ਜਾਇਦਾਦ ਵਿਵਾਦ ਕਾਰਨ ਕੌਂਸਲਰ ’ਤੇ ਚਲਾਈਅਾਂ ਗੋਲੀਅਾਂ

Monday, Jun 11, 2018 - 01:25 AM (IST)

ਗੁਰਦਾਸਪੁਰ,   (ਵਿਨੋਦ)-  ਸਿਟੀ  ਪੁਲਸ ਸਟੇਸ਼ਨ ਗੁਰਦਾਸਪੁਰ ਦੇ ਇੰਚਾਰਜ ਸ਼ਾਮ ਲਾਲ ਅਨੁਸਾਰ ਸ਼ਿਕਾਇਤਕਰਤਾ ਕੌਂਸਲਰ ਸੁਧੀਰ  ਮਹਾਜਨ ਨੇ ਪੁਲਸ ਨੂੰ ਦਿੱਤੇ ਬਿਆਨ ’ਚ ਕਿਹਾ ਹੈ ਕਿ ਉਹ ਬੀਤੀ ਰਾਤ ਲਗਭਗ 11.30 ਵਜੇ  ਆਪਣੇ ਇਕ ਦੋਸਤ ਰਾਜੂ ਨਾਲ ਢਾਬੇ ਤੋਂ ਖਾਣਾ ਖਾ ਕੇ ਮੋਟਰਸਾਈਕਲ ’ਤੇ ਘਰ ਵਾਪਸ ਆ ਰਿਹਾ  ਸੀ ਕਿ ਅਜੇ ਉਹ ਮਹਾਰਿਸ਼ੀ ਰਵੀਦਾਸ ਚੌਕ ਤੋਂ ਕੁਝ ਅੱਗੇ ਹੀ ਪਹੁੰਚੇ ਸੀ ਕਿ ਪਿਛੇ ਤੋਂ ਇਕ  ਕਾਰ ਆਈ, ਜਿਸ ਵਿਚ ਅਨਿਲ ਅਗਰਵਾਲ ਦਾ ਭਰਾ ਕੌਂਸਲਰ ਸੰਜੀਵ ਅਗਰਵਾਲ ਅਤੇ ਉਸ ਦਾ ਦੋਸਤ  ਪਰਮਿੰਦਰ ਸਿੰਘ ਸੋਢੀ ਸੀ। ਕਾਰ ਨੂੰ ਸੋਢੀ ਚਲਾ ਰਿਹਾ ਸੀ ਅਤੇ ਸੰਜੀਵ ਅਗਰਵਾਲ ਉਸ ਦੇ  ਨਾਲ ਬੈਠਾ ਸੀ। ਜਿਵੇਂ ਹੀ ਇਹ ਕਾਰ ਸਾਡੇ ਮੋਟਰਸਾਈਕਲ ਦੇ ਬਰਾਬਰ ਆਈ ਤਾਂ ਸੰਜੀਵ ਅਗਰਵਾਲ  ਉਰਫ਼ ਬਾਂਟੂ ਨੇ ਮੇਰੇ ’ਤੇ ਰਿਵਾਲਵਰ ਨਾਲ 3 ਫਾਇਰ ਕੀਤੇ, ਜਿਸ ਵਿਚੋਂ ਦੋ ਮੇਰੇ ਕੰਨ  ਕੋਲੋਂ ਅਤੇ ਇਕ ਸਿਰ ਦੇ ਉਪਰ ਤੋਂ ਨਿਕਲ ਗਿਆ। ਫਾਇਰ ਕਰ ਕੇ ਕੌਂਸਲਰ ਸੰਜੀਵ ਅਗਵਾਲ ਤੇ  ਉਸ ਦੇ ਨਾਲ ਪਰਮਿੰਦਰ ਸੋਢੀ ਮੈਨੂੰ ਗਾਲਾਂ ਤੇ ਧਮਕੀਆ ਦਿੰਦੇ ਹੋਏ ਕਾਰ ਭਜਾ ਕੇ ਲੈ ਗਏ।   ਪੁਲਸ ਅਧਿਕਾਰੀ ਨੇ ਦੱਸਿਆ ਕਿ ਸੁਧੀਰ ਮਹਾਜਨ ਨੇ ਇਸ ਦੀ ਸ਼ਿਕਾਇਤ ਬੀਤੀ ਰਾਤ 181 ਪੁਲਸ  ਕੰਟਰੋਲ ਰੂਮ ’ਤੇ ਕਰ ਦਿੱਤੀ ਸੀ, ਜਦਕਿ ਅੱਜ ਸਵੇਰੇ ਸਿਟੀ ਪੁਲਸ ਨੂੰ ਲਿਖਤੀ ਸ਼ਿਕਾਇਤ  ਕੀਤੀ ਗਈ। ਇਸ ਸੰਬੰਧੀ ਜਾਂਚ ਪਡ਼ਤਾਲ ਕਰਨ  ਤੋਂ ਬਾਅਦ ਮੁਲਜ਼ਮ ਕੌਂਸਲਰ ਸੰਜੀਵ ਅਗਰਵਾਲ  ਤੇ ਉਸ ਦੇ ਦੋਸਤ ਪਰਮਿੰਦਰ ਸੋਢੀ ’ਤੇ ਧਾਰਾ 307,34 ਅਤੇ 25-54-59 ਅਧੀਨ ਕੇਸ ਦਰਜ ਕਰ  ਕੇ ਦੋਸ਼ੀਆਂ ਦੀ ਤਾਲਾਸ਼ ਸ਼ੁਰੂ ਕਰ ਦਿੱਤੀ ਗਈ ਹੈ। ਪੁਲਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ  ਚਾਹੇ ਜਿੰਨਾਂ ਵੀ ਤਾਕਤਵਾਰ ਹੋਵੇ ਕਿਸੇ ਨੂੰ ਵੀ ਕਾਨੂੰਨ ਵਿਵਸਥਾ ਵਿਗਡ਼ਾਨ ਦੀ ਇਜ਼ਾਜਤ  ਨਹੀਂ ਦਿੱਤੀ ਜਾ ਸਕਦੀ। 
ਕੀ ਹੈ ਮਾਮਲਾ
ਸ਼ਿਕਾਇਤਕਰਤਾ ਕੌਂਸਲਰ ਸੁਧੀਰ  ਮਹਾਜਨ ਗੁਰਦਾਸਪੁਰ ਨੇ ਦੱਸਿਆ ਕਿ ਕੁਝ  ਦਿਨ ਪਹਿਲਾ ਉਸਦੇ ਕਿਸੇ  ਨਜ਼ਦੀਕੀ ਰਿਸ਼ਤੇਦਾਰ ਨੇ ਸਦਰ ਬਾਜ਼ਾਰ ’ਚ ਇਕ ਦੁਕਾਨ ਖਰੀਦੀ ਹੈ। ਇਸ ਦੁਕਾਨ ਦੇ ਪਿਛੇ ਕਾਂਗਰਸੀ ਕੌਸ਼ਲਰ ਸੰਜੀਵ ਅਗਰਵਾਲ ਉਰਫ ਬਾਂਟੂ ਵਾਸੀ ਗੁਰਦਾਸਪੁਰ ਦੇ ਭਰਾ ਅਨਿਲ ਅਗਰਵਾਲ ਦਾ ਮਕਾਨ ਹੈ ਅਤੇ ਨਾਲ ਦੁਕਾਨ ਲਗਦੀ ਹੈ। ਉਸਨੇ ਦੱਸਿਆ ਕਿ ਉਹ ਕੁਝ ਦਿਨਾਂ ਤੋਂ ਉਕਤ ਦੁਕਾਨ ਦੀ ਮੁਰੰਮਤ ਕਰਵਾ ਰਿਹਾ ਸੀ ਪਰ ਉਸਦਾ ਮੁਲਜ਼ਮ ਦਾ ਭਰਾ ਨਾਲ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਸਾਡੇ ਨਾਲ ਝਗਡ਼ਾ ਚਲ ਰਿਹਾ ਹੈ। ਪਹਿਲਾ ਮੇਰੇ ਮਿਸਤਰੀ ਦੀ  ਕੁੱਟ-ਮਾਰ ਕਰ ਕੇ ਸਿਰ ਭੰਨ ਦਿੱਤਾ ਗਿਆ। ਉਸਦੇ  ਅਨੁਸਾਰ ਪਹਿਲਾ ਇਸ ਦੁਕਾਨ ਦਾ ਸੌਦਾ ਮੁਲਜ਼ਮ ਦੇ ਭਰਾ ਅਨਿਲ ਅਗਰਵਾਲ ਨਾਲ ਹੋਇਆ ਸੀ, ਪਰ ਕਿਸੇ ਕਾਰਨ ਸਿਰੇ ਨਹੀਂ ਚਡ਼੍ਹਿਆ, ਜਿਸ ’ਤੇ ਇਹ ਦੁਕਾਨ ਮੇਰੇ ਰਿਸ਼ਤੇਦਾਰਾਂ ਨੇ ਖਰੀਦ ਲਈ। ਉਦੋਂ ਤੋਂ ਹੀ ਮੇਰੇ ਨਾਲ ਰੰਜਿਸ਼ ਚਲ ਰਹੀ ਹੈ।
 


Related News