ਕੌਂਸਲਰ ਕਤਲ ਕਾਂਡ ''ਚ ਜੱਗੂ ਭਗਵਾਨਪੁਰੀਆ ਸਮੇਤ 6 ਖਿਲਾਫ ਦੋਸ਼ ਤੈਅ

08/23/2019 7:01:07 PM

ਅੰਮ੍ਰਿਤਸਰ (ਮਹਿੰਦਰ) : ਗੋਲ ਬਾਗ ਸਟੇਡੀਅਮ 'ਚ ਪਿਛਲੇ ਸਾਲ ਕਾਂਗਰਸੀ ਕੌਂਸਲਰ ਗੁਰਦੀਪ ਪਹਿਲਵਾਨ ਦੀ ਹੱਤਿਆ ਕੀਤੇ ਜਾਣ ਦੇ ਮਾਮਲੇ 'ਚ ਵੀਰਵਾਰ ਨੂੰ ਜ਼ਿਲਾ ਅਤੇ ਸੈਸ਼ਨ ਜੱਜ ਪੁਸ਼ਵਿੰਦਰ ਸਿੰਘ ਦੀ ਅਦਾਲਤ ਨੇ ਖਤਰਨਾਕ ਗੈਂਗਸਟਰ ਜੱਗੂ ਭਗਵਾਨਪੁਰੀਆ ਸਮੇਤ ਕੁਲ 6 ਕਥਿਤ ਦੋਸ਼ੀਆਂ ਖਿਲਾਫ ਹੱਤਿਆ ਦੇ ਦੋਸ਼ ਨਿਰਧਾਰਤ ਕਰ ਦਿੱਤੇ ਹਨ। ਇਸ ਮਾਮਲੇ 'ਚ ਅਗਲੀ ਸੁਣਵਾਈ ਲਈ ਅਦਾਲਤ ਨੇ ਹੁਣ 5 ਸਤੰਬਰ ਦੀ ਤਰੀਕ ਨਿਸ਼ਚਿਤ ਕੀਤੀ ਹੈ।

ਕੀ ਸੀ ਮਾਮਲਾ 
2-6-2018 ਨੂੰ ਗੋਲ ਬਾਗ ਸਟੇਡੀਅਮ 'ਚ ਕੁਝ ਗੈਂਗਸਟਰਾਂ ਨੇ ਕਾਂਗਰਸੀ ਕੌਂਸਲਰ ਗੁਰਦੀਪ ਪਹਿਲਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ। ਥਾਣਾ ਸਿਵਲ ਲਾਈਨ ਦੀ ਪੁਲਸ ਨੇ 3-6-2018 ਨੂੰ ਪਹਿਲੇ ਪੜਾਅ ਵਿਚ ਅਣਪਛਾਤੇ ਵਿਅਕਤੀਆਂ ਖਿਲਾਫ ਭ.ਦ.ਸ. ਦੀ ਧਾਰਾ 302/148/149/120-ਬੀ ਤਹਿਤ ਮੁਕੱਦਮਾ ਨੰਬਰ 264/2018 ਦਰਜ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਸੀ। ਪੁਲਸ ਅਨੁਸਾਰ ਮਾਮਲੇ ਦੀ ਜਾਂਚ 'ਚ ਇਹ ਸਾਹਮਣੇ ਆਇਆ ਸੀ ਕਿ ਜੇਲ 'ਚ ਬੰਦ ਜਗਦੀਪ ਸਿੰਘ ਉਰਫ ਜੱਗੂ ਭਗਵਾਨਪੁਰੀਆ ਨੇ ਆਪਣੇ ਕੁਝ ਸਾਥੀਆਂ ਜ਼ਰੀਏ ਗੁਰਦੀਪ ਪਹਿਲਵਾਨ ਦੀ ਹੱਤਿਆ ਕਰਵਾਈ ਸੀ।

ਪੁਲਸ ਨੇ ਇਸ ਮਾਮਲੇ 'ਚ ਜੱਗੂ ਭਗਵਾਨਪੁਰੀਆ ਤੋਂ ਇਲਾਵਾ ਗੈਂਗਸਟਰ ਭੁਪਿੰਦਰ ਸਿੰਘ ਉਰਫ ਸੋਨੂੰ ਕੰਗਲਾ, ਸਾਗਰ ਉਰਫ ਬੌਬੀ ਮਲਹੋਤਰਾ, ਰਵਨੀਤ ਸਿੰਘ ਉਰਫ ਸੋਨੂੰ ਮੋਟਾ, ਕਾਰਤਿਕ ਉਰਫ ਘੋੜਾ ਤੇ ਅਮਨਪ੍ਰੀਤ ਸਿੰਘ ਉਰਫ ਰਿੰਕਾ ਤੋਂ ਇਲਾਵਾ ਕਰਨ ਮਸਤੀ ਸਮੇਤ ਕੁਝ ਹੋਰ ਦੋਸ਼ੀਆਂ ਨੂੰ ਵੀ ਨਾਮਜ਼ਦ ਕੀਤਾ ਸੀ, ਜਿਨ੍ਹਾਂ 'ਚੋਂ ਕੁਝ ਦੋਸ਼ੀਆਂ ਨੂੰ ਭਗੌੜਾ ਐਲਾਨਿਆ ਜਾ ਚੁੱਕਾ ਹੈ।

ਜੱਗੂ ਨੂੰ ਵੱਖ ਤੇ ਹੋਰਾਂ ਨੂੰ ਵੱਖ ਲਿਜਾਇਆ ਗਿਆ ਬਾਹਰ
ਸਾਰੇ ਦੋਸ਼ੀਆਂ ਨੂੰ ਵੀਰਵਾਰ ਸਥਾਨਕ ਟਰਾਇਲ ਕੋਰਟ 'ਚ ਪੇਸ਼ੀ ਲਈ ਸਖਤ ਸੁਰੱਖਿਆ 'ਚ ਲਿਜਾਇਆ ਗਿਆ। ਅਦਾਲਤ 'ਚ ਉਨ੍ਹਾਂ ਦੀ ਪੇਸ਼ੀ ਕਰਵਾਏ ਜਾਣ ਤੋਂ ਬਾਅਦ ਸਾਰੇ ਦੋਸ਼ੀਆਂ ਨੂੰ ਵੱਖ-ਵੱਖ ਪੁਲਸ ਕਰਮਚਾਰੀਆਂ ਵੱਲੋਂ ਅਦਾਲਤ ਤੋਂ ਬਾਹਰ ਲਿਜਾਇਆ ਜਾ ਰਿਹਾ ਸੀ, ਜੱਗੂ ਭਗਵਾਨਪੁਰੀਆ ਨੂੰ ਅਖੀਰ 'ਚ ਅਦਾਲਤ ਤੋਂ ਬਾਹਰ ਲਿਜਾਇਆ ਗਿਆ।


Gurminder Singh

Content Editor

Related News