ਕੋਵਿਡ-19 : ਲਗਭਗ ਸਾਢੇ 3 ਮਹੀਨਿਆਂ ਬਾਅਦ ਮਿਲੀ ਰਾਹਤ

Tuesday, Oct 20, 2020 - 12:44 AM (IST)

ਕੋਵਿਡ-19 : ਲਗਭਗ ਸਾਢੇ 3 ਮਹੀਨਿਆਂ ਬਾਅਦ ਮਿਲੀ ਰਾਹਤ

ਲੁਧਿਆਣਾ, (ਸਹਿਗਲ)- ਲਗਭਗ ਸਾਢੇ 3 ਮਹੀਨਿਆਂ ਬਾਅਦ ਕੋਰੋਨਾ ਦੇ ਕੇਸਾਂ ’ਚ ਰਾਹਤ ਮਿਲਦੀ ਦਿਖਾਈ ਦੇ ਰਹੀ ਹੈ ਕਿਉਂਕਿ ਇੰਨੇ ਸਮੇਂ ਬਾਅਦ ਪਹਿਲੀ ਵਾਰ 24 ਘੰਟਿਆਂ ਵਿਚ 28 ਪਾਜ਼ੇਟਿਵ ਮਰੀਜ਼ ਸਾਹਮਣੇ ਆਏ ਹਨ। ਇਨ੍ਹਾਂ ਵਿਚੋਂ ਇਕ ਮਰੀਜ਼ ਦੀ ਮੌਤ ਹੋ ਗਈ। ਮ੍ਰਿਤਕ 73 ਸਾਲਾ ਮਹਿਲਾ ਦੁੱਗਰੀ ਦੀ ਰਹਿਣ ਵਾਲੀ ਸੀ ਅਤੇ ਓਸਵਾਲ ਹਸਪਤਾਲ ਵਿਚ ਦਾਖਲ ਸੀ।

ਸਿਵਲ ਸਰਜਨ ਡਾ. ਰਾਜੇਸ਼ ਕੁਮਾਰ ਬੱਗਾ ਨੇ ਦੱਸਿਆ ਕਿ ਕੋਰੋਨਾ ਦੇ ਕੇਸਾਂ ਵਿਚ ਲੋਕਾਂ ਨੂੰ ਰਾਹਤ ਮਿਲਦੀ ਦਿਖਾਈ ਦੇ ਰਹੀ ਹੈ ਪਰ ਕੋਰੋਨਾ ਦੇ ਕੇਸ ਫਿਰ ਨਾ ਵਧਣ, ਇਸ ਦਾ ਲੋਕਾਂ ਨੂੰ ਕਾਫੀ ਧਿਆਨ ਰੱਖਣਾ ਹੋਵੇਗਾ। ਉਨ੍ਹਾਂ ਕਿਹਾ ਕਿ ਲੋਕ ਕੋਰੋਨਾ ਤੋਂ ਬਚਾਅ ਲਈ ਦੱਸੇ ਗਏ ਨਿਯਮਾਂ ਦੀ ਲਗਾਤਾਰ ਪਾਲਣਾ ਕਰਦੇ ਰਹੋ। ਬਿਨਾਂ ਮਾਸਕ ਦੇ ਘਰੋਂ ਬਾਹਰ ਨਾ ਨਿਕਲੋ, ਸਮਾਜਿਕ ਦੂਰੀ ਬਣਾ ਕੇ ਰੱਖੋ ਅਤੇ ਸਮੇਂ-ਸਮੇਂ ’ਤੇ ਹੱਥ ਧੋਂਦੇ ਰਹੋ। ਉਨ੍ਹਾਂ ਕਿਹਾ ਕਿ ਕੋਰੋਨਾ ’ਤੇ ਕਾਬੂ ਪਾਉਣ ਵਿਚ ਜ਼ਿਲਾ ਪ੍ਰਸ਼ਾਸਨ ਅਤੇ ਪੁਲਸ ਵਿਭਾਗ ਦਾ ਬੇਹੱਦ ਸਰਗਰਮ ਸਹਿਯੋਗ ਰਿਹਾ, ਜਿਸ ਦਾ ਲੋਕਾਂ ਨੂੰ ਕਾਫੀ ਫਾਇਦਾ ਹੋਇਆ ਕਿ ਬੀਮਾਰੀ ਨੂੰ ਕਾਬੂ ਕਰਨਾ ਅਸਾਨ ਹੋ ਗਿਆ। ਜ਼ਿਲੇ ਵਿਚ ਹੁਣ ਤੱਕ 19,701 ਪਾਜ਼ੇਟਿਵ ਮਰੀਜ਼ ਸਾਹਮਣੇ ਆ ਚੁੱਕੇ ਹਨ। ਇਨ੍ਹਾਂ ’ਚੋਂ 820 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਇਸ ਤੋਂ ਇਲਾਵਾ 2609 ਪਾਜ਼ੇਟਿਵ ਮਰੀਜ਼ ਦੂਜੇ ਸ਼ਹਿਰਾਂ ਤੋਂ ਸਥਾਨਕ ਹਸਪਤਾਲਾਂ ਵਿਚ ਦਾਖਲ ਹੋਏ। ਇਨ੍ਹਾਂ ਵਿਚੋਂ 298 ਦੀ ਮੌਤ ਹੋ ਚੁੱਕੀ ਹੈ। ਸਿਵਲ ਸਰਜਨ ਮੁਤਾਬਕ ਕੋਰੋਨਾ ਪਾਜ਼ੇਟਿਵ ਮਰੀਜ਼ਾਂ ’ਚੋਂ 18,605 ਮਰੀਜ਼ ਠੀਕ ਹੋ ਚੁੱਕੇ ਹਨ। ਜ਼ਿਲੇ ਿਵਚ ਸਿਰਫ 276 ਐਕਟਿਵ ਮਰੀਜ਼ ਰਹਿ ਗਏ ਹਨ। ਵਰਣਨਯੋਗ ਹੈ ਕਿ ਜੁਲਾਈ ਮਹੀਨੇ ਦੇ ਆਖਰੀ ਹਫਤੇ ਵਿਚ 30 ਮਰੀਜ਼ ਸਾਹਮਣੇ ਆਏ ਸਨ। ਉਸ ਤੋਂ ਬਾਅਦ ਅੱਜ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਦਾ ਅੰਕੜਾ ਘੱਟ ਹੋ ਕੇ 28 ਰਹਿ ਗਿਆ ਹੈ।

3822 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ

ਸਿਹਤ ਵਿਭਾਗ ਨੇ ਅੱਜ 3822 ਸ਼ੱਕੀ ਮਰੀਜ਼ਾਂ ਦੇ ਸੈਂਪਲ ਜਾਂਚ ਲਈ ਭੇਜੇ ਹਨ, ਜਦੋਂਕਿ 1204 ਸੈਂਪਲਾਂ ਦੀ ਰਿਪੋਰਟ ਅਜੇ ਪੈਂਡਿੰਗ ਦੱਸੀ ਜਾਂਦੀ ਹੈ। ਸਰਜਨ ਨੇ ਦੱਸਿਆ ਕਿ ਹੁਣ ਤੱਥ 3,55,330 ਵਿਅਕਤੀਆਂ ਦੇ ਸੈਂਪਲ ਜਾਂਚ ਲਈ ਭੇਜੇ ਜਾ ਚੁੱਕੇ ਹਨ। ਇਨ੍ਹਾਂ ਵਿਚੋਂ 354126 ਸੈਂਪਲਾਂ ਦੀ ਰਿਪੋਰਟ ਵਿਭਾਗ ਨੂੰ ਪ੍ਰਾਪਤ ਹੋਈ ਹੈ ਜਿਨ੍ਹਾਂ ’ਚੋਂ 3,31,816 ਸੈਂਪਲ ਨੈਗੇਟਿਵ ਹਨ।

ਅਕਤੂਬਰ ’ਚ ਘੱਟੋ-ਘੱਟ ਪੱਧਰ ’ਤੇ ਜਾ ਸਕਦੀ ਹੈ ਮਰੀਜ਼ਾਂ ਦੀ ਗਿਣਤੀ

ਸਿਹਤ ਅਧਿਕਾਰੀਆਂ ਮੁਤਾਬਕ ਅਕਤੂਬਰ ਮਹੀਨੇ ਦੇ ਅਖੀਰ ਵਿਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਘੱਟੋ-ਘੱਟ ਪੱਧਰ ’ਤੇ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੇ ਲਗਾਤਾਰ ਸਹਿਯੋਗ ਦੀ ਲੋੜ ਹੈ। ਜੇਕਰ ਉਹ ਨਿਯਮਾਂ ਦੀ ਪਾਲਣਾ ਨਹੀਂ ਕਰਨਗੇ ਤਾਂ ਦੂਜਿਆਂ ਨੂੰ ਵੀ ਇਸ ਦਾ ਦੰਡ ਭੁਗਤਣਾ ਹੋਵੇਗਾ।

ਸਿਵਲ ਹਸਪਤਾਲ ’ਚ ਰਹਿ ਗਏ 31 ਮਰੀਜ਼

ਸਿਵਲ ਹਸਪਤਾਲ ’ਚ ਕੋਰੋਨਾ ਵਾਇਰਸ ਦੇ 31 ਮਰੀਜ਼ ਰਹਿ ਗਏ ਹਨ, ਜਦੋਂਕਿ ਨਿੱਜੀ ਹਸਪਤਾਲਾਂ ਵਿਚ 157 ਮਰੀਜ਼ ਭਰਤੀ ਹਨ, ਜਿਨ੍ਹਾਂ ਵਿਚ ਦੂਜੇ ਜ਼ਿਲਿਆਂ ਜਾਂ ਰਾਜਾਂ ਦੇ ਮਰੀਜ਼ ਵੀ ਸ਼ਾਮਲ ਸਨ। ਸਿਵਲ ਸਰਜ਼ਨ ਡਾ. ਰਾਜੇਸ਼ ਬੱਗਾ ਨੇ ਦੱਸਿਆ ਕਿ ਅੱਜ 74 ਲੋਕਾਂ ਨੂੰ ਹੋਮ ਆਈਸੋਲੇਸ਼ਨ ਵਿਚ ਭੇਜਿਆ ਗਿਆ ਹੈ। ਮੌਜੂਦਾ ਵਿਚ ਹੋਮ ਆਈਸੋਲੇਸ਼ਨ ਵਿਚ ਰਹਿ ਰਹੇ ਮਰੀਜ਼ਾਂ ਦੀ ਗਿਣਤੀ 1501 ਰਹਿ ਗਈ ਹੈ।


author

Bharat Thapa

Content Editor

Related News