ਲੁਧਿਆਣਾ ਅਦਾਲਤ ਧਮਾਕਾ : ਫਿਦਾਈਨ ਹਮਲੇ ਦਾ ਖ਼ਦਸ਼ਾ, ਬਾਥਰੂਮ ’ਚ ਮਿਲੀ ਬੁਰੀ ਤਰ੍ਹਾਂ ਨੁਕਸਾਨੀ ਲਾਸ਼

Thursday, Dec 23, 2021 - 05:55 PM (IST)

ਲੁਧਿਆਣਾ (ਪੰਕਜ) : ਵੀਰਵਾਰ ਦੁਪਹਿਰ ਲੁਧਿਆਣਾ ਦੇ ਕੋਰਟ ਕੰਪਲੈਕਸ ਦੀ ਦੂਜੀ ਮੰਜ਼ਿਲ ’ਤੇ ਜ਼ਬਰਦਸਤ ਧਮਾਕਾ ਹੋਇਆ, ਇਸ ਧਮਾਕੇ ਵਿਚ ਇਕ ਦੀ ਮੌਤ ਹੋ ਗਈ। ਸੂਤਰਾਂ ਮੁਤਾਬਕ ਧਮਾਕੇ ਵਿਚ ਮਰਨ ਵਾਲਾ ਹੀ ਬੰਬ ਲੈ ਕੇ ਆਇਆ ਸੀ। ਸੂਤਰ ਦੱਸਦੇ ਹਨ ਕਿ ਜਿਸ ਬਾਥਰੂਮ ਵਿਚ ਇਹ ਧਮਾਕਾ ਹੋਇਆ, ਉਥੋਂ ਬੁਰੀ ਤਰ੍ਹਾਂ ਨੁਕਸਾਨੀ ਗਈ ਲਾਸ਼ ਬਰਾਮਦ ਹੋਈ ਹੈ ਅਤੇ ਇਹ ਲਾਸ਼ ਬੰਬ ਲੈ ਕੇ ਆਉਣ ਵਾਲੇ ਦੀ ਹੀ ਹੋ ਸਕਦੀ ਹੈ। ਜਾਂਚ ਲਈ ਐੱਨ. ਆਈ. ਏ. ਦੀ ਦੋ ਮੈਂਬਰੀ ਟੀਮ ਵੀ ਚੰਡੀਗੜ੍ਹੋਂ ਮੌਕੇ ’ਤੇ ਪਹੁੰਚੀ ਹੈ। ਐੱਨ. ਆਈ. ਏ. ਦੀ ਟੀਮ ਪੰਜਾਬ ਪੁਲਸ ਦੀ ਫਾਰੈਂਸਿਕ ਟੀਮ ਨਾਲ ਮਿਲ ਕੇ ਧਮਾਕੇ ਦੀ ਜਾਂਚ ਕਰੇਗੀ। ਇਸ ਵਿਚ ਇਹ ਵੀ ਦੇਖਿਆ ਜਾਵੇਗਾ ਕਿ ਕੀ ਉਹ ਵਿਦੇਸ਼ੀ ਤਾਕਤਾਂ ਦੀ ਹਰਕਤ ਤਾਂ ਨਹੀਂ ਹੈ। ਜੇ ਇਸ ਵਿਚ ਟੈਰਰ ਐਂਗਲ ਮਿਲਿਆ ਤਾਂ ਫਿਰ ਐੱਨ. ਆਈ. ਏ. ਜਾਂਚ ਆਪਣੇ ਹੱਥ ਵਿਚ ਲੈ ਲਵੇਗੀ।

ਇਹ ਵੀ ਪੜ੍ਹੋ : ਲੁਧਿਆਣਾ ਦੀ ਅਦਾਲਤ ’ਚ ਹੋਏ ਧਮਾਕੇ ਤੋਂ ਬਾਅਦ ਪੰਜਾਬ ’ਚ ਹਾਈ ਅਲਰਟ ਜਾਰੀ

ਫਿਦਾਈਨ ਹਮਲੇ ਦਾ ਖ਼ਦਸ਼ਾ
ਸੂਤਰਾਂ ਮੁਤਾਬਕ ਇਸ ਹਮਲੇ ਨੂੰ ਫਿਦਾਈਨ ਹਮਲੇ ਨਾਲ ਜੋੜ ਕੇ ਵੀ ਵੇਖਿਆ ਜਾ ਰਿਹਾ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਮਰਨ ਵਾਲਾ ਵਿਅਕਤੀ ਬੋਮਰ ਹੋ ਸਕਦਾ ਹੈ। ਸੂਤਰਾਂ ਮੁਤਾਬਕ ਮ੍ਰਿਤਕ ਬਾਥਰੂਮ ਦੇ ਅੰਦਰ ਉਹ ਬੰਬ ਆਪਰੇਟ ਕਰਨ ਗਿਆ ਸੀ, ਇਸ ਦੌਰਾਨ ਬੰਬ ਬਲਾਸਟ ਹੋ ਗਿਆ। ਇਹ ਬਲਾਸਟ ਲਗਭਗ 12.15 ਵਜੇ ਹੋਇਆ, ਇਹ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਬਾਥਰੂਮ ਦੇ ਨਾਲ ਲੱਗਦੀਆਂ ਕੰਧਾ ਵੀ ਢਹਿ ਢੇਰੀ ਹੋ ਗਈਆਂ। ਉਧਰ ਧਮਾਕ ਤੋਂ ਬਾਅਦ ਪੁਲਸ ਵਲੋਂ ਕੋਰਟ ਕੰਪਲੈਕਸ ਅਤੇ ਨਾਲ ਲੱਗਦੇ ਡੀ. ਸੀ. ਕੰਪਲੈਕਸ ਨੂੰ ਵੀ ਖਾਲ੍ਹੀ ਕਰਵਾ ਲਿਆ ਗਿਆ ਪਰ ਇਸ ਦੌਰਾਨ ਧਰਨੇ ’ਤੇ ਬੈਠੇ ਕਿਸਾਨ ਉਥੇ ਹੀ ਬੈਠੇ ਰਹੇ।

ਇਹ ਵੀ ਪੜ੍ਹੋ : ਭਿੱਖੀਵਿੰਡ ਨੇੜੇ ਵਾਪਰਿਆ ਵੱਡਾ ਹਾਦਸਾ, ਬੈਂਕ ਮੈਨੇਜਰ ਸਮੇਤ ਦੋ ਕੁੜੀਆਂ ਦੀ ਮੌਤ

ਧਮਾਕੇ ਤੋਂ ਬਾਅਦ ਜਾਰੀ ਹੋਇਆ ਹਾਈ ਅਲਰਟ
ਇਸ ਧਮਾਕੇ ਤੋਂ ਬਾਅਦ ਪੰਜਾਬ ਵਿਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਕੁੱਝ ਦਿਨ ਪਹਿਲਾਂ ਹੀ ਪਠਾਨਕੋਟ ਏਅਰਬੇਸ ਨੇੜੇ ਵੀ ਧਮਾਕਾ ਹੋਇਆ ਸੀ। ਇਸ ਤੋਂ ਇਲਾਵਾ ਸਰਹੱਦੀ ਇਲਾਕਿਆਂ ਵਿਚ ਹਥਿਆਰ ਅਤੇ ਹੈਂਡ ਗ੍ਰਨੇਡ ਬਰਾਮਦ ਹੋਏ ਸਨ। ਇਸ ਤੋਂ ਬਾਅਦ ਪੰਜਾਬ ਵਿਚ ਅਲਰਟ ਜਾਰੀ ਕੀਤਾ ਗਿਆ ਸੀ ਪਰ ਇਸ ਦੇ ਬਾਵਜੂਦ ਕੋਰਟ ਕੰਪਲੈਕਸ ਵਿਚ ਇੰਨਾ ਜ਼ਬਰਦਸਤ ਧਮਾਕਾ ਹੋਣਾ ਪੁਲਸ ਅਤੇ ਖੁਫੀਆ ਏਜੰਸੀਆਂ ਦੀ ਕਾਰਜ ਪ੍ਰਣਾਲੀ ’ਤੇ ਸਵਾਲੀਆ ਨਿਸ਼ਾਨ ਖੜ੍ਹਾ ਕਰਦਾ ਹੈ।

ਇਹ ਵੀ ਪੜ੍ਹੋ : ਬਿਕਰਮ ਮਜੀਠੀਆ ਨੇ ਅਗਾਊਂ ਜ਼ਮਾਨਤ ਲਈ ਮੋਹਾਲੀ ਅਦਾਲਤ ’ਚ ਲਗਾਈ ਅਰਜ਼ੀ

ਕੀ ਬੋਲੇ ਮੁੱਖ ਮੰਤਰੀ ਚਰਨਜੀਤ ਚੰਨੀ

ਮੁੱਖ ਮੰਤਰੀ ਚਰਨਜੀਤ ਸਿੰਘ ਨੇ ਕਿਹਾ ਕਿ ਕੁਝ ਦੇਸ਼ ਵਿਰੋਧੀ ਤਾਕਤਾਂ ਵੱਲੋਂ ਇਸ ਤਰ੍ਹਾਂ ਦੀਆਂ ਘਿਨਾਉਣੀਆਂ ਹਰਕਤਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਸ ਲਈ ਸਰਕਾਰ ਵੀ ਸੁਚੇਤ ਹੈ ਅਤੇ ਉਨ੍ਹਾਂ ਲੋਕਾਂ ਨੂੰ ਵੀ ਸੁਚੇਤ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕਿਸੇ ਵੀ ਮੁਲਜ਼ਮ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਇਥੇ ਇਹ ਵੀ ਦੱਸ ਦਈਏ ਕਿ ਚਰਨਜੀਤ ਸਿੰਘ ਚੰਨੀ ਹੁਣ ਲੁਧਿਆਣਾ ਜਾਣਗੇ, ਜਿੱਥੇ ਉਹ ਧਮਾਕੇ ਵਾਲੇ ਸਥਾਨ ਦਾ ਜਾਇਜ਼ਾ ਲੈਣ ਵਾਲੇ ਹਨ। ਚੰਨੀ ਨੇ ਕਿਹਾ ਕਿ ਪਹਿਲਾਂ ਪੰਜਾਬ ਵਿਚ ਸ੍ਰੀ ਦਰਬਾਰ ਸਾਹਿਬ ਵਿਖੇ ਬੇਅਦਬੀ ਦੀ ਘਟਨਾ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ’ਚ ਮੁਲਜ਼ਮ ਸਫ਼ਲ ਨਾ ਹੋ ਸਕੇ ਅਤੇ ਹੁਣ ਲੁਧਿਆਣਾ ’ਚ ਧਮਾਕਾ ਕੀਤਾ ਗਿਆ। ਕਿਸੇ ਵੀ ਮੁਲਜ਼ਮ ਨੂੰ ਬਖ਼ਸ਼ਿਆ ਨਹੀਂ ਜਾਵੇਗਾ। ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਉਹ ਚੰਡੀਗੜ੍ਹ ਵਿਖੇ ਮੀਟਿੰਗ ਨੂੰ ਖ਼ਤਮ ਕਰਨ ਉਪਰੰਤ ਹੁਣ ਲੁਧਿਆਣਾ ਜਾਣਗੇ।

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?

 


Gurminder Singh

Content Editor

Related News