ਨਕਲੀ ਕਰੰਸੀ ਛਾਪਣ ਵਾਲੇ ਗਿਰੋਹ ਦਾ ਪਰਦਾਫਾਸ਼, 2 ਵਿਅਕਤੀ ਗ੍ਰਿਫਤਾਰ
Friday, Nov 06, 2020 - 08:37 PM (IST)
ਬਠਿੰਡਾ,(ਵਿਜੇ) : ਪੰਜਾਬ ਹਰਿਆਣਾ ਸਰਹੱਦ ਅਤੇ ਬਠਿੰਡਾ ਪੁਲਸ ਨੇ ਨਕਲੀ ਕਰੰਸੀ ਛਾਪਣ ਵਾਲੇ ਇਕ ਅਜਿਹੇ ਗਿਰੋਹ ਦਾ ਪਰਦਾਫਾਸ਼ ਕੀਤਾ ਜੋ 20 ਹਜ਼ਾਰ ਦੇ ਬਦਲੇ ਇਕ ਲੱਖ ਦੇ ਨਕਲੀ ਨੋਟ ਦਿੰਦਾ ਸੀ। ਸੀ. ਆਈ. ਏ. ਟੀਮ ਨੇ ਸੂਚਨਾ ਦੇ ਆਧਾਰ 'ਤੇ ਛਾਪਾ ਮਾਰ ਕੇ ਸਾਢੇ 9 ਲੱਖ ਦੀ ਨਕਲੀ ਭਾਰਤੀ ਕਰੰਸੀ ਸਮੇਤ 2 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਜਾਣਕਾਰੀ ਮੁਤਾਬਕ ਸੀ. ਆਈ. ਏ. ਸਟਾਫ ਵਨ ਦੀ ਪੁਲਸ ਟੀਮ ਨੇ ਸ਼ੁੱਕਰਵਾਰ ਨੂੰ ਡੂਮਵਾਲੀ ਨੇੜਿਓਂ 2 ਲੋਕਾਂ ਨੂੰ ਸਾਢੇ ਨੌ ਲੱਖ ਰੁਪਏ ਦੀ ਨਕਲੀ ਕਰੰਸੀ ਸਮੇਤ ਗ੍ਰਿਫਤਾਰ ਕੀਤਾ। ਮੁਲਜ਼ਮਾਂ ਦੀ ਪਛਾਣ ਸੋਨੂੰ ਕੁਮਾਰ ਅਤੇ ਪੰਕਜ ਸ਼ਰਮਾ ਨਿਵਾਸੀ ਡਬਵਾਲੀ ਜ਼ਿਲ੍ਹਾ ਸਿਰਸਾ ਦੇ ਤੌਰ 'ਤੇ ਹੋਈ ਹੈ। ਇਸ ਬਾਰੇ 'ਚ ਪੁਸ਼ਟੀ ਕਰਦੇ ਹੋਏ ਸੀ. ਆਈ. ਏ. ਸਟਾਫ ਵਨ ਦੇ ਅਧਿਕਾਰੀ ਇੰਸਪੈਕਟਰ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਡੂਮਵਾਲੀ ਨਿਵਾਸੀ ਸੋਨੂੰ ਅਤੇ ਪੰਕਜ ਲੱਖਾਂ ਰੁਪਏ ਦੀ ਨਕਲੀ ਕਰੰਸੀ ਲੈ ਕੇ ਬਠਿੰਡਾ ਵੱਲ ਆ ਰਹੇ ਹਨ, ਜਿਸ ਤੋਂ ਬਾਅਦ ਪੁਲਸ ਨੇ ਡੂਮਵਾਲੀ ਨੇੜੇ ਮੁਲਜ਼ਮ ਸੋਨੂੰ ਤੇ ਪੰਕਜ ਸ਼ਰਮਾ ਨੂੰ ਗ੍ਰਿਫਤਾਰ ਕਰ ਉਨ੍ਹਾਂ ਕੋਲੋਂ ਸਾਢੇ 9 ਲੱਖ ਰੁਪਏ ਦੀ ਨਕਲੀ ਕਰੰਸੀ ਬਰਾਮਦ ਕੀਤੀ। ਦੋਸ਼ੀਆਂ ਦੀ ਨਿਸ਼ਾਨਦੇਹੀ 'ਤੇ ਪੁਲਸ ਨੇ ਨਕਲੀ ਕਰੰਸੀ ਛਾਪਣ ਵਾਲਾ ਪ੍ਰਿੰਟਰ ਅਤੇ ਸਿਆਹੀ ਨੂੰ ਬਰਾਮਦ ਕੀਤਾ। ਮੁਲਜ਼ਮ ਅਸਲੀ 20 ਹਜ਼ਾਰ ਰੁਪਏ ਦੀ ਕਰੰਸੀ ਲੈ ਕੇ ਲੋਕਾਂ ਨੂੰ ਇਕ ਲੱਖ ਰੁਪਏ ਦੀ ਨਕਲੀ ਕਰੰਸੀ ਦਿੰਦੇ ਸਨ।