ਬਹੁਚਰਚਿਤ ਏਕਮ ਢਿੱਲੋਂ ਕਤਲ ਕਾਂਡ ਬਣਿਆ ਹੋਰ ਗੁੰਝਲਦਾਰ, ਅਦਾਲਤ ''ਚ ਨਹੀਂ ਪੇਸ਼ ਹੋਇਆ ਮੁੱਖ ਗਵਾਹ
Wednesday, Nov 22, 2017 - 07:31 PM (IST)
ਮੋਹਾਲੀ (ਕੁਲਦੀਪ) : ਅਦਾਲਤ ਵਿਚ ਚੱਲ ਰਿਹਾ ਏਕਮ ਢਿੱਲੋਂ ਹੱਤਿਆ ਕਾਂਡ ਕੇਸ ਕਾਫੀ ਗੁੰਝਲਦਾਰ ਬਣਦਾ ਜਾ ਰਿਹਾ ਹੈ। ਕੇਸ ਦਾ ਮੁੱਖ ਗਵਾਹ ਤੁੱਲ ਬਹਾਦੁਰ ਜਿਥੇ ਧਮਕੀਆਂ ਮਿਲਣ ਤੋਂ ਬਾਅਦ ਅਦਾਲਤ ਵਿਚ ਲਗਾਤਾਰ ਦੋ ਪੇਸ਼ੀਆਂ ਤੋਂ ਗੈਰ-ਹਾਜ਼ਰ ਚੱਲ ਰਿਹਾ ਹੈ, ਉਥੇ ਹੀ ਅੱਜ ਕੇਸ ਦੀ ਮੁੱਖ ਮੁਲਜ਼ਮ ਸੀਰਤ ਢਿੱਲੋਂ ਵੀ ਅਦਾਲਤ ਵਿਚ ਪੇਸ਼ ਨਹੀਂ ਹੋਈ । ਉਸ ਨੂੰ ਲੁਧਿਆਣਾ ਜੇਲ ਤੋਂ ਲਿਆ ਕੇ ਅਦਾਲਤ ਵਿਚ ਪੇਸ਼ ਕੀਤਾ ਜਾਣਾ ਸੀ ਪਰ ਨਹੀਂ ਕੀਤਾ ਗਿਆ ।
ਕੇਸ ਦੀ ਸੁਣਵਾਈ ਮੰਗਲਵਾਰ ਮੋਹਾਲੀ ਦੀ ਜ਼ਿਲਾ ਅਦਾਲਤ ਵਿਚ ਹੋਣੀ ਸੀ ਪਰ ਮੁੱਖ ਮੁਲਜ਼ਮ ਤੇ ਮੁੱਖ ਗਵਾਹ ਦੇ ਅਦਾਲਤ ਵਿਚ ਪੇਸ਼ ਨਾ ਹੋਣ ਕਾਰਨ ਕੇਸ ਦੀ ਕਾਰਵਾਈ ਅੱਗੇ ਨਹੀਂ ਚੱਲ ਸਕੀ । ਅਦਾਲਤ ਨੇ ਸੀਰਤ ਢਿੱਲੋਂ ਦੇ ਪੇਸ਼ ਨਾ ਹੋਣ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜੇਲ ਸੁਪਰਡੈਂਟ ਤੇ ਕੇਸ ਦੇ ਇਨਵੈਸਟੀਗੇਸ਼ਨ ਅਫਸਰ ਨੂੰ ਤਲਬ ਕੀਤਾ ਹੈ ਤੇ ਮਾਮਲੇ ਦੀ ਸੁਣਵਾਈ ਲਈ ਅਗਲੀ ਤਰੀਕ 6 ਦਸੰਬਰ ਨਿਸ਼ਚਿਤ ਕਰ ਦਿੱਤੀ ਹੈ।
ਦੱਸਣਯੋਗ ਹੈ ਕਿ ਪਿਛਲੀ 25 ਅਕਤੂਬਰ ਨੂੰ ਵੀ ਅਦਾਲਤ ਵਿਚ ਸੁਣਵਾਈ ਮੌਕੇ ਕੇਸ ਦਾ ਮੁੱਖ ਗਵਾਹ ਆਟੋ ਚਾਲਕ ਤੁੱਲ ਬਹਾਦੁਰ ਪੇਸ਼ ਨਹੀਂ ਹੋਇਆ ਸੀ। ਮਾਣਯੋਗ ਅਦਾਲਤ ਨੇ ਤੁੱਲ ਬਹਾਦੁਰ ਦੇ ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤੇ ਸਨ ਤੇ ਉਸ ਨੂੰ 21 ਨਵੰਬਰ ਨੂੰ ਅਦਾਲਤ ਵਿਚ ਪੇਸ਼ ਹੋਣ ਲਈ ਹੁਕਮ ਸੁਣਾਏ ਸਨ । ਮੰਗਲਵਾਰ ਨੂੰ ਤੁੱਲ ਬਹਾਦੁਰ ਦੀ ਗਵਾਹੀ ਹੋਣੀ ਸੀ ਪਰ ਉਹ ਅੱਜ ਵੀ ਅਦਾਲਤ 'ਚੋਂ ਗੈਰ-ਹਾਜ਼ਰ ਰਿਹਾ । ਸੂਤਰਾਂ ਦਾ ਕਹਿਣਾ ਹੈ ਕਿ ਉਸਦੀ ਗੈਰ-ਹਾਜ਼ਰੀ ਕੇਸ ਨੂੰ ਪ੍ਰਭਾਵਿਤ ਕਰ ਸਕਦੀ ਹੈ।
ਇਹ ਵੀ ਦੱਸਣਯੋਗ ਹੈ ਕਿ ਤੁੱਲ ਬਹਾਦੁਰ ਨੇ ਐੱਸ. ਐੱਸ. ਪੀ. ਮੋਹਾਲੀ ਨੂੰ ਇਕ ਸ਼ਿਕਾਇਤ ਦਿੱਤੀ ਹੋਈ ਹੈ, ਜਿਸ ਵਿਚ ਉਸ ਨੇ ਦੱਸਿਆ ਸੀ ਕਿ 6 ਸਤੰਬਰ ਨੂੰ ਉਸ ਨੂੰ ਦੋ ਅਣਪਛਾਤੇ ਵਿਅਕਤੀਆਂ ਨੇ ਚੰਡੀਗੜ੍ਹ ਦੇ ਸੈਕਟਰ-33 ਵਿਚ ਰੋਕ ਕੇ ਸੀਰਤ ਢਿੱਲੋਂ ਖਿਲਾਫ ਅਦਾਲਤ ਵਿਚ ਗਵਾਹੀ ਦੇਣ 'ਤੇ ਜਾਨੋ ਮਾਰਨ ਦੀ ਧਮਕੀ ਦਿੱਤੀ ਸੀ । ਉਸ ਤੋਂ ਬਾਅਦ ਉਹ ਅਦਾਲਤ 'ਚ ਨਹੀਂ ਆ ਰਿਹਾ ਹੈ।
ਇਹ ਹੈ ਮਾਮਲਾ
ਦੱਸਣਯੋਗ ਹੈ ਕਿ 19 ਮਾਰਚ 2017 ਨੂੰ ਫੇਜ਼-3 ਵਿਚ ਕਿਰਾਏ ਦੇ ਮਕਾਨ ਵਿਚ ਆਪਣੇ ਪਤੀ ਏਕਮ ਢਿੱਲੋਂ ਨਾਲ ਰਹਿ ਰਹੀ ਸੀਰਤ ਢਿੱਲੋਂ ਬੀ. ਐੱਮ.
ਡਬਲਿਊ. ਕਾਰ ਵਿਚ ਆਪਣੇ ਪਤੀ ਦੀ ਲਾਸ਼ ਨੂੰ ਅਟੈਚੀ ਵਿਚ ਪਾ ਕੇ ਟਿਕਾਣੇ ਲਾਉਣ ਲਈ ਜਾਣ ਲੱਗੀ ਸੀ । ਜਿਵੇਂ ਹੀ ਉਸ ਨੇ ਆਟੋ ਚਾਲਕ ਤੁੱਲ ਬਹਾਦੁਰ ਨੂੰ ਅਟੈਚੀ ਕਾਰ ਵਿਚ ਰੱਖਣ ਲਈ ਸਹਾਇਤਾ ਮੰਗੀ ਤਾਂ ਅਟੈਚੀ ਵਿਚੋਂ ਖੂਨ ਵਗਦਾ ਵੇਖ ਕੇ ਉਸ ਨੇ ਪੁਲਸ ਨੂੰ ਸੂਚਿਤ ਕਰ ਦਿੱਤਾ, ਜਿਸ ਤੋਂ ਬਾਅਦ ਪੂਰੇ ਮਾਮਲੇ ਦਾ ਪਰਦਾਫਾਸ਼ ਹੋ ਗਿਆ ਸੀ ।
