ਕੋਵਿਡ-19 : ਮਾਸਕ ਪਾਉਣ ਦੇ ਨਾਲ-ਨਾਲ ਇਸਨੂੰ ਸੁਰੱਖਿਅਤ ਨਸ਼ਟ ਕਰਨਾ ਵੀ ਜ਼ਰੂਰੀ
Monday, Jun 08, 2020 - 12:46 AM (IST)
ਹੁਸ਼ਿਆਰਪੁਰ, (ਅਮਰਿੰਦਰ)- ਕਰਫਿਊ ਖ਼ਤਮ ਕਰਕੇ ਲਾਕਡਾਊਨ-1 'ਚ ਇਨ੍ਹਾਂ ਦਿਨਾਂ ਦੌਰਾਨ ਸਰਕਾਰ ਨੇ ਲੋਕਾਂ ਦੀ ਸਹੂਲਤ ਨੂੰ ਦੇਖ ਕੇ ਲਗਾਤਾਰ ਢਿੱਲ ਦੇਣੀ ਸ਼ੁਰੂ ਕਰ ਦਿੱਤੀ ਹੈ ਅਤੇ ਘਰ ਤੋਂ ਬਾਹਰ ਬਿਨਾਂ ਫੇਸ ਮਾਸਕ ਪਾ ਕੇ ਜਾਣ 'ਤੇ ਜੁਰਮਾਨੇ ਦੇ ਤੌਰ 'ਤੇ ਸਖ਼ਤ ਕਾਰਵਾਈਆਂ ਵੀ ਕੀਤੀਆਂ ਜਾ ਰਹੀਆਂ ਹਨ। ਸਾਫ਼ ਜਿਹੀ ਗੱਲ ਹੈ ਕਿ ਜਦੋਂ ਤੱਕ ਕੋਰੋਨਾ ਵਾਇਰਸ ਦਾ ਖੌਫ ਮੰਡਰਾ ਰਿਹਾ ਹੈ, ਲੋਕ ਆਪਣੇ ਬਚਾਅ ਲਈ ਫੇਸ ਮਾਸਕ ਦਾ ਇਸਤੇਮਾਲ ਕਰ ਰਹੇ ਹਨ, ਪ੍ਰੰਤੂ ਇਸ ਫੇਸ ਮਾਸਕ ਨੂੰ ਠੀਕ ਢੰਗ ਨਾਲ ਨਸ਼ਟ ਕਰਨ ਸਬੰਧੀ ਲੋਕਾਂ 'ਚ ਹੁਣ ਵੀ ਜਾਗਰੂਕਤਾ ਦੀ ਕਮੀ ਹੈ। ਲੋਕ ਇਸਤੇਮਾਲ ਕਰਨ ਤੋਂ ਬਾਅਦ ਫੇਸ ਮਾਸਕ ਨੂੰ ਭਾਵੇਂ ਨਸ਼ਟ ਤਾਂ ਕਰ ਰਹੇ ਹਨ ਪਰ ਜ਼ਿਆਦਾਤਰ ਲੋਕਾਂ ਨੂੰ ਇਸਨੂੰ ਇਸਤੇਮਾਲ ਕਰਨ ਤੋਂ ਬਾਅਦ ਨਸ਼ਟ ਕਰਨ ਦੇ ਠੀਕ ਤਰੀਕੇ ਦੀ ਜਾਣਕਾਰੀ ਨਹੀਂ ਹੈ। ਮੈਡੀਕਲ ਐਕਸਪਰਟ ਦੀ ਮੰਨੀਏ ਤਾਂ ਫੇਸ ਮਾਸਕ ਦਾ ਉਚਿਤ ਢੰਗ ਨਾਲ ਇਸਤੇਮਾਲ ਨਾ ਕਰਨਾ ਜਾਂ ਇਸਨੂੰ ਠੀਕ ਢੰਗ ਨਾਲ ਨਸ਼ਟ ਨਾ ਕਰਨਾ ਬਹੁਤ ਖਤਰਨਾਕ ਹੈ।
ਆਖਿਰ ਕਿਉਂ ਜ਼ਰੂਰੀ ਹੈ ਬਚਾਅ ਲਈ ਫੇਸ ਮਾਸਕ ਪਾਉਣਾ
ਕੋਰੋਨਾ ਵਾਇਰਸ ਇਕ ਵਿਅਕਤੀ ਤੋਂ ਦੂਜੇ ਵਿਅਕਤੀ 'ਚ ਆਸਾਨੀ ਨਾਲ ਫੈਲ ਰਿਹਾ ਹੈ। ਵਾਇਰਸ ਏਅਰੋਸੋਲ (ਹਵਾ) ਵਿਚ 3 ਘੰਟੇ ਤੱਕ ਅਤੇ ਪਲਾਸਟਿਕ ਤੇ ਸਟੇਨਲੈੱਸ ਸਟੀਲ ਦੀ ਸਤ੍ਹਾ 'ਤੇ 3 ਦਿਨਾਂ ਤੱਕ ਪਾਇਆ ਜਾਂਦਾ ਹੈ। ਪ੍ਰਭਾਵਿਤ ਵਿਅਕਤੀ ਕਾਰਨ ਕੋਰੋਨਾ ਵਾਇਰਸ ਦੀਆਂ ਬੂੰਦਾਂ ਹਵਾ 'ਚ ਰੁੱਕ ਜਾਂਦੀਆਂ ਹਨ। ਮਾਸਕ ਇਨ੍ਹਾਂ ਬੂੰਦਾਂ ਨੂੰ ਸਾਹ ਪ੍ਰਣਾਲੀ ਰਾਹੀਂ ਪ੍ਰਵੇਸ਼ ਕਰਨ ਦੀ ਸੰਭਾਵਨਾ ਨੂੰ ਘੱਟ ਕਰਦਾ ਹੈ। ਸਾਹ ਲੈਂਦੇ ਸਮੇਂ ਵਾਇਰਸ ਨੂੰ ਸਰੀਰ ਦੇ ਅੰਦਰ ਆਉਣ ਦੀ ਸੰਭਾਵਨਾ ਨੂੰ ਘੱਟ ਕਰਨ ਲਈ ਸੁਰੱਖਿਅਤ ਮਾਸਕ ਪਾਉਣਾ (ਗਰਮ ਪਾਣੀ, ਸਾਬਣ ਅਤੇ ਅਲਕੋਹਲ ਦੀ ਵਰਤੋਂ ਨਾਲ ਚੰਗੀ ਤਰ੍ਹਾਂ ਸਾਫ਼ ਕੀਤਾ ਗਿਆ ਹੋਵੇ) ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਮਹੱਤਵਪੂਰਨ ਯੋਗਦਾਨ ਦਿੰਦਾ ਹੈ। ਭਾਰਤ 'ਚ ਸੰਘਣੀ ਆਬਾਦੀ ਵਾਲੇ ਖੇਤਰਾਂ ਵਿਚ ਰਹਿਣ ਵਾਲੇ ਲੋਕਾਂ ਲਈ ਮਾਸਕ ਪਾਉਣਾ ਬੇਹੱਦ ਜ਼ਰੂਰੀ ਹੈ।
ਮਾਸਕ ਪਾਉਂਦੇ ਸਮੇਂ ਰੱਖੋ ਵਿਸ਼ੇਸ਼ ਧਿਆਨ
ਫੇਸ ਮਾਸਕ ਨੂੰ ਹਮੇਸ਼ਾ ਹੇਠਾਂ ਤੋਂ ਖੋਲ੍ਹੋ, ਮਾਸਕ ਗਿੱਲਾ ਹੋਣ 'ਤੇ ਇਸਨੂੰ ਬਦਲ ਲਵੋ, ਮਾਸਕ ਨੂੰ ਆਪਣੇ ਨੱਕ, ਮੂੰਹ ਅਤੇ ਠੋਡੀ ਦੇ ਉੱਪਰ ਤੱਕ ਲਾਓ, ਧਿਆਨ ਰੱਖੋ ਕਿ ਇਸ ਵਿਚ ਗੈਪ ਨਾ ਹੋਵੇ ਅਤੇ ਠੀਕ ਤਰ੍ਹਾਂ ਫਿੱਟ ਹੋਵੇ। ਮਾਸਕ ਨੂੰ ਪ੍ਰਯੋਗ ਕਰਦੇ ਸਮੇਂ ਜਾਂ ਉਤਾਰਦੇ ਸਮੇਂ ਕਿਸੇ ਗੰਦੀ ਜਗ੍ਹਾ ਨੂੰ ਹੱਥ ਨਾ ਲਾਓ ਅਤੇ ਕਿਸੇ ਵੀ ਹਾਲਤ 'ਚ ਮਾਸਕ ਨੂੰ ਗਰਦਨ ਉੱਤੇ ਗੱਲ ਕਰਦੇ ਸਮੇਂ ਲਟਕਦਾ ਨਾ ਛੱਡੋ।
ਕਿਵੇਂ ਕਰੀਏ ਇਸਤੇਮਾਲ ਕੀਤੇ ਗਏ ਫੇਸ ਮਾਸਕ ਨੂੰ ਨਸ਼ਟ
ਮੈਡੀਕਲ ਐਕਸਪਰਟ ਡਾ. ਅਜੈ ਬੱਗਾ ਦਾ ਕਹਿਣਾ ਹੈ ਕਿ ਫੇਸ ਮਾਸਕ ਪਹਿਨਣ ਵੇਲੇ ਪਹਿਲਾਂ ਤਾਂ ਇਸਦੇ ਇਸਤੇਮਾਲ ਦੌਰਾਨ ਪੂਰੀ ਸਾਵਧਾਨੀ ਵਰਤੋ ਅਤੇ ਮਾਸਕ ਲਾਏ ਹੋਣ ਦੌਰਾਨ ਇਸਨੂੰ ਵਾਰ-ਵਾਰ ਨਾ ਛੂਹੋ। ਮਾਸਕ ਨੂੰ ਸਿਰਫ ਇਸਦੀ ਡੋਰ ਤੋਂ ਫੜ ਕੇ ਹੀ ਪਹਿਨੋ ਅਤੇ ਉਤਾਰੋ ਅਤੇ ਪਾਉਂਦੇ ਤੇ ਲਾਹੁੰਦੇ ਸਮੇਂ ਹਰ ਵਾਰ ਹੱਥਾਂ ਨੂੰ ਸਾਬਣ ਨਾਲ ਜ਼ਰੂਰ ਧੋਵੋ। ਵਾਰ-ਵਾਰ ਇਸਤੇਮਾਲ ਦੌਰਾਨ ਮਾਸਕ ਖ਼ਰਾਬ ਹੋ ਜਾਵੇ ਤਾਂ ਇਸਨੂੰ ਪਹਿਲਾਂ ਇਕ ਕਾਗਜ਼ ਦੇ ਲਿਫਾਫੇ 'ਚ ਲਪੇਟੋ ਅਤੇ ਫਿਰ ਬੰਦ ਕੂੜੇਦਾਨ 'ਚ ਹੀ ਪਾਇਆ ਜਾਵੇ। ਇਸਨੂੰ ਖੁੱਲ੍ਹੇ ਵਿਚ ਨਾ ਸੁੱਟੋ, ਕਿਉਂਕਿ ਕੋਰੋਨਾ ਪ੍ਰਭਾਵਿਤ ਵਿਅਕਤੀਆਂ ਤੋਂ ਇਸਦੇ ਰੋਗ ਫੈਲਣ ਦਾ ਕਾਫ਼ੀ ਖ਼ਤਰਾ ਹੁੰਦਾ ਹੈ। ਇਸਤੇਮਾਲ ਕੀਤਾ ਗਿਆ ਫੇਸ ਮਾਸਕ ਵੀ ਕਾਫ਼ੀ ਖਤਰਨਾਕ ਹੁੰਦਾ ਹੈ। ਮਰੀਜ਼ਾਂ, ਸੇਵਾ ਕਰਨ ਵਾਲਿਆਂ ਅਤੇ ਨਜ਼ਦੀਕੀ ਵਿਅਕਤੀਆਂ ਨੂੰ ਮਾਸਕ ਨੂੰ ਬਲੀਚ ਜਾਂ ਸੋਡੀਅਮ ਹਾਇਪੋਕਲੋਰਾਇਟ ਦਾ ਛਿੜਕਾਅ ਕਰਕੇ ਰੋਗ ਮੁਕਤ ਕਰਨ ਤੋਂ ਬਾਅਦ ਧੁੱਪ 'ਚ ਸੁੱਕਣੇ ਪਾਉਣ ਤੋਂ ਬਾਅਦ ਹੀ ਦੁਬਾਰਾ ਇਸਤੇਮਾਲ ਕਰਨਾ ਚਾਹੀਦਾ ਹੈ।