ਅਦਾਲਤ ''ਚੋਂ ਫਰਾਰ ਮੁਲਜ਼ਮ ਨੂੰ ਪੁਲਸ ਨੇ ਕੁਝ ਹੀ ਘੰਟਿਆਂ ''ਚ ਕੀਤਾ ਕਾਬੂ
Saturday, Jul 13, 2024 - 04:29 PM (IST)
ਖਰੜ (ਰਣਬੀਰ) : ਬੀਤੇ ਕੱਲ੍ਹ ਖਰੜ ਕੋਰਟ ਕੰਪਲੈਕਸ 'ਚੋਂ ਪੁਲਸ ਨੂੰ ਚਕਮਾ ਦੇ ਕੇ ਫ਼ਰਾਰ ਹੋਇਆ ਦੋਸ਼ੀ ਮਨਜੀਤ ਸਿੰਘ ਵਾਸੀ ਪਿੰਡ ਟੱਪਰੀਆਂ, ਚਮਕੌਰ ਸਾਹਿਬ ਜ਼ਿਲ੍ਹਾ ਰੂਪਨਗਰ ਨੂੰ ਪੁਲਸ ਵਲੋਂ ਫ਼ਰਾਰ ਹੋਣ ਦੇ ਕਰੀਬ 6 ਘੰਟਿਆਂ 'ਚ ਮੁੜ ਇਥੋਂ ਦੇ ਬਡਾਲਾ ਰੋਡ ਟੀ-ਪੁਆਇੰਟ ਨੇੜੇ ਤੋਂ ਕਾਬੂ ਕਰ ਲਿਆ ਗਿਆ। ਪੁਲਸ ਵਲੋਂ ਇਸ ਮਾਮਲੇ ਅੰਦਰ ਦੋਸ਼ੀ ਮਨਜੀਤ ਸਿੰਘ ਨੂੰ ਫ਼ਰਾਰ ਹੋਣ 'ਚ ਮਦਦ ਕਰਨ ਵਾਲੇ ਉਸਦੇ 4 ਹੋਰ ਸਾਥੀਆਂ ਜਿਨ੍ਹਾਂ 'ਚ ਸਾਲਾ ਹਰਭਜਨ ਸਿੰਘ ਵਾਸੀ ਪਟਿਆਲਾ ਅਰਬਨ ਸਟੇਟ, ਦੋਸਤ ਬਲਜੀਤ ਸਿੰਘ, ਹੋਰ ਰਿਸ਼ਤੇਦਾਰਾਂ 'ਚੋਂ ਹਰਨੇਕ ਸਿੰਘ ਅਤੇ ਪਰਮਜੀਤ ਸਿੰਘ ਖ਼ਿਲਾਫ ਬੀਐੱਨਐੱਸ ਦੀ ਧਾਰਾ 262,221, 132,126 (2) ਖ਼ਿਲਾਫ ਮਾਮਲਾ ਦਰਜ ਕੀਤਾ ਹੈ। ਜਿਨ੍ਹਾਂ ਨੂੰ ਕਾਬੂ ਕਰਨ ਲਈ ਪੁਲਸ ਵਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।
ਸਿਟੀ ਪੁਲਸ ਤੋਂ ਤਫਤੀਸ਼ੀ ਏਐੱਸਆਈ ਦੌਲਤ ਸਿੰਘ ਨੇ ਦੱਸਿਆ ਕਿ ਬੀਤੇ ਕੱਲ੍ਹ ਥਾਣਾ ਬਲੌਂਗੀ ਤੋਂ ਏਐੱਸਆਈ ਸੁਖਵਿੰਦਰ ਸਿੰਘ ਸਣੇ ਹੌਲਦਾਰ ਜਸਵਿੰਦਰ ਸਿੰਘ ਅਤੇ ਸਿਪਾਹੀ ਅਜੇ ਗਿੱਲ ਸੰਨ 1990 ਅੰਦਰ ਦਰਜ ਮੁਕੱਦਮਾ ਐਕਸਾਇਜ਼ ਐਕਟ ਦੇ ਦੋਸ਼ੀ ਉਕਤ ਮਨਜੀਤ ਸਿੰਘ ਜਿਸਨੂੰ ਅਦਾਲਤ ਵਲੋਂ ਭਗੌੜਾ ਘੋਸ਼ਿਤ ਕੀਤਾ ਗਿਆ ਸੀ ਤੋਂ ਇਲਾਵਾ ਥਾਣਾ ਬਲੌਂਗੀ ਅਧੀਨ ਦਰਜ 2 ਹੋਰ ਮਾਮਲਿਆਂ ਦੇ ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕਰਨ ਲਈ ਖਰੜ ਅਦਾਲਤ ਪੁੱਜੇ ਸਨ, ਜਿਥੇ ਪਹਿਲਾਂ ਤੋਂ ਮੌਜੂਦ ਮਨਜੀਤ ਸਿੰਘ ਦੇ ਉਕਤ ਹਮਰਾਜ ਦੋਸ਼ੀਆਂ ਨੇ ਪੁਲਸ ਮੁਲਾਜ਼ਮਾਂ ਨਾਲ ਇਹ ਆਖ ਬਹਿਸ ਸ਼ੁਰੂ ਕਰ ਦਿੱਤੀ ਕਿ ਪੁਲਸ ਵਲੋਂ ਮਨਜੀਤ ਸਿੰਘ ਨੂੰ ਗਲਤ ਗ੍ਰਿਫ਼ਤਾਰ ਕੀਤਾ ਹੈ। ਅਜਿਹਾ ਆਖਦੀਆਂ ਉਕਤ ਵਿਅਕਤੀਆਂ ਨੇ ਸੋਚੀ ਸਮਝੀ ਸਾਜ਼ਿਸ਼ ਤਹਿਤ ਉਨ੍ਹਾਂ ਨਾਲ ਧੱਕਾ-ਮੁੱਕਾ ਕਰਦਿਆਂ ਨਾ ਸਿਰਫ ਪੁਲਸ ਦੀ ਡਿਊਟੀ ਵਿਚ ਵਿਘਨ ਪਾਇਆ ਸਗੋਂ ਮਨਜੀਤ ਸਿੰਘ ਨੂੰ ਵੀ ਉਥੋਂ ਖਿਸਕ ਜਾਣ ਚ ਮਦਦ ਕੀਤੀ। ਜਿਸਨੂੰ ਕਾਬੂ ਕਰਨ ਦੀ ਮੁਲਾਜ਼ਮਾਂ ਵੱਲੋਂ ਕੋਸ਼ਿਸ਼ ਵੀ ਕੀਤੀ ਗਈ ਪਰ ਉਕਤ ਉਥੋਂ ਫਰਾਰ ਹੋ ਗਿਆ ਜਦੋਂ ਕਿ ਉਸਦੇ ਰਿਸ਼ਤੇਦਾਰ ਪਟਿਆਲਾ ਰਜਿਸਟਰਡ ਇਕ ਕੀਆ ਕਾਰ 'ਚ ਸਵਾਰ ਹੋਕੇ ਭੱਜਣ 'ਚ ਕਾਮਯਾਬ ਹੋ ਗਏ।
ਇਸ ਘਟਨਾ ਪਿੱਛੋਂ ਪੁਲਸ ਦੀਆਂ ਵੱਖ-ਵੱਖ ਟੀਮਾਂ ਦਾ ਗਠਨ ਕਰ ਉਨ੍ਹਾਂ ਨੂੰ ਮੁਲਜ਼ਮਾਂ ਦੇ ਛਿਪੇ ਹੋਣ ਦੀਆਂ ਸ਼ੱਕੀ ਥਾਵਾਂ ਉੱਤੇ ਰੇਡ ਕਰਨ ਲਈ ਰਵਾਨਾ ਕਰਨ ਤੋਂ ਇਲਾਵਾ ਮਨਜੀਤ ਸਿੰਘ ਜਿਸਨੂੰ ਉਕਤ ਸ਼ਰਾਬ ਦੀ ਨਜਾਇਜ਼ ਤਸਕਰੀ ਦੇ ਦੋਸ਼ ਤਹਿਤ ਅਰਸਾ ਕਰੀਬ 33 ਸਾਲ ਪਹਿਲਾਂ ਨਾਮਜ਼ਦ ਮੁਕਦਮੇ ''ਚ ਅਦਾਲਤ ਵਲੋਂ ਭਗੋੜਾ ਐਲਾਨ ਕਰ ਦਿੱਤਾ ਗਿਆ ਸੀ ਜੋ ਇਸ ਪਿੱਛੋਂ ਜਰਮਨ ਵਿਦੇਸ਼ ਚਲਾ ਗਿਆ ਸੀ ਦੇ ਮੁੜ ਅਦਾਲਤ 'ਚੋਂ ਫਰਾਰ ਹੋਣ ਪਿੱਛੋਂ ਜਰਮਨ ਭੱਜ ਜਾਣ ਦੀ ਪੁਲਸ ਨੂੰ ਸੂਚਨਾ ਹਾਸਲ ਸੀ, ਸੰਬੰਧੀ ਲੁੱਕ ਆਊਟ ਨੋਟਿਸ ਜਾਰੀ ਕਰ ਇਸਦੀ ਇਤਲਾਹ ਕੱਲ ਹੀ ਚੰਡੀਗੜ੍ਹ, ਦਿੱਲੀ ਅਤੇ ਅੰਮ੍ਰਿਤਸਰ ਹਵਾਈ ਅੱਡਾ ਅਥਾਰਟੀ ਨੂੰ ਘੱਲ ਦਿੱਤੀ ਗਈ ਸੀ ਤਾਂ ਜੋ ਉਸਨੂੰ ਕਾਬੂ ਕੀਤਾ ਜਾ ਸਕੇ ਪਰ ਉਕਤ ਦੋਸ਼ੀ ਨੂੰ ਏਅਰਪੋਰਟ ਪੁੱਜਣ ਤੋਂ ਪਹਿਲਾਂ ਹੀ ਬਡਾਲਾ ਰੋਡ ਤੋਂ ਦਬੋਚ ਲਿਆ ਗਿਆ। ਜਦੋਂ ਕਿ ਉਸਦੇ ਬਾਕੀ ਸਾਥੀਆਂ ਦੀ ਭਾਲ ਕੀਤੀ ਜਾ ਰਹੀ ਹੈ।