ਕਾਂਗਰਸ ਦੇ 10 ਬਾਗੀ ਕੌਂਸਲਰ ਕਰ ਸਕਦੇ ਨੇ ਵੱਡਾ ਸਿਆਸੀ ਧਮਾਕਾ, ਵੜਿੰਗ ਦੇ ਜੱਦੀ ਜ਼ਿਲ੍ਹੇ 'ਚ ਉੱਠੇ ਬਾਗੀ ਸੁਰ

Sunday, Jul 23, 2023 - 02:35 AM (IST)

ਕਾਂਗਰਸ ਦੇ 10 ਬਾਗੀ ਕੌਂਸਲਰ ਕਰ ਸਕਦੇ ਨੇ ਵੱਡਾ ਸਿਆਸੀ ਧਮਾਕਾ, ਵੜਿੰਗ ਦੇ ਜੱਦੀ ਜ਼ਿਲ੍ਹੇ 'ਚ ਉੱਠੇ ਬਾਗੀ ਸੁਰ

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਸਿੰਘ ਰਿਣੀ): ਕਰੀਬ 3 ਮਹੀਨੇ ਪਹਿਲਾ ਕਾਂਗਰਸ ਤੋਂ ਅਸਤੀਫ਼ਾ ਦੇ ਚੁੱਕੇ ਕਾਂਗਰਸ ਦੇ ਬਾਗੀ ਕੌਂਸਲਰਾਂ ਦੇ ਨਗਰ ਕੌਂਸਲ ਸ੍ਰੀ ਮੁਕਤਸਰ ਸਾਹਿਬ ਦੇ ਕਾਂਗਰਸੀ ਪ੍ਰਧਾਨ ਕ੍ਰਿਸ਼ਨ ਕੁਮਾਰ ਸੰਮ੍ਹੀ ਤੇਰ੍ਹੀਆਂ ਵਿਰੁੱਧ ਬਗਾਵਤੀ ਸੁਰ ਫਿਲਹਾਲ ਜਾਰੀ ਹਨ। ਕਾਂਗਰਸ ਨਾਲ ਸਬੰਧਤ 10 ਕੌਂਸਲਰ ਜਲਦ ਹੀ ਰਾਜਸੀ ਧਮਾਕਾ ਕਰਨ ਦੀ ਆੜ ਵਿਚ ਹਨ ਅਤੇ ਸ੍ਰੀ ਮੁਕਤਸਰ ਸਾਹਿਬ ਨਗਰ ਕੌਂਸਲ ਪ੍ਰਧਾਨਗੀ ਦੇ ਮਾਮਲੇ ਵਿਚ ਮੋਗਾ ਨਗਰ ਨਿਗਮ ਵਾਲਾ ਇਤਿਹਾਸ ਦੁਹਰਾਇਆ ਜਾ ਸਕਦਾ ਹੈ। ਅੱਜ ਸ੍ਰੀ ਮੁਕਤਸਰ ਸਾਹਿਬ ਰੋਡ ਦੇ ਕੋਟਕਪੂਰਾ ਬਾਈਪਾਸ ਵਿਖੇ ਇਕੱਤਰ ਹੋਏ ਕਾਂਗਰਸ ਦੇ ਬਾਗੀ 10 ਕੌਂਸਲਰਾਂ ਨੇ ਕਿਹਾ ਕਿ ਜਦ ਉਨ੍ਹਾਂ ਕਾਂਗਰਸ ਤੋਂ ਅਸਤੀਫ਼ੇ ਦਿੱਤੇ ਸਨ ਤਾਂ ਇਸ ਦਰਮਿਆਨ ਕਾਂਗਰਸ ਦੇ ਜ਼ਿਲ੍ਹਾ ਪੱਧਰ ਦੇ ਆਗੂਆਂ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਅਤੇ ਇਹ ਵਾਅਦਾ ਕੀਤਾ ਸੀ ਕਿ ਜਲੰਧਰ ਲੋਕ ਸਭਾ ਚੋਣ ਤੋਂ ਬਾਅਦ ਨਗਰ ਕੌਂਸਲ ਪ੍ਰਧਾਨ ਕ੍ਰਿਸ਼ਨ ਕੁਮਾਰ ਸੰਮ੍ਹੀ ਤੇਰ੍ਹੀਆਂ ਅਸਤੀਫ਼ਾ ਦੇ ਦੇਣਗੇ। 

ਇਹ ਖ਼ਬਰ ਵੀ ਪੜ੍ਹੋ - CBSE ਦਾ ਇਤਿਹਾਸਕ ਫ਼ੈਸਲਾ: ਹੁਣ ਪੰਜਾਬੀ ਸਣੇ 22 ਭਾਸ਼ਾਵਾਂ ਵਿਚ ਸਿੱਖਿਆ ਲੈ ਸਕਣਗੇ ਵਿਦਿਆਰਥੀ

ਬਾਗੀ ਕੌਂਸਲਰਾਂ ਅਨੁਸਾਰ ਉਨ੍ਹਾਂ ਇਕ ਹੀ ਮੰਗ ਰੱਖੀ ਸੀ ਕਿ ਸੰਮ੍ਹੀ ਤੇਰ੍ਹੀਆਂ ਨੂੰ ਪ੍ਰਧਾਨਗੀ ਤੋਂ ਹਟਾਇਆ ਜਾਵੇ ਪਰ ਲੰਮਾਂ ਸਮਾਂ ਪੈਣ ਦੇ ਬਾਵਜੂਦ ਸੰਮ੍ਹੀ ਤੇਰ੍ਹੀਆਂ ਦਾ ਪ੍ਰਧਾਨਗੀ ਤੋਂ ਅਸਤੀਫ਼ਾ ਨਹੀਂ ਲਿਆ ਗਿਆ। ਜਿਸ ਦੇ ਚੱਲਦਿਆਂ ਉਹ ਰਾਜਸੀ ਤੌਰ 'ਤੇ ਹੁਣ ਹੋਰ ਰਾਹ ਚੁਣਨ ਲਈ ਮਜ਼ਬੂਰ ਹਨ ਕਿਉਂਕਿ ਕਾਂਗਰਸ ਦਾ ਪ੍ਰਧਾਨ ਹੋਣ ਦੇ ਬਾਵਜੂਦ ਉਨ੍ਹਾਂ ਦੇ ਵਾਰਡਾਂ ਵਿਚ ਕੰਮ ਨਹੀਂ ਹੋ ਰਹੇ ਅਤੇ ਉਹ ਆਪਣੇ ਵਾਰਡ ਦੇ ਲੋਕਾਂ ਨੂੰ ਜਵਾਬਦੇਹ ਹਨ। ਕਾਂਗਰਸੀ ਕੌਂਸਲਰ ਗੁਰਿੰਦਰ ਸਿੰਘ ਕੋਕੀ ਬਾਵਾ, ਯਾਦਵਿੰਦਰ ਸਿੰਘ ਯਾਦੂ, ਗੁਰਪ੍ਰੀਤ ਸਿੰਘ ਬਰਾੜ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਦਾ ਪ੍ਰਧਾਨ ਹੋਣ ਦੇ ਬਾਵਜੂਦ ਵੀ ਬੀਤੇ ਕਰੀਬ 2 ਸਾਲ ਤੋਂ ਵਾਰਡਾਂ ਦੇ ਕੰਮ ਨਹੀਂ ਹੋ ਰਹੇ ਜਿਸ ਦੇ ਚੱਲਦਿਆਂ ਉਨ੍ਹਾਂ ਇਹ ਕਦਮ ਚੁੱਕਿਆ। ਵਾਰਡਾਂ ਵਿਚ ਲੋਕ ਹਿੱਤਾਂ ਦੇ ਕੰਮਾਂ ਨੂੰ ਕਰਨ ਲਈ ਤਤਕਾਲੀ ਜ਼ਿਲ੍ਹਾ ਪ੍ਰਧਾਨ ਹਰਚਰਨ ਸਿੰਘ ਸੋਥਾ ਬਰਾੜ ਅਤੇ ਕਾਂਗਰਸ ਦੇ ਸਾਬਕਾ ਵਿਧਾਇਕ ਕਰਨ ਕੌਰ ਬਰਾੜ ਨੇ ਵੀ ਨਗਰ ਕੌਂਸਲ ਪ੍ਰਧਾਨ ਨੂੰ ਫੋਨ ਕੀਤੇ, ਪਰ ਇਸ ਦੇ ਬਾਵਜੂਦ ਹਾਲਾਤ ਜਿਉਂ ਦੀ ਤਿਉਂ ਰਹੇ। ਉਨ੍ਹਾਂ ਦੀ ਕਾਂਗਰਸ ਤੋਂ ਇਕ ਹੀ ਮੰਗ ਸੀ ਕਿ ਕਾਂਗਰਸ ਕੋਲ ਨਗਰ ਕੌਂਸਲ ਵਿਚ ਬਹੁਮਤ ਹੈ ਅਤੇ ਮੌਜੂਦਾ ਪ੍ਰਧਾਨ ਨੂੰ ਪਾਸੇ ਕਰ ਹੋਰ ਜਿਸ ਮਰਜ਼ੀ ਕਾਂਗਰਸੀ ਨੂੰ ਪ੍ਰਧਾਨ ਬਣਾ ਦਿੱਤਾ ਜਾਵੇ। ਪਰ ਉਨ੍ਹਾਂ ਦੀ ਪਾਰਟੀ ਵਿਚ ਨਹੀਂ ਸੁਣੀ ਗਈ ਤਾਂ ਉਨ੍ਹਾਂ ਪਾਰਟੀ ਤੋਂ ਅਸਤੀਫ਼ਾ ਦਿੱਤਾ। ਕਾਂਗਰਸੀ ਕੌਂਸਲਰਾਂ ਨੇ ਕਿਹਾ ਕਿ ਕਾਂਗਰਸ ਦੇ ਪੰਜਾਬ ਪ੍ਰਧਾਨ ਦਾ ਜੱਦੀ ਜਿਲ੍ਹਾ ਹੋਣ ਦੇ ਬਾਵਜੂਦ ਵੀ ਕਾਂਗਰਸੀ ਕੌਂਸਲਰਾਂ ਦੀ ਪਾਰਟੀ ਵਿਚ ਹੀ ਸੁਣਵਾਈ ਨਾ ਹੋਣ ਦੇ ਚਲਦਿਆਂ ਉਹ ਆਉਣ ਵਾਲੇ ਦਿਨਾਂ ਵਿਚ ਆਪਣੇ ਸਮਰਥਕਾਂ ਨਾਲ ਵਿਚਾਰ ਵਟਾਂਦਰਾ ਕਰਕੇ ਰਾਜਸੀ ਤੌਰ 'ਤੇ ਅਗਲੇਰਾ ਕਦਮ ਚੁੱਕਣਗੇ। ਇਸ ਦੌਰਾਨ ਉਨ੍ਹਾਂ ਕਿਹਾ ਕਿ ਉਹ 10 ਕਾਂਗਰਸੀ ਕੌਂਸਲਰ ਇਕਜੁੱਟ ਹਨ ਅਤੇ ਜੋ ਵੀ ਫ਼ੈਸਲਾ ਲਿਆ ਜਾਵੇਗਾ ਇਕਜੁੱਟ ਹੋ ਕਿ ਲਿਆ ਜਾਵੇਗਾ। ਇਸ ਮੌਕੇ ਗੁਰਸ਼ਰਨ ਸਿੰਘ ਸ਼ਰਨਾ ਕੌਂਸਲਰ, ਮਹਿੰਦਰ ਚੌਧਰੀ ਕੌਂਸਲਰ ਸਾਬਕਾ ਕੌਂਸਲਰ ਗੁਰਮੀਤ ਸਿੰਘ ਜੀਤਾ, ਰਾਜਬੀਰ ਸਿੰਘ ਬਿੱਟਾ ਵੀ ਹਾਜ਼ਰ ਸਨ।

ਇਹ ਖ਼ਬਰ ਵੀ ਪੜ੍ਹੋ - Breaking: ਫਗਵਾੜਾ ਪੁਲਸ ਨੂੰ ਮਿਲੀ ਵੱਡੀ ਸਫ਼ਲਤਾ, ਪਤੀ-ਪਤਨੀ ਨੂੰ ਅਗਵਾ ਕਰਨ ਵਾਲੇ ਨਿਹੰਗ ਸਿੰਘ ਗ੍ਰਿਫ਼ਤਾਰ

ਇਹ ਹਨ ਨਗਰ ਕੌਂਸਲ ਦੇ ਅੰਕੜੇ

ਸ੍ਰੀ ਮੁਕਤਸਰ ਸਾਹਿਬ ਨਗਰ ਕੌਂਸਲ ਦੇ 31 ਕੌਂਸਲਰਾਂ ਵਿਚੋਂ 17 ਕੌਂਸਲਰ ਕਾਂਗਰਸ ਨਾਲ ਸਬੰਧਿਤ ਹਨ ਜਿਸ ਦੇ ਚਲਦਿਆਂ ਪ੍ਰਧਾਨਗੀ ਦੀ ਕੁਰਸੀ ਕਾਂਗਰਸ ਕੋਲ ਹੈ। ਕਾਂਗਰਸ ਦੇ ਕ੍ਰਿਸ਼ਨ ਕੁਮਾਰ ਸੰਮ੍ਹੀ ਤੇਰ੍ਹੀਆਂ ਨਗਰ ਕੌਂਸਲ ਦੇ ਪ੍ਰਧਾਨ ਹਨ। ਕਾਂਗਰਸ ਦੇ 10 ਕੌਂਸਲਰ ਉਨ੍ਹਾਂ ਦਾ ਲਗਾਤਾਰ ਵਿਰੋਧ ਕਰ ਰਹੇ ਹਨ ਅਤੇ ਕਰੀਬ 3 ਮਹੀਨੇ ਪਹਿਲਾ ਇਨ੍ਹਾਂ ਕੌਂਸਲਰਾਂ ਨੇ ਪਾਰਟੀ ਤੋਂ ਅਸਤੀਫ਼ੇ ਵੀ ਦੇ ਦਿੱਤੇ, ਇਸ ਦੌਰਾਨ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸੁਭਦੀਪ ਸਿੰਘ ਬਿੱਟੂ ਇਨ੍ਹਾਂ ਨੂੰ ਜਲਦ ਮਨਾਉਣ ਦੇ ਬਿਆਨ ਜਰੂਰ ਦਿੰਦੇ ਰਹੇ, ਪਰ ਇਹ 10 ਕੌਂਸਲਰ ਇੱਕਜੁੱਟ ਹੋ ਕਿ ਡਟੇ ਰਹੇ। ਬੀਤੇ ਕਰੀਬ 3 ਮਹੀਨੇ ਤੋਂ ਪਾਰਟੀ ਦੀ ਹਾਈਕਮਾਂਡ ਵੱਲ ਦੇਖ ਰਹੇ ਇਹ ਕੌਂਸਲਰ ਹੁਣ ਰਾਜਸੀ ਤੌਰ ਤੇ ਬਦਲ ਦੇ ਮੂਡ ਵਿਚ ਨਜ਼ਰ ਆ ਰਹੇ ਹਨ ਅਤੇ ਜੇਕਰ ਅਜਿਹਾ ਹੁੰਦਾ ਹੈ ਤਾਂ ਕਾਂਗਰਸ ਦੇ 17 ਚੋਂ 10 ਕੌਂਸਲਰ ਕਿਸੇ ਹੋਰ ਰਾਜਸੀ ਪਾਰਟੀ ਦਾ ਝੰਡਾ ਫੜ੍ਹ ਸਕਦੇ ਹਨ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ADGP ਐੱਮ.ਐੱਫ. ਫਾਰੂਕੀ ਦੀ ਪਾਇਲਟ ਗੱਡੀ ਨਾਲ ਵਾਪਰਿਆ ਹਾਦਸਾ, ਜਲੰਧਰ ਤੋਂ ਜਾ ਰਹੇ ਸੀ ਬਠਿੰਡਾ

ਪੰਜਾਬ ਪ੍ਰਧਾਨ ਦੇ ਜੱਦੀ ਜ਼ਿਲ੍ਹੇ ਵਿਚ ਬਗਾਵਤ ਵਿਰੋਧੀਆਂ ਦੇ ਆ ਸਕਦੀ ਰਾਸ

ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਨਾਲ ਸਬੰਧਿਤ ਹਨ। ਜਦ ਇਨ੍ਹਾਂ 10 ਕਾਂਗਰਸੀ ਕੌਂਸਲਰਾਂ ਨੇ ਅਸਤੀਫ਼ਾ ਦਿੱਤਾ ਸੀ ਤਾਂ ਉਸ ਸਮੇਂ ਵੀ ਰਾਜਾ ਵੜਿੰਗ ਦੇ ਮਾਮਾ ਅਤੇ ਸਾਬਕਾ ਜਿਲ੍ਹਾ ਪ੍ਰਧਾਨ ਹਰਚਰਨ ਸਿੰਘ ਸੋਥਾ ਨੇ ਇਨ੍ਹਾਂ ਨਾਲ ਮੀਟਿੰਗ ਕਰਕੇ ਇਨ੍ਹਾਂ ਨੂੰ ਮਸਲੇ ਦੇ ਹੱਲ ਦਾ ਵਿਸਵਾਸ ਦਿਵਾਇਆ ਸੀ। ਪਰ ਲਗਾਤਾਰ ਪਾਰਟੀ ਹਾਈਕਮਾਂਡ ਵੱਲ ਤੱਕਦੇ ਰਹੇ ਇਹ ਕੌਂਸਲਰ ਜੇਕਰ ਹੁਣ ਸੱਤਾਧਾਰੀ ਆਮ ਆਦਮੀ ਪਾਰਟੀ ਜਾਂ ਕਿਸੇ ਹੋਰ ਪਾਰਟੀ ਵਿਚ ਜਾਂਦੇ ਹਨ ਤਾਂ ਸ੍ਰੀ ਮੁਕਤਸਰ ਸਾਹਿਬ ਨਗਰ ਕੌਂਸਲ ਵਿਖੇ ਵੀ ਮੋਗਾ ਨਗਰ ਨਿਗਮ ਵਾਲਾ ਵਰਤਾਰਾ ਹੋ ਸਕਦਾ ਹੈ ਅਤੇ ਪੰਜਾਬ ਪ੍ਰਧਾਨ ਦੇ ਆਪਣੇ ਜੱਦੀ ਜ਼ਿਲ੍ਹੇ ਵਿਚ ਅਜਿਹਾ ਹੋਣਾ ਕਾਂਗਰਸ ਦੀਆਂ ਵਿਰੋਧੀ ਧਿਰਾਂ ਨੂੰ ਰਾਸ ਆ ਸਕਦਾ ਹੈ।

ਨੋਟ - ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Anmol Tagra

Content Editor

Related News