ਜਦੋਂ ਤੱਕ ਸਰਕਾਰਾਂ ਨੀਤੀਆਂ ਤੇ ਨੀਤਾਂ ਸਹੀ ਲੈ ਕੇ ਨਹੀਂ ਚੱਲਦੀਆਂ, ਉਦੋਂ ਤੱਕ ਸੁਧਾਰ ਹੋਣਾ ਮੁਸ਼ਕਲ

Sunday, May 17, 2020 - 04:58 PM (IST)

ਜਦੋਂ ਤੱਕ ਸਰਕਾਰਾਂ ਨੀਤੀਆਂ ਤੇ ਨੀਤਾਂ ਸਹੀ ਲੈ ਕੇ ਨਹੀਂ ਚੱਲਦੀਆਂ, ਉਦੋਂ ਤੱਕ ਸੁਧਾਰ ਹੋਣਾ ਮੁਸ਼ਕਲ

ਜੇਕਰ ਅਸੀਂ ਅੱਜ ਦੀ ਗੱਲਬਾਤ ਕਰੀਏ ਤਾਂ ਸਾਨੂੰ ਮਾਣ ਨਹੀਂ, ਸਗੋਂ ਆਪਣੇ ਆਪ ਉੱਤੇ ਸ਼ਰਮ ਮਹਿਸੂਸ ਹੋਣ ਲੱਗ ਜਾਂਦੀ ਹੈ, ਕੀ ਸਾਡਾ ਦੇਸ਼ ਤਾਂ ਚੰਗਾ ਸੀ ਪਰ ਅਸੀਂ ਇਕ ਚੰਗੀ ਸਰਕਾਰ ਨਾ ਬਣਾ ਸਕੇ। ਜੇਕਰ ਅਸੀਂ ਆਪਣਾ ਆਪ ਲਾਲਚ ਅਤੇ ਫ਼ਰੇਬ ਤੋਂ ਆਪਣੇ ਮਨ ਨੂੰ ਦੂਰ ਰੱਖਿਆ ਹੁੰਦਾ ਤਾਂ ਅੱਜ ਸਾਨੂੰ ਇਹ ਦਿਨ ਵੀ ਨਾ ਵੇਖਣੇ ਪੈਣੇ ਸੀ। ਚੱਲੋ ਇਕ ਗੱਲ ਸਾਫ਼ ਕਰ ਦਿੰਦੇ ਹਾਂ ਕੀ ਭਾਰਤ ਦੇ ਲੋਕ ਲਾਲਚੀ ਨੇ, ਪੈਸਾ ਵੇਖਕੇ ਬਦਲਣ ਵਾਲੇ ਨੇ, ਸਾਰੇ ਨਹੀਂ ਫੇਰ ਵੀ ਬਹੁਤ ਸਾਰੇ ਲੋਕ ਨੇ, ਜੋ ਥੋੜ੍ਹੇ ਜਿਹੇ ਪੈਸੇ ਜਾਂ ਕਿਸੇ ਲਾਲਚ ਵੱਸ ਪੈਕੇ ਆਪਣਾ ਜ਼ਮੀਰ ਦਾ ਸੌਦਾ ਕਰ ਲੈਂਦੇ ਹਨ, ਜਾਂ ਉਮਰਾਂ ਲਈ ਵੇਚ ਦਿੰਦੇ ਹਨ। ਚਲੋ ਗੱਲ ਮੁੱਕੀ ਕੀ ਲੋਕ ਵਿਕ ਗਏ ਪਰ ਖਰੀਦਦਾਰਾਂ ਨੂੰ ਵੀ ਸ਼ਰਮ ਆਉਣੀ ਚਾਹੀਦੀ ਹੈ ਕੀ ਨਹੀਂ ? ਕੀ ਅਸੀਂ ਤਾਂ ਬਾਕੀ ਲੋਕਾਂ ਪ੍ਰਤੀ ਵਫ਼ਾਦਾਰ ਰਹੀਏ ਤੇ ਆਪਣੀ ਬਣਦੀ ਵਫ਼ਾਦਾਰੀ ਵਿਖਾਈਏ, ਜੇ ਲੋਕਾਂ ਨਾਲ ਨਹੀਂ ਤਾਂ ਘੱਟੋਂ ਘੱਟ ਆਪਣੇ ਦੇਸ਼ ਨਾਲ ਹੀ ਵਫ਼ਾਦਾਰ ਰਹੀਏ ਪਰ ਨਹੀਂ ! ਵਫ਼ਾਦਾਰੀ ਜਾਂ ਚੰਗਾ ਕਰਨਾ ਸਾਡੇ ਖ਼ੂਨ ਵਿਚ ਹੀ ਨਹੀਂ।

ਚੰਗਾ ਉਹ ਕਰਨਗੇ ਜੋ ਚੰਗੇ ਪਰਿਵਾਰਾਂ ਵਿਚੋਂ ਹੋਣਗੇ, ਜੋ ਹੋਏ ਹੀ ਮਾੜੇ ਪਰਿਵਾਰਾਂ ’ਚੋਂ ਉਨ੍ਹਾਂ ਕੋਲੋਂ ਚੰਗੇ ਕੰਮ ਕਰਨ ਦੀ ਅਸੀਂ ਤੁਸੀਂ ਉਮੀਦ ਹੀ ਛੱਡ ਦੇਵੋਂ। ਸਾਡੇ ਭਾਰਤੀ ਲੋਕ ਹੋਰ ਮੁਲਕਾਂ ਦੀ ਤਰ੍ਹਾਂ ਹੀ ਆਪਣੇ ਆਪਣੇ ਉਮੀਦਵਾਰ ਚੁਣਦੇ ਹਨ ਤੇ ਚੁਣਕੇ ਰਾਜ ਸਭਾ, ਵਿਧਾਨ ਸਭਾ ਵਿਚ ਵੀ ਭੇਜਦੇ ਹਨ ਪਰ ਕੀ ਇਨ੍ਹਾਂ ਚੁਣੇ ਹੋਏ ਉਮੀਦਵਾਰਾਂ ਨੇ ਨਾ ਹੀ ਆਪਣੀ ਬਣਦੀ ਡਿਊਟੀ ਨਿਭਾਈ, ਨਾ ਹੀ ਇਨ੍ਹਾਂ ਨੇ ਸੰਵਿਧਾਨ ਦੀ ਕੋਈ ਕਦਰ ਕੀਤੀ ਨਾ ਸੰਵਿਧਾਨ ਅਨੁਸਾਰ ਕੋਈ ਲੋਕਾਂ ਪ੍ਰਤੀ ਆਪਣੀ ਸੇਵਾ ਨਿਭਾਈ। ਭਾਰਤੀ ਲੋਕਾਂ ਨੂੰ ਇਕ ਵਾਰ ਵਿਚ ਅਕਲ ਆ ਜਾਣੀ ਚਾਹੀਦੀ ਸੀ ਪਰ ਅਫ਼ਸੋਸ ਨਾਲ ਲਿਖਣਾ ਅਤੇ ਕਹਿਣਾ ਪੈ ਰਿਹਾ ਹੈ ਕਿ ਅਸੀਂ ਇਨ੍ਹਾਂ ਲਾਲਚੀ ਲੋਕਾਂ ਨੂੰ ਸੱਤਰ ਸਾਲਾਂ ਤੋਂ ਚੁਣਦੇ ਆ ਰਹੇ ਹਾਂ।

ਇਨ੍ਹਾਂ ਨੂੰ ਅਕਲ ਆ ਗਈ ਕੀ ਭਾਰਤੀ ਲੋਕ ਮੂਰਖ ਕਿਵੇਂ ਬਣਾਉਣੇ ਹਨ ਪਰ ਅਫ਼ਸੋਸ ਸਾਡੇ ਲਾਲਚੀ ਅਤੇ ਲੋਭੀ ਲੋਕਾਂ ਨੂੰ ਅਕਲ ਨਹੀਂ ਆਈ ਕੀ ਅਸੀਂ ਇਨ੍ਹਾਂ ਬੇਈਮਾਨ ਤੇ ਦਗਾਬਾਜ਼ ਸਿਆਸਤਦਾਨਾਂ ਤੋਂ ਕਿਵੇਂ ਖੈਹੜਾ ਜਾਂ ਪਿੱਛਾ ਛਡਾਉਣਾ ਹੈ। ਅੱਜ ਅਸੀਂ ਜਿਸ ਨਾ ਮੁਰਾਦ ਬੀਮਾਰੀ ਕੋਰੋਨਾ ਨਾਲ ਜੂਝ ਰਹੇ ਹਾਂ ਤੇ ਸਾਰੇ ਲੋਕਾਂ ਵਿਚ ਇਕ ਡਰ ਦਾ ਮਾਹੌਲ ਬਣਿਆ ਹੋਇਆ ਹੈ, ਪਤਾ ਨਹੀਂ ਰੱਬਾਂ ਅੱਗੇ ਕੀ ਹੋਣਾ, ਅਸੀਂ ਇੱਕੀ ਦਿਨ ਘਰੇ ਬੈਠਕੇ ਵੀ ਪਾਸ ਹੋਵਾਂਗੇ ਜਾਂ ਫੇਲ ਇਹ ਤਾਂ ਸਮਾਂ ਹੀ ਦੱਸੇਗਾ ਪਰ ਸਾਨੂੰ ਅਤੇ ਸਰਕਾਰਾਂ ਨੂੰ ਇਕ ਗੱਲ ਜ਼ਰੂਰ ਪੱਲੇ ਬੰਨ੍ਹ ਲੈਣੀ ਚਾਹੀਦੀ ਹੈ।

ਕੀ ਜੇਕਰ ਭਾਰਤੀ ਲੋਕ ਕਦੇ ਮਰੇ ਜਾਂ ਭਾਰਤ ਖ਼ਤਮ ਹੋਇਆ, ਉਹ ਤਿੰਨ-ਚਾਰ ਕਾਰਨਾਂ ਕਰਕੇ ਹੋਵੇਗਾ, ਇਕ ਤਾਂ ਸਭ ਤੋਂ ਜ਼ਰੂਰੀ ਸਿਹਤ ਸਹੂਲਤਾਂ ਪੱਖੋਂ, ਦੂਸਰੀ ਭੁੱਖ ਦੇ ਪੱਖੋਂ, ਤੀਸਰਾ ਰੁਜ਼ਗਾਰ ਪੱਖੋਂ, ਚੌਥੀ ਸਭ ਲਈ ਜ਼ਰੂਰੀ ਅਤੇ ਅਹਿਮੀਅਤ ਰੱਖਦੀ ਹੈ। ਉਹ ਹਰੇਕ ਦਾ ਸਿਖਿਆਰਥੀ ਹੋਣਾ, ਜਿਸਨੂੰ ਸਾਰੇ ਗਿਆਨਵਾਨ ਹੋਣਾ ਕਹਿੰਦੇ ਹਨ, ਜਿਵੇਂ ਪੜ੍ਹਾਈ ਪਰ ਸਾਡੀਆਂ ਸਰਕਾਰਾਂ ਨੇ ਕਦੇ ਵੀ ਇਮਾਨਦਾਰੀ ਨਾਲ ਆਪਣੀ ਡਿਊਟੀ ਨਹੀਂ ਨਿਭਾਈ ਨਾ ਹੀ ਸਾਡੇ ਲੋਕਾਂ ਨੇ ਅਮਲ ਕੀਤਾ ਨਾ ਇਨ੍ਹਾਂ ਨੂੰ ਅਕਲ ਆਈ। ਹੁਣ ਸਾਰੇ ਪਾਸੇ ਇਕੋ ਗੱਲ ਘੁੰਮ ਰਹੀ ਹੈ, ਕੀ ਇਹ ਕੋਰੋਨਾ ਦੀ ਬੀਮਾਰੀ ਪ੍ਰਦੇਸ਼ੀ ਵੀਰਾਂ ਦੀ ਭਾਰਤ ਨੂੰ ਦੇਣ ਹੈ? ਉਹ ਪਰਦੇਸੀ ਵੀਰ ਜਿਨ੍ਹਾਂ ਨੂੰ ਭਾਰਤ ਅਤੇ ਪੰਜਾਬ ਦਾ ਮਾਣ ਵੀ ਕਿਹਾ ਜਾਂਦਾ ਹੈ, ਅੱਜ ਇਨ੍ਹਾਂ ਨੂੰ ਬੁਰਾ ਕਹਿਣਾ ਜਾਂ ਇਨ੍ਹਾਂ ਸਿਰ ਇਲਜ਼ਾਮ ਲਾਉਣਾ ਅਸੀਂ ਆਪਣੇ ਫਰਜ਼ਾਂ ਤੋਂ ਮੂੰਹ ਮੋੜ ਰਹੇ ਹਾਂ, ਸਾਡੇ ਪੰਜਾਬੀਆਂ ਪਰਦੇਸੀ ਵੀਰਾਂ ਦਾ ਪੰਜਾਬ ਵਿਚ ਦਿਲ ਧੜਕਦਾ ਹੈ, ਉਹ ਬੇਸ਼ੱਕ ਭਾਰਤ ਜਾਂ ਪੰਜਾਬ ਤੋਂ ਦੂਰ ਪਰਦੇਸ ਬੈਠੇ ਨੇ ਪਰ ਦਿਲ ਆਪਣੇ ਦੇਸ਼ ਤੇ ਪੰਜਾਬ ਲਈ ਹੀ ਤੜਫਦਾ ਹੈ।

ਉਹ ਹਮੇਸ਼ਾਂ ਆਪਣੇ ਦੇਸ਼ ਦੀ ਖ਼ੈਰ ਖਵਾਜ਼ ਮੰਗਦੇ ਰਹਿੰਦੇ ਹਨ, ਸੋ ਇਨ੍ਹਾਂ ਨੂੰ ਨਿੰਦਣਾ ਇਕ ਰੱਬ ’ਤੇ ਉਗਲਾਂ ਚੁੱਕਣ ਦੇ ਬਰਾਬਰ ਹੈ। ਸੋ ਬੇਨਤੀ ਹੈ ਇਨ੍ਹਾਂ ਦੀਆਂ ਖ਼ਾਮੀਆਂ ਕੱਢਣ ਦੀ ਵਜਾਏ ਆਪਣੇ ਸਿਆਸਤਦਾਨਾਂ ਦੀਆਂ ਖ਼ਾਮੀਆਂ ਉਜਾਗਰ ਕਰੋ, ਤਾਂ ਜੋ ਅੱਗੇ ਤੋਂ ਅਸੀਂ ਘੱਟੋਂ-ਘੱਟ ਸਿਹਤ ਸਹੂਲਤਾਂ ਪੱਖੋਂ ਤਾਂ ਨਾ ਅਜਾਈਂ ਮਨੁੱਖੀ ਜਾਨਾਂ ਨਾ ਗਵਾਈਏ। ਹੁਣ ਤੁਸੀਂ ਆਪੇ ਹੀ ਅੰਦਾਜ਼ਾ ਲਗਾਉ ਕੀ ਸਾਡੇ ਕੋਲ ਮੁੱਢਲੀ ਸੇਵਾ ਇਕ ਮਰੀਜ਼ ਲਈ ਵੈਲਟੀਨੇਟਰ ਵੀ ਹਸਪਤਾਲਾਂ ਵਿਚ ਨਹੀਂ ਹਨ। ਜੇਕਰ ਕਿਸੇ ਹਸਪਤਾਲ ਵਿਚ ਪਏ ਵੀ ਨੇ ਜਾਂ ਤਾਂ ਉਹ ਕੰਮ ਨਹੀਂ ਕਰ ਰਹੇ ਜਾਂ ਉਨ੍ਹਾਂ ਕੋਲ ਲੋੜੀਂਦਾ ਸਟਾਫ਼ ਨਹੀਂ ਹੈ। ਹੁਣ ਤੁਸੀਂ ਆਪੇ ਹੀ ਸੋਚਣਾ ਕੀ ਸਾਡੀਆਂ ਸਰਕਾਰਾਂ ਨੇ ਕਦੇ ਸਹੀ ਅਤੇ ਇਮਾਨਦਾਰੀ ਨਾਲ ਨੀਤੀਆਂ ਅਤੇ ਨੀਤਾਂ ਤੋਂ ਕੰਮ ਲਿਆ, ਸੋ ਅੱਗੇ ਵਾਸਤੇ ਬੇਨਤੀ ਕਰਦੇ ਹਾਂ ਕੀ ਸਰਕਾਰ ਨੂੰ ਹਮੇਸ਼ਾਂ ਹੀ ਆਪਣੇ ਦੇਸ਼ ਦੇ ਲੋਕਾਂ ਪ੍ਰਤੀ ਇਮਾਨਦਾਰੀ ਵਿਖਾਉਣੀ ਚਾਹੀਂਦੀ ਹੈ ਤੇ ਆਉਣ ਵਾਲੇ ਸਮੇਂ ਨੂੰ ਵੇਖਦੇ ਹੋਏ ਆਪਣੇ ਵਲੋਂ ਪੂਰੇ ਪੁਖ਼ਤਾ ਇੰਤਜ਼ਾਮ ਕਰਕੇ ਰੱਖਣੇ ਚਾਹੀਦੇ ਹਨ।

PunjabKesari

ਭਾਰਤ ਤੇ ਪੰਜਾਬ ਦੇ ਲੋਕਾਂ ਤੇ ਸਿਆਸਤਦਾਨਾਂ ਨੂੰ ਬੇਨਤੀ ਕਰਦੇ ਹਾਂ ਕਿ ਜੋ ਵੀ ਕੰਮ ਕਰਨਾ ਹੈ, ਉਸਨੂੰ ਸਿਰਫ਼ ਅਤੇ ਸਿਰਫ਼ ਕਾਗਜ਼ਾਂ ਜਾਂ ਅਖਬਾਰਾਂ ਤੱਕ ਨਾ ਸੀਮਤ ਰੱਖਿਆ ਜਾਵੇ, ਉਸਨੂੰ ਅਸਲੀਅਤ ਵਿਚ ਜ਼ਮੀਨੀ ਹਕੀਕਤ ’ਤੇ ਵੀ ਲਾਗੂ ਕੀਤਾ ਜਾਵੇ। ਸਾਡੇ ਲੋਕਾਂ ਲਈ ਗੱਲਾਂ ਦਾ ਕੜਾਹ ਨਾ ਬਣਾਇਆ ਜਾਵੇ, ਜੇ ਵੀ ਕਰੋ ਇਮਾਨਦਾਰੀ ਨਾਲ ਕਰੋ। ਕਿਸੇ ਵੀ ਚੰਗੇ ਕੰਮ ਲਈ ਆਪਣਾ-ਆਪਣਾ ਸਾਨੂੰ ਸਭ ਨੂੰ ਸੁਆਰਥ ਭੁੱਲਕੇ ਆਪਣੇ ਦੇਸ਼ ਅਤੇ ਆਪਣੇ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਹੈ।

ਗੁਰਪ੍ਰੀਤ ਸਿੰਘ ਜਖਵਾਲੀ
ਮੋਬਾਇਲ 98550 36444


author

rajwinder kaur

Content Editor

Related News