ਵਿਕਾਸ ਕਾਰਜਾਂ ''ਚ ਦੇਰੀ ਅਤੇ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ : ਬਰਾੜ

06/22/2018 7:06:34 AM

ਨਕੋਦਰ, (ਪਾਲੀ)- ਵਿਕਾਸ ਕਾਰਜਾਂ 'ਚ ਦੇਰੀ ਅਤੇ ਭ੍ਰਿਸ਼ਟਾਚਾਰ ਕਿਸੇ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਹ ਵਿਚਾਰ ਅੱਜ ਰੇਲਵੇ ਰੋਡ ਨਕੋਦਰ ਵਿਖੇ ਸੜਕ ਦਾ ਉਦਘਾਟਨ ਕਰਨ ਤੋਂ ਪਹਿਲਾਂ ਕਾਂਗਰਸ 'ਚ ਨਵੇਂ ਸ਼ਾਮਲ ਹੋਏ ਕੌਂਸਲਰ ਨਵਨੀਤ ਨੀਤਾ ਦੇ ਗ੍ਰਹਿ ਵਿਖੇ ਪਹੁੰਚੇ ਸਾਬਕਾ ਵਿਧਾਇਕ ਜਗਬੀਰ ਸਿੰਘ ਬਰਾੜ ਹਲਕਾ ਇੰਚਾਰਜ ਨਕੋਦਰ ਨੇ ਵੱਖ-ਵੱਖ ਪ੍ਰਸ਼ਾਸਨਿਕ ਅਧਿਕਾਰੀਆਂ, ਕਾਂਗਰਸੀ ਆਗੂਆਂ ਤੇ ਵਰਕਰਾਂ ਦੀ ਹਾਜ਼ਰੀ 'ਚ ਲੋਕਾਂ ਦੀਆਂ ਮੁਸ਼ਕਲਾਂ ਸੁਣਨ ਉਪਰੰਤ ਸਾਂਝੇ ਕੀਤੇ। ਉਪਰੰਤ ਜਗਬੀਰ ਸਿੰਘ ਬਰਾੜ ਨੇ ਪਿਛਲੇ ਕਾਫੀ ਸਮੇਂ ਤੋਂ ਖਸਤਾ ਹਾਲਤ ਰੇਲਵੇ ਰੋਡ ਬਣਾਉਣ ਲਈ ਪੁਰਾਣੇ ਕਾਂਗਰਸੀ ਆਗੂ ਚੰਦਰ ਮੋਹਨ ਜੈਨ ਤੋਂ ਕੰਮ ਦਾ ਉਦਘਾਟਨ ਕਰਵਾਇਆ। 
ਉਕਤ ਸੜਕ 'ਤੇ ਸੀਵਰੇਜ ਬੋਰਡ ਵੱਲੋਂ ਕਰੀਬ ਦੋ ਸਾਲ ਪਹਿਲਾਂ ਸੀਵਰੇਜ ਦੇ ਪਾਈਪ ਪਾਏ ਗਏ ਸਨ ਅਤੇ ਪਾਈਪ ਪਾਉਣ ਤੋਂ ਬਾਅਦ ਇਸ ਸੜਕ 'ਤੇ ਰੋੜੇ ਪਾ ਕੇ ਇਸ ਨੂੰ ਅਧੂਰਾ ਛੱਡ ਦਿੱਤਾ ਗਿਆ ਸੀ, ਜਿਸ ਕਾਰਨ ਸ਼ਹਿਰ ਵਾਸੀਆਂ ਅਤੇ ਖਾਸ ਕਰਕੇ ਰੇਲਵੇ ਰੋਡ ਦੇ ਦੁਕਾਨਦਾਰਾਂ ਦਾ ਕੰਮ ਕਾਫੀ ਪ੍ਰਭਾਵਿਤ ਹੋਇਆ ਸੀ। ਅੱਜ ਸ. ਬਰਾੜ ਦੇ ਯਤਨਾਂ ਸਦਕਾ ਇਸ ਸੜਕ ਦਾ ਕੰਮ ਲਗਭਗ 13 ਲੱਖ ਰੁਪਏ ਦੇ ਟੈਂਡਰ ਲਾ ਕੇ ਸ਼ੁਰੂ ਕਰਵਾ ਦਿੱਤਾ ਗਿਆ ਹੈ। 
ਇਸ ਮੌਕੇ ਕਾਂਗਰਸੀ ਆਗੂ ਜਸਬੀਰ ਸਿੰਘ ਉੱਪਲ, ਪ੍ਰਮੋਦ ਭਾਰਦਵਾਜ, ਕੌਂਸਲਰ ਨਵਨੀਤ ਨੀਤਾ, ਤਰਲੋਚਨ ਧੀਮਾਨ ਕੌਂਸਲਰ, ਵਿਜੇ ਕੁਮਾਰ ਪੋਪਲੀ, ਕੌਂਸਲਰ ਅਮਰੀਕ ਸਿੰਘ, ਦਰਸ਼ਨ ਸਿੰਘ ਟਾਹਲੀ, ਹਰਦੇਵ ਸਿੰਘ ਔਜਲਾ ਦਿਹਾਤੀ ਪ੍ਰਧਾਨ, ਸੁਰਿੰਦਰਪਾਲ ਸਿੰਘ ਬੱਬੂ ਭਾਟੀਆ, ਬਲਵਿੰਦਰ ਸਿੰਘ, ਅਸ਼ਵਨੀ ਕੋਹਲੀ, ਸ਼ਹਿਰੀ ਪ੍ਰਧਾਨ ਕਿਰਨਦੀਪ ਧੀਰ, ਕੇ. ਕੇ. ਖੱਟਰ ਐਡਵੋਕੇਟ, ਭੁਪਿੰਦਰ ਟੱਕਰ, ਹਰੀਸ਼ ਸ਼ਰਮਾ, ਦਰਸ਼ਨ ਟਾਹਲੀ, ਸੁਨੀਲ ਟੰਡਨ, ਪ੍ਰਾਣ ਨਾਥ ਕਨੌਜੀਆ, ਪ੍ਰੀਤਮ ਅਰੋੜਾ, ਪ੍ਰੇਮ ਪਾਲ ਸਿੰਘ ਭਾਟੀਆ, ਡੀ. ਐੱਸ. ਪੀ. ਨਕੋਦਰ ਡਾ. ਮੁਕੇਸ਼ ਕੁਮਾਰ, ਕਾਰਜ ਸਾਧਕ ਅਫਸਰ ਸੁਰਜੀਤ ਸਿੰਘ, ਸਦਰ ਥਾਣਾ ਮੁਖੀ ਜਸਵਿੰਦਰ ਸਿੰਘ , ਸਿਟੀ ਥਾਣਾ ਮੁਖੀ ਊਸ਼ਾ ਰਾਣੀ ਆਦਿ ਹਾਜ਼ਰ ਸਨ।
ਵਰਣਨਯੋਗ ਹੈ ਕਿ ਨਗਰ ਕੌਂਸਲ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਰੋੜਾਂ ਰੁਪਏ ਖਰਚ ਕੇ ਸ਼ਹਿਰ ਦੀਆਂ ਸੜਕਾਂ ਅਤੇ ਗਲੀਆਂ ਬਣਾਈਆਂ ਸਨ। ਜਿਨ੍ਹਾਂ ਵਿਚ ਰੇਲਵੇ ਰੋਡ ਦੀ ਨਵੀਂ ਸੜਕ ਬਣਾਉਣ ਉਪਰੰਤ ਦੋਵਾਂ ਸਾਈਡਾਂ ਤੇ ਇੰਟਰਲਾਕਿੰਗ ਟਾਈਲਾਂ ਲਗਾਈਆਂ ਸਨ। ਜਿਸ 'ਤੇ ਨਗਰ ਕੌਂਸਲ ਨੇ ਲੱਖਾਂ ਰੁਪਏ ਖਰਚ ਕੀਤੇ ਸਨ। ਚੋਣਾਂ ਤੋਂ ਪਹਿਲਾਂ ਅਕਾਲੀ-ਭਾਜਪਾ ਸਰਕਾਰ ਨੇ ਲੋਕਾਂ ਨੂੰ ਗੰਦੇ ਪਾਣੀ ਤੋਂ ਨਿਜਾਤ ਦਵਾਉਣ ਲਈ ਸ਼ਹਿਰ 'ਚ ਕਰੀਬ 43 ਲੱਖ ਰੁਪਏ ਦੀ ਲਾਗਤ ਨਾਲ 100 ਫੀਸਦੀ ਸੀਵਰੇਜ ਪਾਉਣ ਦਾ ਕੰਮ ਵੀ ਅਕਤੂਬਰ 2016 'ਚ ਪੰਜਾਬ ਵਾਟਰ ਸਪਲਾਈ ਐਂਡ ਸੀਵਰੇਜ ਬੋਰਡ ਵਲੋਂ ਸ਼ੁਰੂ ਕਰਵਾਇਆ, ਜਿਸ ਦਾ ਉਦਘਾਟਨ ਉਸ ਸਮੇਂ ਹਲਕਾ ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਨੇ ਕੀਤਾ। ਸ਼ਰਤਾਂ ਮੁਤਾਬਕ ਸੀਵਰੇਜ ਬੋਰਡ ਨੇ ਹੀ ਸ਼ਹਿਰ ਵਿਚ ਸੀਵਰੇਜ ਪਾਉਣ ਉਪਰੰਤ ਪੁੱਟੀਆਂ ਸੜਕਾਂ ਬਣਾਉਣੀਆਂ ਸਨ। ਸੀਵਰੇਜ ਬੋਰਡ ਵਲੋਂ ਸ਼ਹਿਰ ਵਿਚ ਸੀਵਰੇਜ ਪਾਉਣ ਲਈ 2016 ਵਿਚ ਕੰਮ ਸਥਾਨਕ ਰੇਲਵੇ ਰੋਡ 'ਤੇ ਨਵੀਂ ਬਣੀ ਸੜਕ ਨੂੰ ਪੁੱਟ ਕੇ ਸ਼ੁਰੂ ਕੀਤਾ ਸੀ ਪਰ ਮੇਨ ਪਾਈਪਾਂ ਪਾਉਣ ਦੇ ਬਾਅਦ ਵਿਭਾਗ ਨੇ ਕਿਸੇ ਕਾਰਨਾਂ ਕਰ ਕੇ ਉਕਤ ਕੰਮ ਬੰਦ ਕਰ ਦਿੱਤਾ ਅਤੇ ਉਕਤ ਪੱਟੀ ਗਈ ਸੜਕ ਵੀ ਨਹੀਂ ਬਣਾਈ। ਜਿਸ ਕਾਰਨ ਲੋਕ ਪਿਛਲੇ ਦੋ ਸਾਲਾਂ ਤੋਂ ਡਾਢੇ ਪਰੇਸ਼ਾਨ ਸਨ ਪਰ ਉਨ੍ਹਾਂ ਦੀ ਸੁਣਨ ਵਾਲਾ ਕੋਈ ਨਹੀਂ ਸੀ। 
ਨਕੋਦਰ ਨਗਰ ਕੌਂਸਲ ਦੀ ਕਾਰਜ-ਪ੍ਰਣਾਲੀ ਫਿਰ ਚਰਚਾ 'ਚ
ਰੇਲਵੇ ਰੋਡ ਸੜਕ ਦੋ ਸਾਲਾਂ 'ਚ ਦੋ ਵਾਰ ਬਣਾ ਕੇ ਲੱਖਾਂ ਰੁਪਏ ਕੀਤੇ ਬਰਬਾਦ ਨਗਰ ਕੌਂਸਲ ਨਕੋਦਰ ਦੀ ਕਾਰਜਪ੍ਰਣਾਲੀ ਜਿੱਥੇ ਪਹਿਲਾਂ ਹੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਉਥੇ ਹੀ ਇਕ ਹੋਰ ਮਾਮਲੇ 'ਚ ਲੋਕਾਂ ਦਾ ਕਹਿਣਾ ਹੈ ਕਿ ਨਗਰ ਕੌਂਸਲ ਵਲੋਂ ਵਿਕਾਸ ਦੇ ਨਾਂ 'ਤੇ ਜਨਤਾ ਦੀ ਖੂਨ ਪਸੀਨੇ ਦੀ ਕਮਾਈ ਨੂੰ ਖੂਹ-ਖਾਤੇ ਵਿਚ ਪਾਇਆ ਜਾ ਰਿਹਾ ਹੈ, ਜਿਸ ਦੀ ਮਿਸਾਲ ਸਥਾਨਕ ਰੇਲਵੇ ਰੋਡ ਦੀ ਸੜਕ ਨੂੰ  ਨਗਰ ਕੌਂਸਲ ਵਲੋਂ ਪਿਛਲੇ ਦੋ ਸਾਲਾਂ 'ਚ ਦੋ ਵਾਰ ਬਣਾ ਕੇ ਲੱਖਾਂ ਰੁਪਏ ਬਰਬਾਦ ਕੀਤੇ ਗਏ। ਜਿਸ ਦੀ ਸਮਾਜ ਸੇਵਕ ਗੌਰਵ ਜੈਨ ਵੱਲੋਂ ਸ਼ਿਕਾਇਤ ਵੀ ਕੀਤੀ ਗਈ ਸੀ, ਜਿਸ ਦੀ ਜਾਂਚ ਚੱਲ ਰਹੀ ਹੈ। 


Related News