ਭ੍ਰਿਸ਼ਟਾਚਾਰ ਰੋਕਣ ਲਈ ਵਿਜੀਲੈਂਸ ਕਿਉਂ ਚੱਲ ਰਹੀ ਹੈ ਕਛੂਏ ਦੀ ਚਾਲ

Tuesday, Dec 11, 2018 - 02:51 PM (IST)

ਭ੍ਰਿਸ਼ਟਾਚਾਰ ਰੋਕਣ ਲਈ ਵਿਜੀਲੈਂਸ ਕਿਉਂ ਚੱਲ ਰਹੀ ਹੈ ਕਛੂਏ ਦੀ ਚਾਲ

ਜਲੰਧਰ (ਬੁਲੰਦ)— ਭ੍ਰਿਸ਼ਟਾਚਾਰ ਨੂੰ ਰੋਕਣ ਲਈ ਬਣਾਏ ਗਏ ਵਿਜੀਲੈਂਸ ਵਿਭਾਗ ਨੇ ਕੁਝ ਮਹੀਨੇ ਪਹਿਲਾਂ ਬੜੀ ਤੇਜ਼ੀ ਦਿਖਾਉਂਦੇ ਹੋਏ ਲਗਾਤਾਰ ਛਾਪੇ ਮਾਰ ਕੇ ਰਿਸ਼ਵਤਖੋਰਾਂ ਨੂੰ ਦਬੋਚਿਆ ਸੀ, ਜਿਸ ਨਾਲ ਵਿਜੀਲੈਂਸ ਵਿਭਾਗ ਆਮ ਜਨਤਾ ਦੀਆਂ ਨਜ਼ਰਾਂ 'ਚ ਹੀਰੋ ਬਣ ਗਿਆ ਸੀ ਪਰ ਉਸ ਤੋਂ ਬਾਅਦ ਕਈ ਕੇਸਾਂ ਵਿਚ ਜਾਂਚ ਨਾ ਹੋਣ ਕਾਰਨ ਅਤੇ ਆਰ. ਟੀ. ਏ. ਆਫਿਸ 'ਚ ਫੈਲੇ ਭ੍ਰਿਸ਼ਟਾਚਾਰ 'ਤੇ ਸਖਤੀ ਨਾਲ ਪਾਬੰਦੀ ਨਾ ਲਾਉਣ ਕਾਰਨ ਵਿਜੀਲੈਂਸ ਵਿਭਾਗ ਸਵਾਲਾਂ ਦੇ ਘੇਰੇ ਵਿਚ ਹੈ। ਸੂਤਰਾਂ ਅਨੁਸਾਰ ਵਿਜੀਲੈਂਸ ਵਿਭਾਗ ਵੱਲੋਂ ਬੀਤੇ ਦਿਨ ਆਰ. ਟੀ. ਏ. ਦਫਤਰ ਦੇ 3 ਕਲਰਕਾਂ ਨੂੰ ਦਫਤਰ 'ਚ ਪੁੱਛਗਿੱਛ ਲਈ ਬੁਲਾਇਆ ਗਿਆ ਸੀ ਪਰ ਬੀਤੇ ਦਿਨ ਉਨ੍ਹਾਂ ਤੋਂ ਕੋਈ ਪੁੱਛਗਿੱਛ ਹੋ ਹੀ ਨਹੀਂ ਸਕੀ, ਕਿਉਂਕਿ ਸਬੰਧਤ ਅਧਿਕਾਰੀ ਨੂੰ ਕਿਸੇ ਕੰਮ ਕਾਰਨ ਬਾਹਰ ਜਾਣਾ ਪਿਆ। ਸੂਤਰਾਂ ਅਨੁਸਾਰ ਕੱਲ ਦੋਬਾਰਾ ਤਿੰਨਾਂ ਕਲਰਕਾਂ ਨੂੰ ਬੁਲਾਇਆ ਜਾ ਰਿਹਾ ਹੈ। ਸਵਾਲ ਇਹ ਵੀ ਉੱਠ ਰਿਹਾ ਹੈ ਕਿ ਜੇਕਰ ਸਬੰਧਤ ਅਧਿਕਾਰੀ ਨੂੰ ਕਿਤੇ ਹੋਰ ਜਾਣਾ ਪਿਆ ਤਾਂ ਕਿਸੇ ਹੋਰ ਅਧਿਕਾਰੀ ਨੂੰ ਡਿਊਟੀ ਲਾ ਕੇ ਇਨ੍ਹਾਂ ਤਿੰਨਾਂ ਕਲਰਕਾਂ ਤੋਂ ਪੁੱਛਗਿੱਛ ਕੀਤੀ ਜਾ ਸਕਦੀ ਸੀ। ਇਨ੍ਹਾਂ ਨੂੰ ਮੰਗਲਵਾਰ ਬੁਲਾਇਆ ਗਿਆ ਹੈ ਅਤੇ ਦੇਖਣਾ ਹੋਵੇਗਾ ਕਿ ਮੰਗਲਵਾਰ ਇਨ੍ਹਾਂ ਤੋਂ ਕੀ ਪੁੱਛਗਿੱਛ ਹੁੰਦੀ ਹੈ। 

ਉਥੇ ਹੀ ਦੂਜੇ ਪਾਸੇ ਆਰ. ਟੀ. ਏ. ਵਿਭਾਗ ਨਾਲ ਸਬੰਧਤ ਸੂਤਰਾਂ ਦਾ ਕਹਿਣਾ ਹੈ ਕਿ  ਅਸਲ ਵਿਚ ਚਾਹੀਦਾ ਤਾਂ ਇਹ ਸੀ ਕਿ ਵਿਜੀਲੈਂਸ ਵਲੋਂ  ਉਨ੍ਹਾਂ ਸਾਰੇ ਆਰ. ਟੀ. ਏ. ਦਫਤਰ ਦੇ ਬਾਬੂਆਂ ਤੋਂ ਪੁੱਛਗਿੱਛ ਕੀਤੀ ਜਾਂਦੀ, ਜਿਨ੍ਹਾਂ ਨੇ ਕਈ ਸਾਲਾਂ ਤੱਕ ਇਕ ਹੀ ਮਲਾਈਦਾਰ ਸੀਟ 'ਤੇ ਬੈਠ ਕੇ ਖੂਬ ਵਹਿੰਦੀ ਗੰਗਾ ਵਿਚ ਹੱਥ ਧੋਏ ਪਰ ਹੈਰਾਨੀ ਦੀ ਗੱਲ  ਇਹ ਹੈ ਕਿ ਕਰੋੜਪਤੀ ਬਾਬੂਆਂ 'ਚੋਂ ਕਿਸੇ  ਨੂੰ ਵੀ ਸੰਮਨ ਨਹੀਂ ਭੇਜੇ ਗਏ। ਇਸ ਮਾਮਲੇ 'ਚ ਕਈ ਦਿਨਾਂ ਤੋਂ ਆਰ. ਟੀ. ਏ. ਦਫਤਰ ਵਿਚ ਇਹ ਹੀ ਚਰਚਾ ਚੱਲ ਰਹੀ ਹੈ ਕਿ ਵਿਜੀਲੈਂਸ ਨੇ ਉਨ੍ਹਾਂ ਕਰਮਚਾਰੀਆਂ ਨੂੰ ਤਾਂ ਪੁੱਛਗਿੱਛ ਲਈ ਬੁਲਾਇਆ ਲਿਆ, ਜੋ ਥੋੜ੍ਹੀ ਦੇਰ ਲਈ ਹੀ ਇਨ੍ਹਾਂ ਮਲਾਈਦਾਰ ਸੀਟਾਂ 'ਤੇ ਆਏ ਹਨ ਪਰ ਜੋ ਸਾਲਾਂ ਤੱਕ ਇਨ੍ਹਾਂ ਮਲਾਈਦਾਰ ਸੀਟਾਂ 'ਤੇ ਤਾਇਨਾਤ ਰਹੇ ਅਤੇ ਹਰ ਪ੍ਰਕਾਰ ਦੇ ਜਾਇਜ਼-ਨਾਜਾਇਜ਼ ਕੰਮ ਕਰਦੇ ਰਹੇ, ਉਨ੍ਹਾਂ ਤੋਂ  ਇਕ ਵਾਰ ਵੀ ਪੁੱਛਗਿੱਛ ਨਹੀਂ ਹੋਈ।  

ਸੂਤਰਾਂ ਅਨੁਸਾਰ ਛੋਟੇ ਫੈਂਸੀ ਨੰਬਰਾਂ ਦੇ ਰਿਕਾਰਡ 'ਚੋਂ ਕਈ ਪੇਜ ਗਾਇਬ ਕਰ ਦਿੱਤੇ ਗਏ, ਉਸ ਮਾਮਲੇ 'ਚ ਵੀ ਕੋਈ ਪੁੱਛਗਿੱਛ ਨਹੀਂ ਕੀਤੀ ਗਈ। ਮ੍ਰਿਤਕ ਲੋਕਾਂ ਦੇ ਨਾਂ 'ਤੇ ਫਰਜ਼ੀ ਬੀਮਾ, ਐੱਫ. ਆਈ. ਆਰ. ਅਤੇ ਫਰਜ਼ੀ ਹਸਤਾਖਰ ਕਰ ਕੇ ਫਰਜ਼ੀ ਐਫੀਡੇਵਿਟ ਲਾ ਕੇ ਅਨੇਕਾਂ ਆਰ. ਸੀਜ਼ ਬਣਾਈਆਂ ਅਤੇ ਵਾਹਨ ਟਰਾਂਸਫਰ ਵਾਲੇ ਕਾਗਜ਼ਾਤ ਬਣਾ ਲਏ ਗਏ ਪਰ ਇਸ ਮਾਮਲੇ ਵਿਚ ਵੀ ਕੋਈ  ਪੁੱਛਗਿੱਛ ਨਹੀਂ ਕੀਤੀ  ਗਈ। ਆਰ. ਟੀ. ਏ. ਦਫਤਰ ਦੇ ਸੂਤਰਾਂ ਮੁਤਾਬਕ ਜੇਕਰ ਵਿਜੀਲੈਂਸ ਵਾਲੇ ਇਸ ਵਿਭਾਗ ਦੇ ਉਨ੍ਹਾਂ ਬਾਬੂਆਂ ਤੋਂ ਪੁੱਛਗਿੱਛ ਕਰਦੇ ਹਨ, ਜਿਨ੍ਹਾਂ ਨੇ ਲੰਮੇ ਸਮੇਂ  ਤੱਕ ਇਕ ਹੀ ਮਲਾਈਦਾਰ ਸੀਟ 'ਤੇ ਬੈਠ ਕੇ ਮੌਜ ਲੁੱਟੀ ਹੈ ਅਤੇ ਕਰੋੜਾਂ ਰੁਪਏ ਅੰਦਰ ਕੀਤੇ ਹਨ, ਤਾਂ ਵਿਭਾਗ ਦੇ ਹੱਥ ਭ੍ਰਿਸ਼ਟਾਚਾਰੀਆਂ ਦੇ ਵੱਡੇ ਚਿੱਠੇ ਲੱਗ ਸਕਦੇ ਹਨ। ਦੇਖਣਾ ਹੋਵੇਗਾ ਕਿ ਮੰਗਲਵਾਰ ਬੁਲਾਏ ਗਏ ਤਿੰਨਾਂ ਕਲਰਕਾਂ ਤੋਂ ਵਿਜੀਲੈਂਸ ਵਲੋਂ ਕੀ ਪੁੱਛਗਿੱਛ ਹੁੰਦੀ ਹੈ ਅਤੇ ਕੀ ਭ੍ਰਿਸ਼ਟਾਚਾਰ ਦੇ ਦੋਸ਼ੀਆਂ ਦੇ ਗਲੇ ਤੱਕ ਵਿਜੀਲੈਂਸ ਦੇ ਹੱਥ ਪਹੁੰਚ ਪਾਉਂਦੇ ਹਨ ਜਾਂ ਨਹੀਂ।


author

shivani attri

Content Editor

Related News