤ ਚਿੰਤਤ

ਸਾਦਿਕ (ਪਰਮਜੀਤ): ਸਾਦਿਕ ਇਲਾਕੇ ਨੂੰ ਸਿਹਤ ਸਹੂਲਤਾਂ ਦੇਣ ਲਈ ਕਰੋੜਾਂ ਰੁਪਏ ਦੇ ਲਾਗਤ ਨਾਲ ਬਣੇ ਸੀ. ਐੱਚ. ਸੀ ਸਾਦਿਕ ਵਿਖੇ ਕੋਰੋਨਾ ਦੀ ਮਹਾਂਮਾਰੀ ਤੋਂ ਬਚਾਅ ਨੂੰ ਲੈ ਕੇ ਡਿਪਟੀ ਕਮਿਸ਼ਨਰ ਫਰੀਦਕੋਟ ਵਲੋਂ ਸਾਦਿਕ ਇਲਾਕੇ ਨੂੰ ਸਹੂਲਤ ਦੇਣ ਲਈ ਕੋਵਿਡ-19 ਦੀ ਸੈਂਪਲਿੰਗ ਸ਼ੁਰੂ ਕੀਤੀ ਗਈ ਸੀ ਅਤੇ ਸੀ. ਐੱਚ. ਸੀ. ਵਲੋਂ ਸੈਕੜੇ ਸੈਂਪਲ ਵੀ ਲਏ ਗਏ। ਇਸ ਬਿਲਡਿੰਗ ਦੇ ਇਕ ਪਾਸੇ ਜਿੱਥੇ ਸੈਂਪਲ ਲੈਣ ਦਾ ਕੰਮ ਕੀਤਾ ਜਾਂਦਾ ਸੀ, ਉਸ ਦੇ ਬਿਲਕੁੱਲ ਨਜ਼ਦੀਕ ਇਕ ਤੋਂ ਬਾਅਦ ਇਕ ਕੁੱਤਿਆਂ ਦਾ ਮਰਨਾ ਹੈਰਾਨੀ ਜਨਕ ਰਿਹਾ ਅਤੇ ਹੁਣ ਤੱਕ ਕਰੀਬ ਪੰਜ ਕੁੱਤਿਆਂ ਦੀ ਮੌਤ ਹੋ ਚੁੱਕੀ ਹੈ, ਜਿਸ ਨੂੰ ਲੈ ਕੇ ਡਾਕਟਰ ਅਤੇ ਪੰਚਾਇਤ ਚਿੰਤਤ ਹੈ ਅਤੇ ਕਿਸੇ ਅਣਸੁਖਾਵੀਂ ਘਟਨਾ ਤੋਂ ਭੈਭੀਤ ਹਨ। ਬੀਮਾਰੀਆਂ ਤੋਂ ਰਾਹਤ ਦਿਵਾਉਣ ਲਈ ਬਣੇ ਹਸਪਤਾਲ ਦੇ ਇਕ ਗੇਟ ਕੋਲ ਹੁਣ ਵੀ ਮਰਿਆ ਕੁੱਤਾ ਪਿਆ ਸੀ ਅਤੇ ਕਮਰਿਆਂ ਵਿਚ ਇਸ ਸਮੇਂ ਮਰੇ ਕੁੱਤੇ ਦੀ ਬਦਬੋ ਆ ਰਹੀ ਸੀ ਜੋ ਬੀਮਾਰੀਆਂ ਨੂੰ ਸੱਦਾ ਦੇ ਰਹੀ ਸੀ ਅਤੇ ਉਸ ਪਾਸੇ ਜਾਣ ਮੁਸ਼ਕਲ ਹੋ ਰਿਹਾ ਸੀ।

ਇਹ ਵੀ ਪੜ੍ਹੋ:  ਫਿਰੋਜ਼ਪੁਰ: 2 ਮੰਜ਼ਿਲਾ ਘਰ ਨੂੰ ਲੱਗੀ ਭਿਆਨਕ ਅੱਗ, ਲੱਖਾਂ ਦਾ ਨੁਕਸਾਨ

ਇਸ ਸਬੰਧੀ ਜਦ ਸੀਨੀਅਰ ਮੈਡੀਕਲ ਅਫਸਰ ਡਾ. ਰਾਜੀਵ ਭੰਡਾਰੀ ਅਤੇ ਮਾਸ ਮੀਡੀਆ ਅਫਸਰ ਡਾ. ਪ੍ਰਭਦੀਪ ਚਾਵਲਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਪਹਿਲਾਂ ਜਦ ਇਕ-ਦੋ ਕੁੱਤਿਆਂ ਦੀ ਮੌਤ ਹੋਈ ਤਾਂ ਅਸੀਂ ਬਹੁਤ ਧਿਆਨ ਨਾ ਦਿੱਤਾ ਅਤੇ ਫਿਰ ਜਦ ਹੋਰ ਕੁੱਤੇ ਨੂੰ ਮੌਤ ਤੋਂ ਕੁਝ ਸਮਾਂ ਪਹਿਲਾਂ ਦੇਖਿਆ ਤਾਂ ਉਸ ਦਾ ਮੂੰਹ ਸੁੱਜਿਆ ਹੋਇਆ ਅਤੇ ਉਸ ਦੀ ਚਮੜੀ ਖਰਾਬ ਹੋ ਰਹੀ ਸੀ। ਕੁਝ ਸਮੇਂ ਬਾਅਦ ਦੂਜੇ ਕੁੱਤੇ ਦੀ ਵੀ ਮੌਤ ਹੋ ਗਈ। ਫਿਰ ਅਸੀਂ ਸੈਂਪਲ ਲਈ ਦੀ ਜਗ੍ਹਾ ਬਦਲ ਕੇ ਬਿਲਡਿੰਗ ਦੇ ਅੰਦਰ ਕਰ ਦਿੱਤੀ, ਫਿਰ ਵੀ ਜਿਥੇ ਸੈਂਪਲ ਲੈਂਦੇ ਉਸ ਦੇ ਬਾਹਰ ਫਿਰ ਕੁੱਤੇ ਮਰ ਰਹੇ ਹਨ ਅਤੇ ਹੁਣ ਤੱਕ ਪੰਜ ਕੁੱਤੇ ਮਰ ਚੁੱਕੇ ਹਨ। ਇਸ ਬਾਰੇ ਅਸੀਂ ਵੈਟਨਰੀ ਡਾਕਟਰ ਨੂੰ ਬੁਲਾਇਆ, ਪਰ ਉਨ੍ਹਾਂ ਵੀ ਕਾਰਨਾਂ ਸਬੰਧੀ ਅਸਮੱਰਥਾ ਜਤਾਈ ਹੈ। ਇਹ ਮਾਮਲਾ ਅਸੀਂ ਆਪਣੇ ਸੀਨੀਅਰ ਅਧਿਕਾਰੀਆਂ ਦੇ ਧਿਆਨ ਵਿਚ ਵੀ ਲਿਆ ਰਹੇ ਹਾਂ।

ਇਹ ਵੀ ਪੜ੍ਹੋ:  ਡਾ.ਓਬਰਾਏ ਨੇ ਮੁੜ ਵਿਖਾਈ ਦਰਿਆਦਿਲੀ, ਦੂਜੇ ਰਾਜਾਂ ਨੂੰ ਜਾ ਰਹੇ ਪ੍ਰਵਾਸੀ ਮਜ਼ਦੂਰਾਂ ਲਈ ਭੇਜੇ ਸਰਜੀਕਲ ਮਾਸਕ

ਕੀ ਕਹਿੰਦੀ ਹੈ ਪੰਚਾਇਤ
ਇਸ ਸਬੰਧੀ ਸ਼ਿਵਰਾਜ ਸਿੰਘ ਢਿੱਲੋਂ ਸਰਪੰਚ ਨੇ ਕਿਹਾ ਕਿ ਡਾ. ਭੰਡਾਰੀ ਦਾ ਫੋਨ ਆ ਜਾਦਾ ਹੈ ਕਿ ਹਸਪਤਾਲ ਲਾਗੇ ਕੁੱਤਾ ਮਰ ਗਿਆ ਹੈ, ਆਦਮੀ ਭੇਜ ਕੇ ਚੁਕਵਾ ਦਿਓ। ਮੈਂ ਮਜ਼ਦੂਰ ਭੇਜਦਾ ਹਾਂ ਅਤੇ ਉਹ ਮਰੇ ਕੁੱਤੇ ਨੂੰ ਦੂਰ ਧਰਤੀ ਵਿਚ ਦਬਾ ਦਿੰਦੇ ਸਨ, ਜਦ ਲਗਾਤਾਰ ਗਿਣਤੀ ਵਧਦੀ ਗਈ ਤਾਂ ਸਾਨੂੰ ਵੀ ਡਰ ਸਤਾਉਣ ਲੱਗਾ ਅਤੇ ਡਾਕਟਰ ਨੂੰ ਇਹ ਮਾਮਲਾ ਜ਼ਿਲਾ ਪ੍ਰਸ਼ਾਸਨ ਦੇ ਧਿਆਨ ਵਿਚ ਲਿਆਉਣ ਲਈ ਕਿਹਾ ਕਿ ਕਿਸ ਕਾਰਣ ਕੁੱਤੇ ਮਰ ਰਹੇ ਹਨ। ਕੁੱਤੇ ਤਾਂ ਆਮ ਹੀ ਗਲੀਆਂ ਵਿਚ ਫਿਰਦੇ ਹਨ, ਕਿਤੇ ਇਹ ਨਾ ਹੋਵੇ ਕਿ ਇਹ ਕੁੱਤੇ ਕੋਈ ਜਾਨਲੇਵਾ ਬੀਮਾਰੀ ਘਰ-ਘਰ ਫੈਲਾ ਦੇਣ। ਗਲੀਆਂ ਵਿਚ ਕਿਸੇ ਕੁੱਤੇ ਦੀ ਇਸ ਤਰ੍ਹਾਂ ਮੌਤ ਨਹੀਂ ਹੋਈ।

ਇਹ ਵੀ ਪੜ੍ਹੋ: .. ਜਦੋਂ ਮੋਗਾ ਦੇ ਸਿਵਲ ਹਸਪਤਾਲ 'ਚ ਕੋਰੋਨਾ ਦੇ ਮਰੀਜ਼ਾਂ ਨਾਲ ਡਾਕਟਰਾਂ ਨੇ ਪਾਇਆ ਗਿੱਧਾ

ਕੀ ਕਹਿੰਦੇ ਹਨ ਵੈਟਨਰੀ ਡਾਕਟਰ
ਇਸ ਸਬੰਧੀ ਡਾ. ਅਮਨਦੀਪ ਸਿੰਘ ਵੈਟਰਨਰੀ ਅਫਸਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਸ ਕੁੱਤੇ ਦੀ ਮੌਤ ਦੋ-ਤਿੰਨ ਪਹਿਲਾਂ ਹੋਈ ਸੀ ਅਤੇ ਅਜਿਹੀ ਸਥਿਤੀ ਵਿਚ ਮੈਂ ਕੁਝ ਨਹੀਂ ਕਹਿ ਸਕਦਾ। ਜੇਕਰ ਕੁੱਤਾ ਜਿੰਦਾ ਹੁੰਦਾ ਤਾਂ ਲੱਛਣਾਂ ਤੋਂ ਪਤਾ ਲੱਗ ਸਕਦਾ ਸੀ,ਪਰ ਇਸ ਸਬੰਧੀ ਘਬਰਾਉਣ ਦੀ ਜ਼ਰੂਰਤ ਨਹੀਂ। ਅਵਾਰਾ ਕੁੱਤਿਆਂ ਦੇ ਚਿੱਚੜ ਪੈਣ ਨਾਲ ਜਾਂ ਗਲਤ ਚੀਜ਼ ਖਾਣ ਨਾਲ ਵੀ ਮੌਤ ਹੋ ਸਕਦੀ ਹੈ।


author

Shyna

Content Editor

Related News