ਅੰਤਰ ਜਾਤੀ ਪ੍ਰੇਮ ਵਿਆਹ : ਅਦਾਲਤ ''ਚ ਸੁਰੱਖਿਆ ਦੀ ਮੰਗ ਲਈ ਆਏ ਜੋੜੇ ਨਾਲ ਕੁੱਟਮਾਰ
Tuesday, Feb 04, 2020 - 01:56 PM (IST)
ਗੁਰਦਾਸਪੁਰ (ਜ. ਬ.) : ਜ਼ਿਲਾ ਅਤੇ ਸੈਸ਼ਨ ਜੱਜ ਦੀ ਅਦਾਲਤ 'ਚ ਪ੍ਰੇਮ ਵਿਆਹ ਕਰਵਾਉਣ ਤੋਂ ਬਾਅਦ ਸੁਰੱਖਿਆ ਦੀ ਮੰਗ ਲਈ ਆਏ ਪ੍ਰੇਮੀ ਜੋੜੇ ਨਾਲ ਕੁੱਟਮਾਰ ਕੀਤੀ ਗਈ। ਜ਼ਿਲਾ ਅਤੇ ਸੈਸ਼ਨ ਜੱਜ ਰਮੇਸ਼ ਕੁਮਾਰੀ ਦੀ ਅਦਾਲਤ 'ਚ ਪਹੁੰਚੇ ਪ੍ਰੇਮੀ ਜੋੜੇ ਨਾਲ ਕੁੱਟ-ਮਾਰ ਕਰਨ ਅਤੇ ਲੜਕੀ ਨੂੰ ਜ਼ਬਰਦਸਤੀ ਆਪਣੇ ਨਾਲ ਲੈ ਜਾਣ ਦੀ ਕੋਸ਼ਿਸ਼ ਕਰਨ ਦੇ ਦੋਸ਼ 'ਚ ਸਿਟੀ ਪੁਲਸ ਸਟੇਸ਼ਨ 'ਚ ਲੜਕੀ ਦੀ ਮਾਂ, ਚਾਚਾ, ਚਾਚੀ ਅਤੇ ਭਰਾ ਅਤੇ ਤਾਏ ਦੇ ਲੜਕੇ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਪ੍ਰੇਮੀ ਅਤੇ ਪ੍ਰੇਮਿਕਾ ਅੰਤਰ ਜਾਤੀ ਦੇ ਹੋਣ ਕਾਰਨ ਮਾਮਲਾ ਅਦਾਲਤ ਤੱਕ ਪਹੁੰਚਿਆ।
ਸਿਟੀ ਪੁਲਸ ਸਟੇਸ਼ਨ ਇੰਚਾਰਜ ਕੁਲਵੰਤ ਸਿੰਘ ਮਾਨ ਨੇ ਦੱਸਿਆ ਕਿ ਲੜਕਾ ਲਵਪ੍ਰੀਤ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਮੱਮੀ ਚੱਕਰੰਦਾ ਅਤੇ ਲੜਕੀ ਪ੍ਰਿਆ ਦੇਵੀ ਪੁੱਤਰੀ ਜਗੀਰ ਮਲ ਵਾਸੀ ਆਲੋਵਾਲ ਜੋ ਕਿ ਦੋਵੇਂ ਬਾਲਗ ਹਨ ਅਤੇ ਪ੍ਰੇਮ ਵਿਆਹ ਕਰਵਾਉਣਾ ਚਾਹੁੰਦੇ ਸੀ ਪਰ ਲੜਕੀ ਪੱਖ ਇਸ ਵਿਆਹ ਦੇ ਪੱਖ 'ਚ ਨਹੀਂ ਸੀ, ਜਿਸ ਕਾਰਨ ਇਸ ਪ੍ਰੇਮੀ ਜੋੜੇ ਨੇ ਮਈ 2019 ਨੂੰ ਹੀ ਮੰਦਰ 'ਚ ਪ੍ਰੇਮ ਵਿਆਹ ਕਰਵਾ ਲਿਆ ਅਤੇ ਇਸ ਸਬੰਧੀ ਸਰਟੀਫਿਕੇਟ ਆਦਿ ਵੀ ਬਣਾ ਰੱਖਿਆ ਸੀ। ਦੋਵਾਂ ਨੇ ਇਸ ਮੰਦਰ 'ਚ ਕੀਤੇ ਵਿਆਹ ਬਾਰੇ ਆਪਣੇ ਪਰਿਵਾਰ ਨੂੰ ਨਹੀਂ ਦੱਸਿਆ ਸੀ। ਇਸ ਦੌਰਾਨ ਲੜਕੀ ਆਪਣੇ ਪਰਿਵਾਰ ਵਾਲਿਆਂ ਨੂੰ ਉਸ ਦੇ ਪ੍ਰੇਮੀ ਨਾਲ ਵਿਆਹ ਕਰਵਾਉਣ ਦੀ ਇਜਾਜ਼ਤ ਦੀ ਮੰਗ ਕਰਦੀ ਰਹੀ ਪਰ ਉਹ ਆਪਣੇ ਫੈਸਲੇ ਤੋਂ ਟਸ ਤੋਂ ਮਸ ਨਹੀਂ ਹੋਏ ਅਤੇ ਲੜਕੀ ਅਤੇ ਲੜਕੇ ਨੂੰ ਧਮਕੀਆਂ ਦਿੰਦੇ ਰਹੇ ਕਿ ਜੇ ਉਨ੍ਹਾਂ ਨੇ ਘਰ ਤੋਂ ਭੱਜ ਕੇ ਵਿਆਹ ਕਰਵਾਇਆ ਤਾਂ ਗੰਭੀਰ ਨਤੀਜੇ ਭੁਗਤਣੇ ਪੈਣਗੇ।
ਸੁਰੱਖਿਆ ਮੁਹੱਈਆ ਕਰਵਾਉਣ ਦੀ ਕੀਤੀ ਅਪੀਲ
ਪੁਲਸ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਧਮਕੀਆਂ ਕਾਰਣ ਪ੍ਰੇਮਿਕਾ ਬੀਤੀ ਸਵੇਰ ਘਰੋਂ ਪਰਿਵਾਰ ਵਾਲਿਆਂ ਨੂੰ ਦੱਸੇ ਬਿਨਾਂ ਨਿਕਲ ਗਈ ਅਤੇ ਪ੍ਰੇਮੀ ਨਾਲ ਅਦਾਲਤ ਕੰਪਲੈਕਸ 'ਚ ਇਕ ਵਕੀਲ ਰਾਹੀਂ ਦੋਵਾਂ ਨੇ ਜ਼ਿਲਾ ਅਤੇ ਸੈਸ਼ਨ ਜੱਜ ਗੁਰਦਾਸਪੁਰ ਰਮੇਸ਼ ਕੁਮਾਰੀ ਦੇ ਸਾਹਮਣੇ ਸੁਰੱਖਿਆ ਮੁਹੱਈਆ ਕਰਵਾਉਣ ਦੀ ਅਪੀਲ ਦਾਇਰ ਕੀਤੀ। ਇਸ ਅਪੀਲ 'ਤੇ ਅਦਾਲਤ ਨੇ ਦੁਪਹਿਰ ਬਾਅਦ ਫੈਸਲਾ ਕਰਨ ਦੀ ਗੱਲ ਕਰ ਕੇ ਪ੍ਰੇਮੀ ਜੋੜੇ ਨੂੰ ਦੁਪਹਿਰ ਬਾਅਦ ਅਦਾਲਤ 'ਚ ਪੇਸ਼ ਹੋਣ ਨੂੰ ਕਿਹਾ ਪਰ ਇਸ ਦੌਰਾਨ ਲੜਕੀ ਦੀ ਮਾਂ ਵੀਰੋ ਦੇਵੀ, ਚਾਚੀ ਸੁਮਨ, ਚਾਚਾ ਰਮੇਸ਼ ਕੁਮਾਰ, ਭਰਾ ਲਵਲੀ ਅਤੇ ਤਾਏ ਦਾ ਲੜਕਾ ਬੱਬੀ ਅਦਾਲਤ ਕੰਪਲੈਕਸ 'ਚ ਆ ਗਏ ਅਤੇ ਉਨ੍ਹਾਂ ਲੜਕੀ ਨੂੰ ਜ਼ਬਰਦਸਤੀ ਆਪਣੇ ਨਾਲ ਲੈ ਜਾਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਕੁੱਟ-ਮਾਰ ਅਤੇ ਖਿਚ-ਧੂਹ 'ਚ ਮਾਮਲਾ ਵਿਗੜਦੇ ਵੇਖ ਅਦਾਲਤ ਤੋਂ ਨਾਇਬ ਕੋਰਟ ਨੇ ਸਿਟੀ ਪੁਲਸ ਨੂੰ ਸੂਚਨਾ ਦਿੱਤੀ ਗਈ।
ਸੂਚਨਾ ਮਿਲਦੇ ਹੀ ਪੁਲਸ ਪਾਰਟੀ ਅਦਾਲਤ 'ਚ ਪਹੁੰਚੀ ਅਤੇ ਪ੍ਰੇਮੀ ਜੋੜੇ ਨੂੰ ਮੁਲਜ਼ਮਾਂ ਤੋਂ ਮੁਕਤ ਕਰਵਾਇਆ। ਪੁਲਸ ਨੂੰ ਵੇਖ ਕੇ ਮੁਲਜ਼ਮ ਉਥੋਂ ਭੱਜ ਗਏ। ਪੁਲਸ ਨੇ ਲੜਕੀ ਦੇ ਬਿਆਨਾਂ 'ਤੇ 5 ਖਿਲਾਫ ਧਾਰਾ 365 ਅਤੇ 511 ਅਧੀਨ ਕੇਸ ਦਰਜ ਕਰ ਕੇ ਲੜਕੀ ਦੀ ਮਾਂ, ਚਾਚੀ ਅਤੇ ਚਾਚਾ ਨੂੰ ਗ੍ਰਿਫਤਾਰ ਕਰ ਲਿਆ ਹੈ ਜਦਕਿ 2 ਫਰਾਰ ਹਨ। ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਅਦਾਲਤ ਜਦ ਪ੍ਰੇਮੀ ਜੋੜੇ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਦਾ ਨਿਰਦੇਸ਼ ਦੇਵੇਗੀ ਤਾਂ ਪੁਲਸ ਸੁਰੱਖਿਆ ਦਾ ਪ੍ਰਬੰਧ ਕਰੇਗੀ।