ਜੋੜੇ ਨੂੰ ਲਿਫਟ ਦੇਣੀ ਕਾਰ ਚਾਲਕ ਨੂੰ ਪਈ ਮਹਿੰਗੀ, ਥੋੜ੍ਹੀ ਦੂਰ ਜਾ ਕੇ ਕਰ ਦਿੱਤਾ ਇਹ ਕਾਰਾ
Friday, Nov 25, 2022 - 01:48 AM (IST)
ਲੁਧਿਆਣਾ (ਬੇਰੀ) : ਬੀਤੇ ਦਿਨੀਂ ਕਪੂਰਥਲਾ ਤੋਂ ਦਿੱਲੀ ਜਾ ਰਹੇ ਇਕ ਕਾਰ ਚਾਲਕ ਨੂੰ ਜੋੜੇ ਨੂੰ ਲਿਫਟ ਦੇਣੀ ਮਹਿੰਗੀ ਪੈ ਗਈ। ਥੋੜ੍ਹੀ ਦੂਰ ਜਾ ਕੇ ਜੋੜੇ ਨੇ ਬੰਦੂਕ ਦੀ ਨੋਕ ਤੋਂ ਉਸ ਕੋਲੋਂ ਨਕਦੀ ਤੇ ਹੋਰ ਕੀਮਤੀ ਸਾਮਾਨ ਲੁੱਟ ਲਿਆ। ਵੀਰਵਾਰ ਨੂੰ ਥਾਣਾ ਡਵੀਜ਼ਨ ਨੰ. 7 ਦੀ ਪੁਲਸ ਨੇ ਕਾਰ ਸਵਾਰ ਤੋਂ ਲਿਫਟ ਲੈ ਕੇ ਲੁੱਟ ਦੀਆਂ ਵਾਰਦਾਤਾਂ ਕਰਨ ਵਾਲੇ ਜੋੜੇ ਨੂੰ ਕਾਬੂ ਕਰ ਲਿਆ, ਜਦੋਂਕਿ ਉਨ੍ਹਾਂ ਦਾ ਤੀਜਾ ਸਾਥੀ ਅਜੇ ਫਰਾਰ ਹੈ। ਫੜੇ ਗਏ ਮੁਲਜ਼ਮ ਭੁਪਿੰਦਰ ਸਿੰਘ ਅਤੇ ਉਸ ਦੀ ਪਤਨੀ ਮਨਪ੍ਰੀਤ ਕੌਰ ਹਨ। ਮੁਲਜ਼ਮਾਂ ਕੋਲੋਂ 12000 ਦੀ ਨਕਦੀ, 8 ਮੋਬਾਈਲ ਅਤੇ ਐਕਟਿਵਾ ਬਰਾਮਦ ਕੀਤੀ ਹੈ। ਮੁਲਜ਼ਮ ਪੁਲਸ ਰਿਮਾਂਡ ’ਤੇ ਹਨ। ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ - ਕੈਦੂਪੁਰ ਦੇ ਸਰਪੰਚ ਨੇ ਦਿੱਤੀ ਜਾਨ, ਪਰਿਵਾਰ ਨੇ ਸਸਕਾਰ ਕਰਨ ਤੋਂ ਕੀਤਾ ਇਨਕਾਰ, ਜਾਣੋ ਕੀ ਹੈ ਮਾਮਲਾ
ਏ. ਡੀ. ਸੀ. ਪੀ.-4 ਤੁਸ਼ਾਰ ਗੁਪਤਾ ਨੇ ਦੱਸਿਆ ਕਿ ਬੁੱਧਵਾਰ ਨੂੰ ਕਮਲਜੀਤ ਸਿੰਘ ਨੇ ਥਾਣਾ ਡਵੀਜ਼ਨ ਨੰ. 7 ਦੇ ਐੱਸ. ਐੱਚ. ਓ. ਸਪਤਾਲ ਸਿੰਘ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਹ ਕਪੂਰਥਲਾ ਤੋਂ ਦਿੱਲੀ ਏਅਰਪੋਰਟ ਆਪਣੇ ਰਿਸ਼ਤੇਦਾਰ ਨੂੰ ਲੈਣ ਜਾ ਰਿਹਾ ਸੀ। ਤੜਕੇ ਜਦੋਂ ਉਹ ਸਮਰਾਲਾ ਚੌਕ ਤੋਂ ਗੁਜ਼ਰ ਰਿਹਾ ਸੀ ਤਾਂ ਇਕ ਜੋੜੇ ਨੇ ਹੱਥ ਦੇ ਕੇ ਉਨ੍ਹਾਂ ਦੀ ਗੱਡੀ ਰੁਕਵਾ ਲਈ, ਜਿਨ੍ਹਾਂ ਨੇ ਉਨ੍ਹਾਂ ਤੋਂ ਲਿਫਟ ਮੰਗੀ।
ਇਹ ਖ਼ਬਰ ਵੀ ਪੜ੍ਹੋ - ਅੱਧੀ ਰਾਤ ਨੂੰ ਆਪੇ ਤੋਂ ਬਾਹਰ ਹੋਇਆ ਮਜ਼ਦੂਰ, 2 ਧੀਆਂ, ਭਰਾ ਤੇ SHO ਸਣੇ 5 ਨੂੰ ਉਤਾਰਿਆ ਮੌਤ ਦੇ ਘਾਟ
ਕੁਝ ਦੂਰ ਜਾ ਕੇ ਮੁਲਜ਼ਮ ਲੜਕੇ ਨੇ ਉਸ ਦੀ ਗਰਦਨ ’ਤੇ ਤੇਜ਼ਧਾਰ ਹਥਿਆਰ ਰੱਖ ਦਿੱਤਾ ਅਤੇ ਉਸ ਕੋਲ ਪਏ 20 ਹਜ਼ਾਰ ਰੁਪਏ, ਕੀਮਤੀ ਸਾਮਾਨ ਅਤੇ ਮੋਬਾਇਲ ਲੁੱਟ ਲਿਆ। ਮੁਲਜ਼ਮਾਂ ਨੇ ਡਰਾ-ਧਮਕਾ ਕੇ ਮੋਬਾਇਲ ਜ਼ਰੀਏ ਕਿਸੇ ਹੋਰ ਨੰਬਰ ’ਤੇ 79000 ਰੁਪਏ ਗੂਗਲ-ਪੇ ਰਾਹੀਂ ਟ੍ਰਾਂਸਫਰ ਕਰਵਾ ਲਏ ਅਤੇ ਫਰਾਰ ਹੋ ਗਏ।
ਇਹ ਖ਼ਬਰ ਵੀ ਪੜ੍ਹੋ - ਜਨਮ ਦਿਨ ਦੀ ਪਾਰਟੀ 'ਤੇ ਗਏ ਭਾਜਪਾ ਕੌਂਸਲਰ ਦਾ ਦੋਸਤਾਂ ਨੇ ਡੰਡਿਆਂ ਨਾਲ ਕੁੱਟ-ਕੁੱਟ ਕੀਤਾ ਕਤਲ
ਇਸ ਤੋਂ ਬਾਅਦ ਇੰਸਪੈਕਟਰ ਸਤਪਾਲ ਸਿੰਘ ਨੇ ਇਸ ਦੀ ਜਾਂਚ ਸ਼ੁਰੂ ਕੀਤੀ ਅਤੇ ਗੂਗਲ-ਪੇ ਦੀ ਸਟੇਟਮੈਂਟ ਜ਼ਰੀਏ ਇਕ ਦੁਕਾਨ ’ਤੇ ਪੁੱਜੇ। ਦੁਕਾਨਦਾਰ ਨੇ ਪੁਲਸ ਨੂੰ ਦੱਸਿਆ ਕਿ ਔਰਤ ਨੇ ਉਸ ਨੂੰ ਸਕ੍ਰੀਨ ਸ਼ਾਰਟ ਦਿਖਾਇਆ ਅਤੇ ਉਸ ਤੋਂ ਪੈਸੇ ਲੈ ਗਈ। ਜਦੋਂ ਸੀ. ਸੀ. ਟੀ. ਵੀ. ਕੈਮਰੇ ਦੀ ਫੁਟੇਜ ਚੈੱਕ ਕੀਤੀ ਗਈ ਤਾਂ ਔਰਤ ਦੀ ਪਛਾਣ ਹੋਈ, ਜਿਸ ਤੋਂ ਬਾਅਦ ਪੁਲਸ ਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਮੁਤਾਬਕ ਮੁਲਜ਼ਮਾਂ ਦਾ ਤੀਜਾ ਸਾਥੀ ਅਜੇ ਫਰਾਰ ਹੈ, ਜਿਸ ਦੀ ਭਾਲ ਕੀਤੀ ਜਾ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।